Breaking News >> News >> The Tribune


ਪ੍ਰਧਾਨ ਮੰਤਰੀ ਨੇ ਮਿਸ਼ਰਾ ਤੋਂ ਅਸਤੀਫ਼ਾ ਕਿਉਂ ਨਹੀਂ ਲਿਆ: ਪ੍ਰਿਯੰਕਾ


Link [2022-02-11 20:36:11]



ਨੋਇਡਾ/ਰਾਮਪੁਰ: ਲਖੀਮਪੁਰ ਖੀਰੀ ਕੇਸ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਅਸਤੀਫ਼ਾ ਨਾ ਲਏ ਜਾਣ ਲਈ ਨਰਿੰਦਰ ਮੋਦੀ 'ਤੇ ਵਰ੍ਹਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੇਸ਼ ਪ੍ਰਤੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ। ਰਾਮਪੁਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ,''ਮੋਦੀ ਦੇ ਮੰਤਰੀ ਦੇ ਪੁੱਤਰ ਨੇ ਛੇ ਕਿਸਾਨਾਂ ਨੂੰ ਦਰੜ ਦਿੱਤਾ ਸੀ ਪਰ ਕੀ ਉਸ ਨੇ ਅਸਤੀਫ਼ਾ ਦਿੱਤਾ? ਸਾਰੇ ਆਖਦੇ ਹਨ ਕਿ ਸਾਡਾ ਪ੍ਰਧਾਨ ਮੰਤਰੀ ਬਹੁਤ ਵਧੀਆ ਵਿਅਕਤੀ ਹੈ ਤਾਂ ਫਿਰ ਉਸ ਨੇ ਆਪਣੇ ਮੰਤਰੀ ਦਾ ਅਸਤੀਫ਼ਾ ਕਿਉਂ ਨਹੀਂ ਲਿਆ? ਕੀ ਉਨ੍ਹਾਂ ਦੀ ਦੇਸ਼ ਪ੍ਰਤੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਹੈ?'' ਕਾਂਗਰਸ ਆਗੂ ਨੇ ਕਿਹਾ ਕਿ ਅੱਜ ਉਸ ਵਿਅਕਤੀ (ਆਸ਼ੀਸ਼ ਮਿਸ਼ਰਾ) ਨੂੰ ਜ਼ਮਾਨਤ ਮਿਲ ਗਈ ਹੈ ਅਤੇ ਉਹ ਛੇਤੀ ਹੀ ਸ਼ਰੇਆਮ ਘੁੰਮੇਗਾ ਜਿਸ ਨੇ ਕਿਸਾਨਾਂ ਨੂੰ ਵਾਹਨ ਹੇਠਾਂ ਦਰੜਿਆ ਸੀ। 'ਪਰ ਸਰਕਾਰ ਕਿਸ ਨੂੰ ਬਚਾ ਰਹੀ ਹੈ? ਕੀ ਉਸ ਨੇ ਕਿਸਾਨਾਂ ਨੂੰ ਬਚਾਇਆ? ਪੁਲੀਸ ਅਤੇ ਪ੍ਰਸ਼ਾਸਨ ਉਦੋਂ ਕਿੱਥੇ ਸੀ ਜਦੋਂ ਕਿਸਾਨਾਂ ਨੂੰ ਮਾਰਿਆ ਗਿਆ?'

ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਲਖੀਮਪੁਰ ਖੀਰੀ ਘਟਨਾ ਸਮੇਂ ਪੁਲੀਸ ਕਿਤੇ ਵੀ ਨਜ਼ਰ ਨਹੀਂ ਆਈ ਪਰ ਜਦੋਂ ਕਾਂਗਰਸ ਆਗੂਆਂ ਨੇ ਪੀੜਤ ਪਰਿਵਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰੋਕਣ ਲਈ ਪੁਲੀਸ ਮੌਜੂਦ ਸੀ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ ਕਰਵਾਉਣ ਵਾਲੇ ਦਾ ਪਿਤਾ ਅੱਜ ਸਟੇਜਾਂ 'ਤੇ ਖੜ੍ਹਾ ਹੁੰਦਾ ਹੈ। ਪ੍ਰਧਾਨ ਮੰਤਰੀ ਦੀ ਮੁਲਕ ਪ੍ਰਤੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਜ਼ਿੰਮੇਵਾਰੀ ਪੂਰੀ ਕਰਨਾ ਉਨ੍ਹਾਂ ਦਾ ਧਰਮ ਬਣਦਾ ਹੈ। ਇਹ ਧਰਮ ਹਰੇਕ ਧਰਮ ਨਾਲੋਂ ਵੱਡਾ ਹੈ। ਜਿਹੜਾ ਕੋਈ ਵੀ ਸਿਆਸਤਦਾਨ, ਪ੍ਰਧਾਨ ਮੰਤਰੀ ਜਾਂ ਸਰਕਾਰ ਅਜਿਹਾ ਕਰਨ 'ਚ ਨਾਕਾਮ ਰਹਿੰਦਾ ਹੈ, ਉਸ ਨੂੰ ਦਰਕਿਨਾਰ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ



Most Read

2024-09-23 02:27:35