Breaking News >> News >> The Tribune


ਯੂਪੀ ਨੂੰ ਦੰਗਾ-ਮੁਕਤ ਰੱਖਣ ਲਈ ਭਾਜਪਾ ਸਰਕਾਰ ਦੀ ਲੋੜ: ਮੋਦੀ


Link [2022-02-11 20:36:11]



ਸਹਾਰਨਪੁਰ (ਯੂਪੀ), 10 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਾਰਟੀ ਦੰਗਾਈਆਂ ਤੇ ਮਾਫ਼ੀਆ ਦੀ ਹਮਾਇਤ ਕਰਦੀ ਹੈ ਤੇ ਪੱਛਮੀ ਯੂਪੀ ਦੀਆਂ ਅਸੈਂਬਲੀ ਚੋਣਾਂ ਲਈ ਸਪਾ ਨੇ ਅਪਰਾਧੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸ੍ਰੀ ਮੋਦੀ ਚੋਣ ਤਰੀਕਾਂ ਦੇ ਐਲਾਨ ਮਗਰੋਂ ਸਹਾਰਨਪੁਰ ਵਿੱਚ ਆਪਣੀ ਪਲੇਠੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਯੁੂਪੀ ਨੂੰ ਦੰਗਾ-ਮੁਕਤ ਰੱਖਣ ਤੇ ਮੁਸਲਿਮ ਔਰਤਾਂ 'ਤੇ ਹੁੰਦੇ ਜ਼ੁਲਮਾਂ ਨੂੰ ਰੋਕਣ ਲਈ ਆਦਿੱਤਿਆਨਾਥ ਸਰਕਾਰ ਦੀ ਲੋੜ ਸੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ 7 ਫਰਵਰੀ ਨੂੰ ਬਿਜਨੌਰ 'ਚ ਰੈਲੀ ਨੂੰ ਸੰਬੋਧਨ ਕਰਨਾ ਸੀ, ਪਰ ਖਰਾਬ ਮੌਸਮ ਕਰਕੇ ਉਹ ਉਥੇ ਨਹੀਂ ਪੁੱਜ ਸਕੇ। ਸਹਾਨਪੁਰ ਹਲਕੇ ਵਿੱਚ ਦੂਜੇ ਗੇੜ ਤਹਿਤ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ''ਇਨ੍ਹਾਂ ਚੋਣਾਂ ਵਿੱਚ ਹੁਣ ਮਾਫ਼ੀਆਵਾਦੀਆਂ ਨੇ ਸਹਾਰਨਪੁਰ ਦੰਗਿਆਂ ਦੇ ਵੱਡੇ ਦੋਸ਼ੀਆਂ ਨੂੰ ਆਪਣਾ ਭਾਈਵਾਲ ਬਣਾ ਲਿਆ ਹੈ। ਅਤੇ ਇਹ ਅਮਲ ਸਿਰਫ਼ ਸਹਾਰਨਪੁਰ ਤੱਕ ਸੀਮਤ ਨਹੀਂ ਹੈ। ਪੂਰੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਨ੍ਹਾਂ ਲੋਕਾਂ ਨੇ ਮਿੱਥ ਕੇ ਅਪਰਾਧੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੇਸ਼-ਵਿਰੋਧੀਆਂ ਵੱਲੋਂ ਇਨ੍ਹਾਂ ਦੇ ਨਾਵਾਂ ਦੀ ਤਜਵੀਜ਼ ਰੱਖੀ ਜਾ ਰਹੀ ਹੈ।'' ਸਾਲ 2017 ਅਸੈਂਬਲੀ ਚੋਣਾਂ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ, ''ਮੁਜ਼ੱਫ਼ਰਨਗਰ ਵਿੱਚ ਜੋ ਕੁਝ ਹੋਇਆ ਉਹ ਇਹ ਕਲੰਕ ਸੀ, ਪਰ ਜੋ ਕੁਝ ਇਥੇ ਸਹਾਰਨਪੁਰ ਵਿੱਚ ਹੋਇਆ ਉਹ ਵੀ ਡਰਾਉਣ ਵਾਲਾ ਸੀ। ਸਹਾਰਨਪੁਰ ਦੰਗੇ ਇਸ ਗੱਲ ਦਾ ਸਬੂਤ ਸੀ ਕਿ ਕਿਵੇਂ ਲੋਕਾਂ ਨੂੰ ਸਿਆਸੀ ਸਰਪ੍ਰਸਤੀ ਹੇਠ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਜਿਹੀਆਂ ਕਾਰਵਾਈਆਂ ਕਰਕੇ ਹੀ ਤੁਸੀਂ 2017 ਵਿੱਚ ਦੰਗਾਈਆਂ ਨੂੰ ਸਬਕ ਸਿਖਾਇਆ ਸੀ।'' ਮੁਜ਼ੱਫਰਨਗਰ ਦੰਗੇ 2013 ਤੇ ਸਹਾਰਨਪੁਰ ਫ਼ਿਰਕੂ ਹਿੰਸਾ ਜੁਲਾਈ 2014 ਵਿੱਚ ਹੋਈ ਸੀ।

