Economy >> The Tribune


ਕ੍ਰਿਪਟੋਕਰੰਸੀ ਵਿੱਤੀ ਸਥਿਰਤਾ ਲਈ ਖਤਰਾ: ਆਰਬੀਆਈ


Link [2022-02-11 20:36:13]



ਮੁੰਬਈ, 10 ਫਰਵਰੀ

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਸਾਫ਼ ਕਰ ਦਿੱਤਾ ਕਿ ਨਿੱਜੀ ਕ੍ਰਿਪਟੋਕਰੰਸੀਆਂ ਮੈਕਰੋਇਕਨੌਮਿਕਸ ਤੇ ਵਿੱਤੀ ਸਥਿਰਤਾ ਲਈ ਵੱਡਾ ਖ਼ਤਰਾ ਹਨ ਤੇ ਇਨ੍ਹਾਂ ਦੋਵਾਂ ਮੋਰਚਿਆਂ 'ਤੇ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਉਸ ਦੀ ਸਮਰੱਥਾ ਇਸ ਨਾਲ ਕਮਜ਼ੋਰ ਹੁੰਦੀ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਖ਼ਬਰਦਾਰ ਕੀਤਾ ਕਿ ਅਜਿਹੇ ਅਸਾਸਿਆਂ ਦਾ ਇਕ ਟਿਊਲਿਪ ਜਿੰਨਾ ਵੀ ਕੋਈ ਬੁਨਿਆਦੀ ਮੁੱਲ ਨਹੀਂ ਹੈ। ਆਰਬੀਆਈ ਪਹਿਲਾਂ ਵੀ ਅਜਿਹੇ ਅਸਾਸਿਆਂ ਬਾਰੇ ਆਪਣੀ ਫਿਕਰਮੰਦੀ ਜ਼ਾਹਿਰ ਕਰ ਚੁੱਕਾ ਹੈ, ਪਰ ਐਤਕੀਂ ਇਹ ਟਿੱਪਣੀ ਇਸ ਲਈ ਵੀ ਅਹਿਮ ਹੈ ਕਿ ਕਿਉਂਕਿ ਪਿਛਲੇ ਹਫ਼ਤੇ ਪੇਸ਼ ਕੇਂਦਰੀ ਬਜਟ ਵਿੱਚ ਅਜਿਹੇ ਅਸਾਸਿਆਂ ਤੋਂ ਮਿਲਣ ਵਾਲੇ ਲਾਭ/ਮੁਨਾਫ਼ੇ 'ਤੇ 30 ਫੀਸਦ ਟੈਕਸ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। -ਪੀਟੀਆਈ

