World >> The Tribune


ਰੂਸ ਨਾਲ ਵਿਵਾਦ: ਫਰਾਂਸ, ਜਰਮਨੀ ਤੇ ਪੋਲੈਂਡ ਵੱਲੋਂ ਯੂਕਰੇਨ ਦੀ ਹਮਾਇਤ


Link [2022-02-10 04:33:59]



ਪੈਰਿਸ, 9 ਫਰਵਰੀ

ਫਰਾਂਸ, ਜਰਮਨੀ ਤੇ ਪੋਲੈਂਡ ਦੇ ਆਗੂਆਂ ਨੇ ਯੂਕਰੇਨ ਦੇ ਹੱਕ ਵਿਚ ਬੋਲਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਦੀ ਖ਼ੁਦਮੁਖਤਿਆਰੀ ਦੀ ਪੂਰੀ ਹਮਾਇਤ ਕਰਦੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਂ, ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਤੇ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਨੇ ਮਿੰਸਕ ਗੋਲੀਬੰਦੀ ਸਮਝੌਤੇ ਦੀ ਹਮਾਇਤ ਕੀਤੀ ਹੈ। ਇਨ੍ਹਾਂ ਸਾਰੇ ਮੁਲਕਾਂ ਦੇ ਇਕ ਗਰੁੱਪ ਨੇ ਬਰਲਿਨ ਵਿਚ ਹੋਏ ਸਿਖ਼ਰ ਸੰਮੇਲਨ ਵਿਚ ਹਿੱਸਾ ਲਿਆ ਹੈ। ਫਰਾਂਸ, ਜਰਮਨੀ ਤੇ ਪੋਲੈਂਡ ਦੇ ਇਸ ਗਰੁੱਪ ਦੀ ਸਥਾਪਨਾ 31 ਸਾਲ ਪਹਿਲਾਂ ਠੰਢੀ ਜੰਗ ਦੇ ਖਤਮ ਹੋਣ ਉਤੇ ਹੋਈ ਸੀ। ਸਿਖ਼ਰ ਸੰਮੇਲਨ ਵਿਚ ਯੂਰੋਪ ਲਈ ਬਣੀਆਂ ਨਵੀਆਂ ਚੁਣੌਤੀਆਂ ਉਤੇ ਚਰਚਾ ਕੀਤੀ ਗਈ। ਫਰਾਂਸ ਦੇ ਰਾਸ਼ਟਰਪਤੀ ਮੁਤਾਬਕ ਇਹ ਬੈਠਕ ਦਰਸਾਉਂਦੀ ਹੈ ਕਿ ਯੂਰੋਪ, ਰੂਸ ਤੋਂ ਵਚਨਬੱਧਤਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਬਾਰੇ ਰੂਸ ਤੇ ਪੱਛਮੀ ਜਗਤ ਵਿਚ ਤਣਾਅ ਬਣਿਆ ਹੋਇਆ ਹੈ। ਰੂਸ ਦੀ ਫ਼ੌਜ ਯੂਕਰੇਨ ਦੀ ਸਰਹੱਦ ਉਤੇ ਜਮ੍ਹਾਂ ਹੈ। ਇਸੇ ਦੌਰਾਨ ਅੱਜ ਪੋਪ ਫਰਾਂਸਿਸ ਨੇ ਵੀ ਕਿਹਾ ਕਿ ਯੂਕਰੇਨ ਵਿਚ ਜੰਗ 'ਪਾਗਲਪਨ' ਹੋਵੇਗਾ ਤੇ ਉਨ੍ਹਾਂ ਆਸ ਪ੍ਰਗਟਾਈ ਕਿ ਯੂਕਰੇਨ ਤੇ ਰੂਸ ਵਿਚਾਲੇ ਤਣਾਅ ਸੰਵਾਦ ਨਾਲ ਘਟੇਗਾ। ਦੱਸਣਯੋਗ ਹੈ ਕਿ ਪੋਪ ਨੂੰ ਮੰਨਣ ਵਾਲੇ ਯੂਕਰੇਨ ਵਿਚ ਕਾਫ਼ੀ ਹਨ ਤੇ ਉੱਥੇ ਕੈਥੋਲਿਕ ਚਰਚ ਦੀ ਸ਼ਾਖਾ ਵੀ ਹੈ। -ਰਾਇਟਰਜ਼



Most Read

2024-09-21 10:30:40