Breaking News >> News >> The Tribune


ਮਹਾਰਾਸ਼ਟਰ ਸਰਕਾਰ ਡੇਗਣ ਲਈ ਮੇਰੇ ਤੱਕ ਪਹੁੰਚ ਕੀਤੀ ਗਈ: ਰਾਊਤ


Link [2022-02-10 06:53:47]



ਮੁੰਬਈ, 9 ਫਰਵਰੀ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ 'ਕੁਝ ਲੋਕਾਂ' ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ ਤੇ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਡੇਗਣ 'ਚ ਉਨ੍ਹਾਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ। ਰਾਊਤ ਨੇ ਕਿਹਾ ਕਿ ਉਹ ਲੋਕ ਸੂਬੇ ਵਿਚ ਮੱਧਕਾਲੀ ਚੋਣਾਂ ਕਰਵਾਉਣਾ ਚਾਹੁੰਦੇ ਹਨ। ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਰਾਊਤ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਿਵ ਸੈਨਾ ਦੀ ਅਗਵਾਈ ਵਿਚ ਮਹਾ ਵਿਕਾਸ ਅਗਾੜੀ ਸਰਕਾਰ ਆਪਣੇ ਪੰਜ ਸਾਲ ਪੂਰੇ ਕਰੇਗੀ। ਸੰਜੇ ਰਾਊਤ ਨੇ ਕਿਹਾ ਕਿ ਉਹ ਝੁਕਣਗੇ ਨਹੀਂ ਤੇ ਸੱਚ ਬੋਲਣਾ ਜਾਰੀ ਰੱਖਣਗੇ।ਸ਼ਿਵ ਸੈਨਾ ਸੰਸਦ ਮੈਂਬਰ ਨੇ ਪਾਰਟੀ ਦੇ ਚੋਣ ਨਿਸ਼ਾਨ ਬਾਘ ਦੀ ਫੋਟੋ ਵੀ ਟਵੀਟ ਕੀਤੀ ਤੇ ਕਿਹਾ, 'ਇਹ ਮੁੰਬਈ ਹੈ ਤੇ ਸ਼ਿਵ ਸੈਨਾ ਮੁੰਬਈ ਦਾ ਦਾਦਾ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਹੋਰ ਕੇਂਦਰੀ ਏਜੰਸੀਆਂ ਨੂੰ 'ਅਸਿੱਧੇ ਢੰਗਾਂ' ਨਾਲ ਲੋਕਤੰਤਰਿਕ ਤਰੀਕੇ ਨਾਲ ਚੁਣੀ ਹੋਈ ਸਰਕਾਰ ਡੇਗਣ ਲਈ ਵਰਤਿਆ ਜਾ ਰਿਹਾ ਹੈ। ਨਾਇਡੂ ਜੋ ਕਿ ਰਾਜ ਸਭਾ ਦੇ ਚੇਅਰਮੈਨ ਵੀ ਹਨ, ਨੂੰ ਲਿਖੇ ਪੱਤਰ ਵਿਚ ਰਾਊਤ ਨੇ ਕਿਹਾ ਕਿ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਸ਼ਿਵ ਸੈਨਾ ਆਗੂਆਂ ਨੂੰ 'ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾ ਰਹੀਆਂ ਹਨ।' ਸੰਜੇ ਰਾਊਤ ਨੇ ਕਿਹਾ ਕਿ ਮਨੀ ਲਾਂਡਰਿੰਗ ਰੋਕਣ ਲਈ ਕਾਨੂੰਨ ਜਨਵਰੀ, 2003 ਵਿਚ ਬਣਿਆ ਸੀ, ਪਰ ਉਸ ਤੋਂ ਪਹਿਲਾਂ ਹੋਏ ਲੈਣ-ਦੇਣ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਜਿਨ੍ਹਾਂ ਦਾ ਮਨੀ ਲਾਂਡਰਿੰਗ ਨਾਲ ਕੋਈ ਸਬੰਧ ਹੀ ਨਹੀਂ ਹੈ। ਇਸ ਤਰ੍ਹਾਂ ਕਰ ਕੇ ਭਾਜਪਾ ਦੇ ਵਿਰੋਧੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਕਈ ਵਿਅਕਤੀਆਂ ਨੂੰ ਉਨ੍ਹਾਂ ਖ਼ਿਲਾਫ਼ ਬਿਆਨ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਕਾਰਵਾਈ ਬੋਲਣ ਦੇ ਹੱਕ ਤੇ ਲੋਕਤੰਤਰ ਉਤੇ ਹਮਲਾ ਦੇ ਬਰਾਬਰ ਹੈ। ਰਾਊਤ ਨੇ ਨਾਇਡੂ ਨੂੰ ਬੇਨਤੀ ਕੀਤੀ ਕਿ 'ਸੱਤਾ ਦੀ ਦੁਰਵਰਤੋਂ' ਤੇ ਰਾਜ ਸਭਾ ਮੈਂਬਰਾਂ ਨੂੰ ਕਥਿਤ ਤੰਗ-ਪ੍ਰੇਸ਼ਾਨ ਕਰਨ ਦਾ ਨੋਟਿਸ ਲਿਆ ਜਾਵੇ। ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਨਾਇਡੂ ਨੂੰ ਲਿਖੇ ਪੱਤਰ ਦੀਆਂ ਨਕਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨੂੰ ਵੀ ਭੇਜੀਆਂ ਹਨ। -ਪੀਟੀਆਈ