ਪ੍ਰਧਾਨ ਮੰਤਰੀ ਨੇ ਤਿੰਨ ਤਲਾਕ ਦਾ ਜ਼ਿਕਰ ਕਰਦਿਆਂ ਕਿਹਾ, ''ਸਾਡੀ ਸਰਕਾਰ ਹੱਕਾਂ ਤੋਂ ਵਿਹੂਣੇ ਹਰ ਵਿਅਕਤੀ, ਪੀੜਤ ਮੁਸਲਿਮ ਮਹਿਲਾਵਾਂ ਨਾਲ ਖੜ੍ਹਦੀ ਹੈ। ਕੋਈ ਵੀ ਮੁਸਲਿਮ ਔਰਤਾਂ ਨੂੰ ਦਬਾ ਨਹੀਂ ਸਕਦਾ ਤੇ ਇਸ ਲਈ ਯੋਗੀਜੀ ਦੀ ਸਰਕਾਰ ਜ਼ਰੂਰੀ ਹੈ।'' ਯੂਪੀ ਵਿੱਚ ਔਰਤਾਂ ਨੂੰ ਖ਼ੌਫ਼ ਮੁਕਤ ਰੱਖਣ ਤੇ ਅਪਰਾਧੀਆਂ ਨੂੰ ਜੇਲ੍ਹਾਂ ਵਿੱਚ ਡਕਣ ਲਈ ਭਾਜਪਾ ਸਰਕਾਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯੂਪੀ 'ਚ ਭਾਜਪਾ ਸਰਕਾਰ ਜ਼ਰੂਰੀ ਹੈ ਤਾਂ ਕਿ ਗਰੀਬਾਂ ਨੂੰ ਮਹਾਮਾਰੀ ਦੌਰਾਨ ਮੁਫ਼ਤ ਰਾਸ਼ਨ ਤੇ ਮੁਫ਼ਤ ਕਰੋਨਾਵਾਇਰਸ ਵੈਕਸੀਨ ਮਿਲਦੀ ਰਹੇ। ਉਨ੍ਹਾਂ ਸਪਾ ਦੇ ਹਵਾਲੇ ਨਾਲ ਕਿਹਾ ਕਿ ''ਜੇਕਰ ਇਹ 'ਘੋਰ ਪਰਿਵਾਰਵਾਦੀ'' ਸਰਕਾਰ ਵਿੱਚ ਹੁੰਦੇ ਤਾਂ ਸ਼ਾਇਦ ਵੈਕਸੀਨ ਰਾਹ ਵਿੱਚ ਹੀ ਕਿਤੇ ਵੇਚ ਦਿੱਤੀ ਜਾਂਦੀ।'' ਉਨ੍ਹਾਂ ਕੋਵਿਡ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਕੀਤੇ ਕੰਮਾਂ 'ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਸਰਕਾਰ ਨੇ ਕਿਸੇ ਵੀ ਗਰੀਬ ਨੂੰ ਭੁੱਖਾ ਸੌਣ ਨਹੀਂ ਦਿੱਤਾ। ਯੂੁਪੀ ਦੇ ਵੱਡੀ ਗਿਣਤੀ ਦਲਿਤ ਤੇ ਪੱਛੜੇ ਵਰਗ ਨਾਲ ਸਬੰਧਤ ਲੋਕਾਂ ਨੂੰ ਮੁਫ਼ਤ ਰਾਸ਼ਨ ਦਾ ਦੋਹਰਾ ਫਾਇਦਾ ਮਿਲ ਰਿਹਾ ਹੈ। -ਪੀਟੀਆਈ

'ਵਿਰੋਧੀ ਵੀ ਜਨਰਲ ਰਾਵਤ ਦਾ ਕੱਟਆਊਟ ਵਰਤਣ ਲੱਗੇ'

ਸ੍ਰੀਨਗਰ (ਉੱਤਰਾਖੰਡ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਜਦੋਂ ਜਿਊਂਦੇ ਸਨ ਤਾਂ ਕਾਂਗਰਸ ਉਨ੍ਹਾਂ ਨੂੰ ਮੰਦਾ ਚੰਗਾ ਬੋਲਦੀ ਰਹੀ, ਪਰ ਹੁਣ ਵੋਟਾਂ ਲਈ ਪਾਰਟੀ ਉਨ੍ਹਾਂ ਦੇ ਕੱਟ-ਆਊਟ ਵਰਤ ਰਹੀ ਹੈ। ਉੱਤਰਾਖੰਡ ਦੇ ਸ੍ਰੀਨਗਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਉਹੀ ਕਾਂਗਰਸ ਹੈ, ਜੋ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੀਆਂ ਛੁਪਣਗਾਹਾਂ 'ਤੇ ਕੀਤੇ ਸਰਜੀਕਲ ਹਮਲਿਆਂ ਦਾ ਸਬੂਤ ਮੰਗਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਕ ਆਗੂ ਨੇ ਤਾਂ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਰਾਵਤ ਨੂੰ 'ਸੜਕ ਦਾ ਗੁੰਡਾ' ਤੱਕ ਆਖ ਦਿੱਤਾ ਸੀ। -ਪੀਟੀਆਈ



Most Read

2024-09-23 02:26:44