ਆਰਬੀਆਈ ਨੇ ਨਾ ਬਦਲੀਆਂ ਨੀਤੀਗਤ ਵਿਆਜ ਦਰਾਂ

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਹਿਮ ਨੀਤੀਗਤ ਵਿਆਜ ਦਰਾਂ ਵਿੱਚ ਇਕ ਵਾਰ ਫਿਰ ਕਿਸੇ ਤਰ੍ਹਾਂ ਦੇ ਫ਼ੇਰਬਦਲ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਅੱਜ ਸਮੀਖਿਆ ਮੀਟਿੰਗ ਦੌਰਾਨ ਰੈਪੋ ਦਰ ਨੂੰ 4 ਫੀਸਦ ਤੇ ਰਿਵਰਸ ਰੈਪੋ ਦਰ ਨੂੰ 3.35 ਫੀਸਦ 'ਤੇ ਹੀ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਅੱਜ ਲਗਾਤਾਰ ਆਪਣੀ 10ਵੀਂ ਮੀਟਿੰਗ ਵਿੱਚ ਵਿਆਜ ਦਰਾਂ ਨੂੰ ਰਿਕਾਰਡ ਹੇਠਲੇ ਪੱਧਰ 'ਤੇ ਬਰਕਰਾਰ ਰੱਖਣ ਦਾ ਫੈਸਲਾ ਲਿਆ ਹੈ। ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਨੇ ਸਰਬਸੰਮਤੀ ਨਾਲ ਰੈਪੋ ਦਰ (ਜਿਸ ਦਰ 'ਤੇ ਆਰਬੀਆਈ ਬੈਂਕਾਂ ਨੂੰ ਪੈਸਾ ਉਧਾਰ ਦਿੰਦਾ ਹੈ) ਵਿੱਚ ਫੇਰਬਦਲ ਨਾ ਕੀਤੇ ਜਾਣ ਦੇ ਹੱਕ ਵਿੱਚ ਵੋਟ ਪਾਈ ਜਦੋਂਕਿ 5-1 ਦੇ ਬਹੁਮੱਤ ਨਾਲ ਲੋੜ ਤੇ ਹਾਲਾਤ ਮੁਤਾਬਕ ਨੀਤੀਗਤ ਵਿਆਜ ਦਰਾਂ ਨੂੰ ਲੈ ਕੇ ਉਦਾਰ ਰੁਖ਼ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਵਿਆਜ ਦਰਾਂ 'ਚ ਫੇਰਬਦਲ ਨਾ ਕੀਤੇ ਜਾਣ ਦਾ ਅਰਥ ਹੈ ਬੈਂਕ ਕਰਜ਼ਿਆਂ ਦੀਆਂ ਮਾਸਿਕ ਕਿਸ਼ਤਾਂ 'ਚ ਕੋਈ ਫੇਰਬਦਲ ਨਹੀਂ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, ''ਮੁਦਰਾ ਨੀਤੀ ਦੇ ਮਾਮਲੇ ਵਿੱਚ ਪੇਸ਼ਕਦਮੀ ਸੋਚ ਸਮਝ ਕੇ ਕੀਤੀ ਜਾਵੇਗੀ ਤੇ ਚੀਜ਼ਾਂ ਬਾਰੇ ਸਮਾਂ ਰਹਿੰਦਿਆਂ ਜਾਣਕਾਰੀ ਦੇਵਾਂਗੇ।'' ਦਾਸ ਨੇ ਇਸ਼ਾਰਾ ਕੀਤਾ ਕਿ ਕੇਂਦਰੀ ਬੈਂਕ ਅਜਿਹਾ ਕੋਈ ਕਦਮ ਨਹੀਂ ਚੁੱਕੇਗਾ, ਜਿਸ ਨਾਲ ਕਿਸੇ ਨੂੰ ਕੋਈ ਹੈਰਾਨੀ ਹੋਵੇ। ਉਨ੍ਹਾਂ ਕਿਹਾ, ''ਮਹਿੰਗਾਈ ਦਰ ਵਿੱਚ ਸੁਧਾਰ, ਓਮੀਕਰੋਨ ਨੂੰ ਲੈ ਕੇ ਬੇਯਕੀਨੀ ਤੇ ਆਲਮੀ ਸੰਕਟ ਦੇ ਅਸਰ 'ਤੇ ਗੌਰ ਕਰਦਿਆਂ ਮੁਦਰਾ ਨੀਤੀ ਕਮੇਟੀ (ਐੱਮਸੀਪੀ) ਦਾ ਵਿਚਾਰ ਸੀ ਕਿ ਟਿਕਾਊ ਤੇ ਵਿਆਪਕ ਸੁਧਾਰਾਂ ਲਈ ਨੀਤੀਗਤ ਹਮਾਇਤ ਦੀ ਅਜੇ ਲੋੜ ਹੈ।'' ਕਾਬਿਲੇਗੌਰ ਹੈ ਕਿ ਰੈਪੋ ਦਰਾਂ ਵਿੱਚ ਕਿਸੇ ਤਰ੍ਹਾਂ ਦਾ ਫੇਰਬਦਲ ਨਾ ਕੀਤੇ ਜਾਣ ਦੀ ਪਹਿਲਾਂ ਤੋਂ ਉਮੀਦ ਸੀ, ਪਰ ਕੁਝ ਆਰਥਿਕ ਮਾਹਿਰਾਂ ਨੂੰ ਰਿਵਰਸ ਰੈਪੋ ਦਰਾਂ ਵਧਣ ਦੀ ਆਸ ਸੀ। ਆਰਬੀਆਈ ਨੇ ਵਿੱਤੀ ਸਾਲ 2022-23 ਲਈ ਆਰਥਿਕ ਵਿਕਾਸ ਦਰ 7.8 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ, ਜੋ ਕਿ ਮੌਜੂਦਾ ਵਿੱਤੀ ਸਾਲ 2021-22 ਦੇ 9.2 ਫੀਸਦ ਦੇ ਅਨੁਮਾਨ ਨਾਲੋਂ ਘੱਟ ਹੈ। ਇਸ ਦੀ ਵਜ੍ਹਾ ਮਹਾਮਾਰੀ ਕਰਕੇ ਪੈਦਾ ਹੋਈ ਬੇਯਕੀਨੀ ਤੇ ਆਲਮੀ ਪੱਧਰ 'ਤੇ ਜਿਣਸਾਂ ਦੇ ਭਾਅ ਵਿੱਚ ਆਈ ਤੇਜ਼ੀ ਹੈ। ਕੇਂਦਰੀ ਬੈਂਕ ਨੇ ਅਗਲੇ ਵਿੱਤੀ ਸਾਲ ਵਿੱਚ ਮਹਿੰਗਾਈ ਦਰ ਦੇ 4.5 ਫੀਸਦ ਰਹਿਣ ਦੀ ਸੰਭਾਵਨਾ ਜਤਾਈ ਹੈ, ਜਿਸ ਦੇ ਮੌਜੂਦਾ ਵਿੱਤੀ ਸਾਲ ਵਿੱਚ 5.3 ਫੀਸਦ ਰਹਿਣ ਦਾ ਅਨੁਮਾਨ ਹੈ। ਮੁੱਖ ਰੂਪ ਵਿੱਚ ਖੁਰਾਕੀ ਵਸਤਾਂ ਮਹਿੰਗੀਆਂ ਹੋਣ ਨਾਲ ਪ੍ਰਚੂਨ ਮਹਿੰਗਾਈ ਦਰ ਦਸੰਬਰ ਮਹੀਨੇ ਪੰਜ ਮਹੀਨੇ ਦੇ ਸਿਖਰਲੇ ਪੱਧਰ 5.59 ਫੀਸਦ ਹੋ ਗਈ, ਜੋ ਨਵੰਬਰ ਵਿੱਚ 4.91 ਫੀਸਦ ਸੀ। ਉਧਰ ਥੋਕ ਮਹਿੰਗਾਈ ਦਰ ਮਾਮੂਲੀ ਨਿਘਾਰ ਨਾਲ 13.56 ਫੀਸਦ ਰਹੀ। ਹਾਲਾਂਕਿ ਇਹ ਲਗਾਤਾਰ ਨੌਂ ਮਹੀਨਿਆਂ ਤੋਂ ਦੋਹਰੇ ਅੰਕੜੇ ਵਿੱਚ ਬਣੀ ਹੋਈ ਹੈ। -ਪੀਟੀਆਈ



Most Read

2024-09-20 04:34:39