Breaking News >> News >> The Tribune


ਦੇਸ਼ ਨੂੰ ਬਦਨਾਮ ਕਰਨ ਲਈ ਕੁਝ ਲੋਕ ਡਰੈੱਸ ਕੋਡ ਨੂੰ ਫਿਰਕੂ ਰੰਗਤ ਦੇ ਰਹੇ ਨੇ: ਨਕਵੀ


Link [2022-02-10 06:53:47]



ਨਵੀਂ ਦਿੱਲੀ, 9 ਫਰਵਰੀ

ਕਰਨਾਟਕ 'ਚ ਹਿਜਾਬ ਵਿਵਾਦ ਦਰਮਿਆਨ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਕੁਝ ਲੋਕ ਵਿਦਿਅਕ ਅਦਾਰਿਆਂ ਦੇ ਅਨੁਸ਼ਾਸਨ ਅਤੇ ਡਰੈੱਸ ਕੋਡ ਨੂੰ ਫਿਰਕੂ ਰੰਗਤ ਦੇ ਰਹੇ ਹਨ ਤਾਂ ਜੋ ਦੇਸ਼ ਦੇ ਸੱਭਿਆਚਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜੀ ਜਾ ਸਕੇ। ਪਾਕਿਸਤਾਨੀ ਮੰਤਰੀਆਂ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਚੌਧਰੀ ਫਵਾਦ ਹੁਸੈਨ ਵੱਲੋਂ ਹਿਜਾਬ ਵਿਵਾਦ 'ਤੇ ਭਾਰਤ ਦੀ ਆਲੋਚਨਾ ਕੀਤੇ ਜਾਣ 'ਤੇ ਨਕਵੀ ਨੇ ਪਾਕਿਸਤਾਨ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਗੁਆਂਢੀ ਮੁਲਕ ਘੱਟ ਗਿਣਤੀਆਂ ਲਈ ਅਪਰਾਧ ਅਤੇ ਕਰੂਰਤਾ ਦਾ ਜੰਗਲ ਹੈ ਪਰ ਉਹ ਭਾਰਤ ਨੂੰ ਸਹਿਣਸ਼ੀਲਤਾ ਤੇ ਧਰਮਨਿਰਪੱਖਤਾ ਦਾ ਸਬਕ ਪੜ੍ਹਾ ਰਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਦੇ ਸਮਾਜਿਕ, ਵਿਦਿਅਕ ਅਤੇ ਧਾਰਮਿਕ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਬਰਾਬਰ ਦੇ ਹੱਕ ਦੇਣ, ਖੁਸ਼ਹਾਲੀ, ਸਦਭਾਵਨਾ ਅਤੇ ਸਹਿਣਸ਼ੀਲਤਾ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ 10 ਮੁਸਲਮਾਨਾਂ 'ਚੋਂ ਇਕ ਭਾਰਤ 'ਚ ਰਹਿੰਦਾ ਹੈ ਅਤੇ ਮੁਲਕ 'ਚ ਤਿੰਨ ਲੱਖ ਤੋਂ ਜ਼ਿਆਦਾ ਮਸਜਿਦਾਂ ਹਨ। 'ਮੁਲਕ 'ਚ 50 ਹਜ਼ਾਰ ਤੋਂ ਜ਼ਿਆਦਾ ਮਦਰੱਸੇ ਅਤੇ 50 ਹਜ਼ਾਰ ਤੋਂ ਵਧ ਘੱਟ ਗਿਣਤੀ ਵਿਦਿਅਕ ਅਦਾਰੇ ਹਨ। ਜਦਕਿ ਪਾਕਿਸਤਾਨ 'ਚ ਆਜ਼ਾਦੀ ਤੋਂ ਪਹਿਲਾਂ 1,288 ਮੰਦਰ ਸਨ ਜਿਨ੍ਹਾਂ 'ਚੋਂ ਹੁਣ ਸਿਰਫ਼ 31 ਰਹਿ ਗਏ ਹਨ।' ਕਾਂਗਰਸ ਅਤੇ ਵਿਰੋਧੀ ਧਿਰ ਵੱਲੋਂ ਭਾਜਪਾ 'ਤੇ ਵੰਡੀਆਂ ਪਾਉਣ ਦੇ ਲਾਏ ਗਏ ਦੋਸ਼ਾਂ ਬਾਰੇ ਨਕਵੀ ਨੇ ਕਿਹਾ ਕਿ 'ਭਾਰਤ ਵਿਰੋਧੀ ਬ੍ਰਿਗੇਡ' ਨੂੰ ਇਕ ਵਾਰ ਫਿਰ ਪਾਕਿਸਤਾਨ ਦੀ ਹਮਾਇਤ ਮਿਲ ਗਈ ਹੈ। ਹਿਜਾਬ ਵਿਵਾਦ ਉਡੁਪੀ ਦੇ ਸਰਕਾਰੀ ਪੀਯੂ ਕਾਲਜ 'ਚ ਪਹਿਲਾਂ ਜਨਵਰੀ 'ਚ ਭਖਿਆ ਸੀ ਜਦੋਂ ਛੇ ਵਿਦਿਆਰਥਣਾਂ ਨੂੰ ਡਰੈੱਸ ਕੋਡ ਦੀ ਉਲੰਘਣਾ 'ਤੇ ਕੈਂਪਸ ਤੋਂ ਬਾਹਰ ਜਾਣ ਲਈ ਕਿਹਾ ਗਿਆ ਸੀ। ਇਹ ਮੁੱਦਾ ਕਰਨਾਟਕ ਦੇ ਦੂਜੇ ਹਿੱਸਿਆਂ 'ਚ ਵੀ ਫੈਲ ਗਿਆ ਸੀ ਅਤੇ ਹਿੰਦੂ ਵਿਦਿਆਰਥੀਆਂ ਨੇ ਭਗਵਾ ਰੰਗ ਦੀਆਂ ਸ਼ਾਲਾਂ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਦਿਆਰਥੀਆਂ ਨੂੰ ਵੀ ਜਮਾਤਾਂ 'ਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਹੁਕਮਰਾਨ ਭਾਜਪਾ ਨੇ ਵਰਦੀ ਨਾਲ ਸਬੰਧਤ ਨੇਮਾਂ ਦੀ ਹਮਾਇਤ ਕੀਤੀ ਅਤੇ ਹਿਜਾਬ ਨੂੰ ਧਾਰਮਿਕ ਚਿੰਨ੍ਹ ਕਰਾਰ ਦਿੱਤਾ ਜਦਕਿ ਕਾਂਗਰਸ ਮੁਸਲਿਮ ਲੜਕੀਆਂ ਦੇ ਪੱਖ 'ਚ ਆ ਗਈ ਸੀ। -ਪੀਟੀਆਈ

