Breaking News >> News >> The Tribune


ਗੋਆ ਦੀ ਆਜ਼ਾਦੀ ਬਾਰੇ ਟਿੱਪਣੀ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼: ਚਿਦੰਬਰਮ


Link [2022-02-12 06:13:58]



ਨਵੀਂ ਦਿੱਲੀ, 11 ਫਰਵਰੀ

ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਨੁਕਤਾਚੀਨੀ ਕਿ ਗੋਆ ਨੂੰ ਜਵਾਹਰਲਾਲ ਨਹਿਰੂ ਕਰਕੇ ਦੇਰ ਨਾਲ ਆਜ਼ਾਦੀ ਮਿਲੀ, ਅਸਲ ਵਿੱਚ 'ਇਤਿਹਾਸ ਨੂੰ ਤੋੜ-ਮਰੋੜ ਦੇ ਪੇਸ਼ ਕਰਨ ਦੀ ਬੇਬਾਕ ਕੋਸ਼ਿਸ਼' ਹੈ। ਚਿਦੰਬਰਮ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਗੋਆ ਨੂੰ ਆਜ਼ਾਦ ਕਰਵਾਉਣ ਲਈ ਵਾਜਬ ਸਮੇਂ 'ਤੇ ਦਖ਼ਲ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੂਜੀ ਆਲਮੀ ਜੰਗ ਮਗਰੋਂ ਨਾ ਤਾਂ ਵਿਸ਼ਵ ਅਤੇ ਨਾ ਹੀ ਆਜ਼ਾਦ ਭਾਰਤ ਦੇ ਇਤਿਹਾਸ (1947-1960) ਬਾਰੇ ਕੋਈ ਜਾਣਕਾਰੀ ਹੈ। ਦੇਸ਼ ਦੇ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਰਹੇ ਚਿਦੰਬਰਮ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ ਕਿ ਗੋਆ ਅਸੈਂਬਲੀ ਦੀਆਂ ਅਗਾਮੀ ਚੋਣਾਂ ਵਿੱਚ ਜਿੱਤਣ ਵਾਲੇ ਕਾਂਗਰਸ ਪਾਰਟੀ ਦੇ ਕਿਸੇ ਵੀ ਵਿਧਾਇਕ ਦੀ ਐਤਕੀਂ ਭਾਜਪਾ ਵੱਲੋਂ ਖਰੀਦੋ-ਫਰੋਖ਼ਤ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ 'ਚੋਰ' ਅਜੇ ਵੀ ਬਾਹਰ ਘੁੰਮ ਰਹੇ ਹਨ, ਪਰ ਉਨ੍ਹਾਂ ਆਪਣੇ ਘਰ ਨੂੰ ਸੁਰੱਖਿਅਤ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਐਤਕੀਂ ਲੋਕ ਇਨ੍ਹਾਂ (ਚੋਰਾਂ) ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਹਰ ਲੰਘਦੇ ਦਿਨ ਨਾਲ ਵੋਟਰਾਂ ਨੂੰ ਇਹ ਗੱਲ ਸਾਫ਼ ਹੁੰਦੀ ਜਾ ਰਹੀ ਹੈ ਕਿ ਉਨ੍ਹਾਂ ਭਾਜਪਾ ਜਾਂ ਕਾਂਗਰਸ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੈ ਅਤੇ ਆਮ ਆਦਮੀ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਜਿਹੀਆਂ 'ਛੋਟੀਆਂ ਪਾਰਟੀਆਂ' ਭਾਜਪਾ ਖ਼ਿਲਾਫ਼ ਪੈਣ ਵਾਲੀਆਂ ਵੋਟਾਂ 'ਤੋੜਨਗੀਆਂ'। ਚਿਦੰਬਰਮ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਮੁੱਖ ਮੰਤਰੀ ਚਿਹਰਾ ਐਲਾਨੇ ਜਾਣਾ 'ਕੋਈ ਕਾਰਕ' ਨਹੀਂ ਹੈ। ਉਨ੍ਹਾਂ ਕਿਹਾ ਕਿ ਨਹਿਰੂ ਨੇ ਗੋਆ ਨੂੰ ਆਜ਼ਾਦ ਕਰਵਾਉਣ ਲਈ ਸਹੀ ਸਮੇਂ 'ਤੇ ਦਖ਼ਲ ਦਿੱਤਾ ਤੇ ਇਹੀ ਵਜ੍ਹਾ ਹੈ ਕਿ ਗੋਆ 'ਚ ਕੀਤੀ ਫ਼ੌਜੀ ਕਾਰਵਾਈ ਖਿਲਾਫ਼ ਇਕ ਆਵਾਜ਼ ਤੱਕ ਨਹੀਂ ਉੱਠੀ। ਉਨ੍ਹਾਂ ਕਿਹਾ ਕਿ ਗੋਆ ਅੱਜ ਇਕ ਆਜ਼ਾਦ ਰਾਜ ਵਜੋਂ ਵਿਚਰ ਰਿਹੈ, ਜਿਸ ਲਈ ਨਹਿਰੂ ਨੂੰ ਧੰਨਵਾਦ ਕਰਨਾ ਬਣਦਾ ਹੈ। -ਪੀਟੀਆਈ



Most Read

2024-09-23 00:35:49