'ਵਿਰੋਧੀਆਂ ਨਾਲ ਭਾਜਪਾ ਦਾ ਵਤੀਰਾ ਐਮਰਜੈਂਸੀ ਨਾਲੋਂ ਵੀ ਖ਼ਤਰਨਾਕ ਕਰਾਰ'

ਸੰਜੇ ਰਾਊਤ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਜਿਵੇਂ ਅੱਜ ਦਬਾਇਆ ਜਾ ਰਿਹਾ ਹੈ, ਉਹ ਐਮਰਜੈਂਸੀ ਨਾਲੋਂ ਵੀ ਕਿਤੇ ਵੱਧ ਖ਼ਤਰਨਾਕ ਹੈ। ਰਾਊਤ ਨੇ ਕਿਹਾ ਕਿ ਭਾਜਪਾ ਨੂੰ ਭਰਮ ਹੈ ਤੇ ਸਾਡੇ ਵਰਗੇ ਲੋਕ ਉਨ੍ਹਾਂ ਦੇ ਜ਼ੋਰ ਅੱਗੇ ਝੁਕਣ ਵਾਲੇ ਨਹੀਂ ਹਨ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਮਹਾਰਾਸ਼ਟਰ ਵਿਚ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਭਾਜਪਾ ਕਿਹੜੇ ਦੁੱਖ ਵਿਚੋਂ ਲੰਘ ਰਹੀ ਹੈ ਪਰ ਉਨ੍ਹਾਂ ਨੂੰ ਸਿਆਸੀ ਪੱਧਰ ਉਤੇ ਮੁਕਾਬਲਾ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਚ ਐਨਸੀਪੀ ਤੇ ਕਾਂਗਰਸ ਨਾਲ ਮਿਲ ਕੇ ਗੱਠਜੋੜ ਸਰਕਾਰ ਬਣਾਈ ਸੀ ਤੇ ਆਪਣੀ ਪੁਰਾਣੀ ਸਾਥੀ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ।

'ਪੱਤਰ ਤਾਂ ਸਿਰਫ਼ ਟਰੇਲਰ, ਹੋਰ ਖੁਲਾਸੇ ਵੀ ਕਰਾਂਗਾ'

ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ ਦਾ 'ਸਿਰਫ਼ ਇਕ ਟਰੇਲਰ' ਹੈ, ਤੇ ਉਹ ਜਲਦੀ ਹੀ ਇਹ ਵੀ ਖੁਲਾਸਾ ਕਰਨਗੇ ਕਿ ਕਿਵੇਂ ਕੁਝ ਈਡੀ ਮੁਲਾਜ਼ਮ ਕਥਿਤ ਤੌਰ 'ਤੇ ਭਾਜਪਾ ਦਾ 'ਅਪਰਾਧਕ ਸਿੰਡੀਕੇਟ ਚਲਾ ਰਹੇ ਹਨ।' ਰਾਊਤ ਨੇ ਅੱਗੇ ਕਿਹਾ ਕਿ ਜਦ ਉਨ੍ਹਾਂ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਡੇਗਣ ਦੇ 'ਲੁਕਵੇਂ' ਏਜੰਡੇ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ 'ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ।' ਸੈਨਾ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦਾ ਹਸ਼ਰ ਵੀ ਉਸ ਰੇਲਵੇ ਮੰਤਰੀ ਵਰਗਾ ਹੋਵੇਗਾ ਜਿਸ ਨੇ ਕਈ ਸਾਲ ਜੇਲ੍ਹ ਵਿਚ ਕੱਟੇ। ਰਾਊਤ ਨੇ ਦਾਅਵਾ ਕੀਤਾ, 'ਮੈਨੂੰ ਇਹ ਵੀ ਕਿਹਾ ਗਿਆ ਕਿ ਮਹਾਰਾਸ਼ਟਰ ਦੀ ਕੈਬਨਿਟ ਦੇ ਦੋ ਹੋਰ ਸੀਨੀਅਰ ਆਗੂਆਂ ਨੂੰ ਵੀ ਪੀਐਮਐਲਏ ਤਹਿਤ ਜੇਲ੍ਹ ਭੇਜਿਆ ਜਾਵੇਗਾ, ਜਿਸ ਨਾਲ ਮਹਾਰਾਸ਼ਟਰ ਵਿਚ ਮੱਧਕਾਲੀ ਚੋਣਾਂ ਹੋਣਗੀਆਂ।

'ਮੁੰਬਈ ਤੋਂ ਦੋ-ਤਿੰਨ ਜਣੇ ਈਡੀ ਨੂੰ ਦੇ ਰਹੇ ਨੇ ਹੁਕਮ'

ਸ਼ਿਵ ਸੈਨਾ ਆਗੂ ਨੇ ਕਿਹਾ ਕਿ ਮੁੰਬਈ ਤੋਂ ਦੋ-ਤਿੰਨ ਜਣੇ ਈਡੀ ਨੂੰ ਹੁਕਮ ਦੇ ਰਹੇ ਹਨ ਕਿ ਕਿਸ ਨੂੰ ਸੱਦਣਾ ਹੈ ਤੇ ਕਿਸ ਨੂੰ ਤੰਗ ਕਰਨਾ ਹੈ। ਰਾਊਤ ਨੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਦਾ ਨਾਂ ਲਏ ਬਿਨਾਂ ਕਿਹਾ, 'ਜੇ ਅਸੀਂ ਮੁਕਾਬਲੇ ਉਤੇ ਆ ਗਏ ਤਾਂ ਤੁਹਾਨੂੰ ਨਾਗਪੁਰ ਜਾਣ ਜੋਗੇ ਨਹੀਂ ਛੱਡਾਂਗੇ।' ਨਾਗਪੁਰ ਸਾਬਕਾ ਮੁੱਖ ਮੰਤਰੀ ਫੜਨਵੀਸ ਦਾ ਜੱਦੀ ਸ਼ਹਿਰ ਹੈ। ਰਾਊਤ ਨੇ ਕਿਹਾ ਕਿ ਸ਼ਿਵ ਸੈਨਾ ਆਪਣਾ ਵਿਸਤਾਰ ਕਰੇਗੀ ਭਵਿੱਖ ਵਿਚ 100 ਲੋਕ ਸਭਾ ਸੀਟਾਂ ਉਤੇ ਚੋਣ ਲੜੇਗੀ। -ਪੀਟੀਆਈ



Most Read

2024-09-23 02:36:23