ਮਹਿਲਾਵਾਂ ਦੇ ਭੜਕੀਲੇ ਪਹਿਰਾਵੇ ਕਾਰਨ ਜਬਰ-ਜਨਾਹ ਦੇ ਵਧ ਰਹੇ ਨੇ ਕੇਸ: ਭਾਜਪਾ ਵਿਧਾਇਕ

ਬੰਗਲੂਰੂ: ਕਰਨਾਟਕ 'ਚ ਭਾਜਪਾ ਦੇ ਵਿਧਾਇਕ ਐੱਮ ਪੀ ਰੇਣੂਕਾਚਾਰਿਆ ਨੇ ਦਾਅਵਾ ਕੀਤਾ ਹੈ ਕਿ ਮਹਿਲਾਵਾਂ ਦੇ ਕੁਝ ਪਹਿਰਾਵੇ ਮਰਦਾਂ ਨੂੰ ਉਤੇਜਿਤ ਕਰ ਦਿੰਦੇ ਹਨ ਜਿਸ ਕਾਰਨ ਜਬਰ-ਜਨਾਹ ਦੇ ਕੇਸ ਵਧ ਰਹੇ ਹਨ। ਬਾਅਦ 'ਚ ਜਦੋਂ ਮਹਿਸੂਸ ਹੋਇਆ ਕਿ ਇਸ ਬਿਆਨ ਨਾਲ ਵਿਵਾਦ ਪੈਦਾ ਹੋ ਜਾਵੇਗਾ ਤਾਂ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਕਿਹਾ ਕਿ ਜੇਕਰ ਵਿਧਾਇਕ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਹਿਲਾਵਾਂ ਤੋਂ ਮੁਆਫ਼ ਮੰਗ ਲੈਣਗੇ। ਹੋਨਾਲੀ ਤੋਂ ਵਿਧਾਇਕ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਹਿਜਾਬ ਵਿਵਾਦ ਬਾਰੇ ਦਿੱਤੇ ਬਿਆਨ 'ਤੇ ਉਕਤ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਲਈ ਬਿਕਨੀ ਸ਼ਬਦ ਦੀ ਵਰਤੋਂ ਕਰਨਾ ਠੀਕ ਨਹੀਂ ਹੈ ਕਿਉਂਕਿ ਪ੍ਰਿਯੰਕਾ ਖੁਦ ਵੀ ਮਹਿਲਾ ਹਨ। ਸਾਬਕਾ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਪ੍ਰਿਯੰਕਾ ਗਾਂਧੀ ਨੂੰ ਮਹਿਲਾਵਾਂ ਤੋਂ ਮੁਆਫ਼ੀ ਮੰਗਦਿਆਂ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ,''ਪ੍ਰਿਯੰਕਾ ਇਸ ਮੁਲਕ ਦੇ ਸੱਭਿਆਚਾਰ ਅਤੇ ਰਵਾਇਤਾਂ ਨੂੰ ਸ਼ਾਇਦ ਨਹੀਂ ਸਮਝਦੀ ਹੈ। ਉਸ ਦੀ ਮਾਂ ਇਤਾਲਵੀ ਹੈ ਅਤੇ ਉਸ ਦਾ ਵਿਆਹ ਵੀ ਦੂਜੇ ਧਰਮ 'ਚ ਹੋਇਆ ਹੈ। ਇਹ ਉਸ (ਪ੍ਰਿਯੰਕਾ) ਦਾ ਨਿੱਜੀ ਮਾਮਲਾ ਹੈ ਪਰ ਅਜਿਹੀਆਂ ਗੱਲਾਂ ਦੇ ਕਈ ਮਤਲਬ ਨਿਕਲਣਗੇ ਜੋ ਠੀਕ ਨਹੀਂ ਹਨ।'' -ਪੀਟੀਆਈ



Most Read

2024-09-23 02:29:39