World >> The Tribune


ਹਿੰਦ-ਪ੍ਰਸ਼ਾਂਤ ਖਿੱਤੇ ਦੀਆਂ ਘਟਨਾਵਾਂ ਤੈਅ ਕਰਨਗੀਆਂ ਸਦੀ ਦਾ ਰੁਖ਼: ਬਲਿੰਕਨ


Link [2022-02-11 20:36:16]



ਕੈਨਬਰਾ (ਆਸਟਰੇਲੀਆ), 10 ਫਰਵਰੀ

ਅਮਰੀਕਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਦੀਆਂ ਚਿੰਤਾਵਾਂ ਦੇ ਬਾਵਜੂਦ ਅਮਰੀਕਾ ਦਾ ਧਿਆਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਆਪਣੇ ਲੰਮੇ ਸਮੇਂ ਦੇ ਹਿੱਤਾਂ 'ਤੇ ਕੇਂਦਰਿਤ ਹੈ, ਜਿੱਥੇ ਵਾਪਰਨ ਵਾਲੀਆਂ ਘਟਨਾਵਾਂ ਸਦੀ ਦਾ ਰੁਖ ਤੈਅ ਕਰਨਗੀਆਂ। ਬਲਿੰਕਨ ਇਸ ਸਮੇਂ ਆਸਟਰੇਲੀਆ ਦੇ ਮੈਲਬਰਨ ਵਿੱਚ ਹਨ, ਜਿੱਥੇ ਸ਼ੁੱਕਰਵਾਰ 11 ਫਰਵਰੀ ਨੂੰ ਉਨ੍ਹਾਂ ਦੀ ਆਪਣੇ ਆਸਟਰੇਲਿਆਈ, ਭਾਰਤੀ ਅਤੇ ਜਪਾਨੀ ਹਮਰੁਤਬਾਵਾਂ ਦੀ ਬੈਠਕ ਹੋਣੀ ਹੈ। ਇਹ ਚਾਰ ਮੁਲਕ ਹਿੰਦ-ਪ੍ਰਸ਼ਾਂਤ ਦੇਸ਼ਾਂ ਦੇ ਗੱਠਜੋੜ 'ਕੁਆਡ' ਦਾ ਹਿੱਸਾ ਹਨ, ਜਿਸ ਨੂੰ ਚੀਨ ਦੇ ਵਧਦੇ ਖੇਤਰੀ ਪ੍ਰਭਾਵ ਦੇ ਟਾਕਰੇ ਦੇ ਮਕਸਦ ਨਾਲ ਕਾਇਮ ਕੀਤਾ ਗਿਆ ਹੈ।

ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਆਸਟਰੇਲੀਆ ਪਹੁੰਚਣ ਮਗਰੋਂ ਆਪਣੇ ਪਹਿਲੇ ਜਨਤਕ ਸੰਬੋਧਨ 'ਚ ਕਿਹਾ, ''ਦੁਨੀਆ ਵਿੱਚ ਕਈ ਹੋਰ ਪ੍ਰਕਾਰ ਦੀਆਂ ਚੀਜ਼ਾਂ ਚੱਲ ਰਹੀਆਂ ਹਨ। ਰੂੁਸ ਵੱਲੋਂ ਯੂਕਰੇਨ 'ਤੇ ਸੰਭਾਵਿਤ ਹਮਲਾ ਸਾਡੇ ਲਈ ਇੱਕ ਚੁਣੌਤੀ ਹੈ। ਅਸੀਂ ਉਸ 'ਤੇ ਦਿਨ ਰਾਤ ਕੰਮ ਰਹੇ ਹਾਂ।'' ਉਨ੍ਹਾਂ ਕਿਹਾ, ''ਪਰ ਸਾਨੂੰ ਪਤਾ ਹੈ ਕਿ ਰਾਸ਼ਟਰਪਤੀ ਕਿਸੇ ਹੋਰ ਤੋਂ ਵੱਧ ਇਸ ਗੱਲ ਨੂੰ ਸਮਝਦੇ ਹਨ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜੋ ਕੁਝ ਵੀ ਵਾਪਰੇਗਾ, ਉਸ ਤੋਂ ਇਸ ਸਦੀ ਦਾ ਰੁਖ ਤੈਅ ਹੋਵੇਗਾ।''

ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਹੈ, ਜਿੱਥੋਂ ਪਿਛਲੇ ਪੰਜ ਸਾਲਾਂ ਵਿੱਚ ਆਲਮੀ ਅਰਥਵਿਵਸਥਾ ਵਿੱਚ ਹੋਏ ਵਾਧੇ ਦਾ ਦੋ ਤਿਹਾਈ ਹਿੱਸਾ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਖਿੱਤੇ ਵਿੱਚ ਮਾਇਨੇ ਰੱਖਣ ਵਾਲੀ ਹਰ ਗੱਲ ਪੂਰੇ ਵਿਸ਼ਵ ਲਈ ਮਾਇਨੇ ਰੱਖਦੀ ਹੈ ਜਿਵੇਂ ਕਿ ਜਲਵਾਯੂ ਤਬਦੀਲੀ ਅਤੇ ਕਰੋਨਾ ਨਾਲ ਕੋਈ ਵੀ ਇਕੱਲਾ ਦੇਸ਼ ਟਾਕਰਾ ਨਹੀਂ ਕਰ ਸਕਦਾ। ਬਲਿੰਕਨ ਨੇ ਕਿਹਾ, ''ਇਨ੍ਹਾਂ ਮਸਲਿਆਂ ਨਾਲ ਨਜਿੱਠਣ ਲਈ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਭਾਈਵਾਲੀ, ਆਪਣੀਆਂ ਕੋਸ਼ਿਸ਼ਾਂ ਕਰਨ ਵਾਲੇ ਮੁਲਕਾਂ ਦੇ ਗੱਠਜੋੜ, ਉਨ੍ਹਾਂ ਦੇ ਸਰੋਤਾਂ ਅਤੇ ਵਿਚਾਰਾਂ ਦੀ ਲੋੜ ਹੈ।'' -ਏਪੀ



Most Read

2024-09-21 10:35:31