World >> The Tribune


ਓਟਵਾ ਮੁਜ਼ਾਹਰਾ: ਜੱਜ ਨੇ ਹਾਰਨ ਮਾਰਨ ’ਤੇ ਪਾਬੰਦੀ ਲਾਈ


Link [2022-02-09 05:14:01]



ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ/ਓਟਵਾ, 8 ਫਰਵਰੀ

ਕੈਨੇਡਾ ਦੀ ਸਰਕਾਰ ਵੱਲੋਂ ਅਮਰੀਕੀ ਸਰਹੱਦ ਦੇ ਆਰ-ਪਾਰ ਲਾਂਘੇ ਲਈ ਟਰੱਕ ਚਾਲਕਾਂ ਉਤੇ 15 ਜਨਵਰੀ ਤੋਂ ਲਾਈ ਕਰੋਨਾ ਟੀਕਾਕਰਨ ਦੀ ਸ਼ਰਤ ਵਿਰੁੱਧ 10 ਦਿਨ ਪਹਿਲਾਂ ਸੈਂਕੜੇ ਟਰੱਕ ਚਾਲਕਾਂ ਵੱਲੋਂ ਓਟਵਾ ਵਿਚ ਆਰੰਭਿਆ ਗਿਆ ਸੰਘਰਸ਼ ਹਿੰਸਕ ਹੋਣ ਲੱਗਾ ਹੈ। ਵੈਨਕੂਵਰ ਅਤੇ ਕੈਲਗਰੀ ਵਿਚ ਰੋਸ ਵਿਖਾਵਿਆਂ ਦੇ ਯਤਨਾਂ ਨੂੰ ਬਹੁਤਾ ਸਮਰਥਨ ਨਹੀਂ ਮਿਲਿਆ ਪਰ ਓਟਵਾ ਦੇ ਕੈਪੀਟਲ ਹਿੱਲ (ਸੰਸਦ ਭਵਨ) ਦੇ ਖੇਤਰ ਦੀਆਂ ਸੜਕਾਂ ਅੰਦੋਲਨਕਾਰੀਆਂ ਵਲੋਂ ਮੱਲੇ ਜਾਣ ਕਾਰਨ ਉੱਥੋਂ ਦੇ ਨਿਵਾਸੀਆਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਅੱਜ ਉੱਥੋਂ ਦੇ ਇਕ ਜੱਜ ਨੇ ਜਨਹਿੱਤ ਪਟੀਸ਼ਨ ਸਵੀਕਾਰ ਕਰਦਿਆਂ ਸ਼ਹਿਰ ਵਿਚ 10 ਦਿਨਾਂ ਲਈ ਹਾਰਨ ਵਜਾਉਣਾ ਕਾਨੂੰਨ ਦੀ ਉਲੰਘਣ ਕਰਾਰ ਦੇ ਦਿਤਾ ਹੈ। ਜ਼ਿਕਰਯੋਗ ਹੈ ਕਿ ਇਹ ਮੁਜ਼ਾਹਰੇ 'ਫਰੀਡਮ ਕੌਨਵੌਏ' ਦੇ ਨਾਂ ਹੇਠ ਕੀਤੇ ਜਾ ਰਹੇ ਹਨ। ਰਾਜਧਾਨੀ ਵਿਚ ਪੁਲੀਸ ਨੇ ਅੱਜ ਹਜ਼ਾਰਾਂ ਲਿਟਰ ਈਂਧਨ ਜ਼ਬਤ ਕਰ ਲਿਆ ਤੇ ਇਕ ਤੇਲ ਦੇ ਟੈਂਕਰ ਨੂੰ ਵੀ ਹਟਾ ਦਿੱਤਾ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਜ਼ਾਹਰਾਕਾਰੀਆਂ ਨੂੰ ਰੋਸ ਪ੍ਰਦਰਸ਼ਨ ਬੰਦ ਕਰਨ ਲਈ ਕਿਹਾ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਪਣਾਏ ਜਾ ਰਹੇ ਤੌਰ-ਤਰੀਕੇ ਠੀਕ ਨਹੀਂ ਹਨ। ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਟਰੂਡੋ ਪਰਿਵਾਰ ਨੇ ਰਾਜਧਾਨੀ ਓਟਵਾ ਛੱਡ ਦਿੱਤੀ ਸੀ ਤੇ ਕਿਸੇ ਅਣਦੱਸੀ ਥਾਂ ਚਲੇ ਗਏ ਸਨ। ਇਸੇ ਦੌਰਾਨ ਓਟਵਾ ਦੀ ਮਿਉਂਸਿਪਲ ਬਾਡੀ ਨੂੰ ਉਚੇਚੇ ਪ੍ਰਬੰਧਾਂ ਲਈ ਰੋਜ਼ਾਨਾ 10 ਲੱਖ ਡਾਲਰ ਵਾਧੂ ਖ਼ਰਚਣੇ ਪੈ ਰਹੇ ਹਨ। ਓਟਵਾ ਦੇ ਮੇਅਰ ਵੱਲੋਂ ਐਮਰਜੈਂਸੀ ਐਲਾਨਣ ਨਾਲ ਹੁਣ ਸ਼ਹਿਰ ਨੂੰ ਸੂਬਾਈ ਤੇ ਕੇਂਦਰੀ ਸਰਕਾਰਾਂ ਤੋਂ ਵਧੇਰੇ ਵਿੱਤੀ ਤੇ ਪ੍ਰਸ਼ਾਸਕੀ ਮਦਦ ਮਿਲੇਗੀ। ਸਥਿਤੀ ਵਿਚ ਅੱਜ ਵੀ ਕੋਈ ਸੁਧਾਰ ਨਹੀਂ ਹੋਇਆ ਤੇ ਦੋਵੇਂ ਧਿਰਾਂ (ਟਰੱਕਾਂ ਵਾਲੇ ਤੇ ਸਰਕਾਰ) ਆਪੋ-ਆਪਣੇ ਸਟੈਂਡ ਤੇ ਅੜੇ ਹੋਏ ਹਨ। ਓਟਵਾ ਦੇ ਤੰਗ ਹੋਏ ਲੋਕਾਂ ਨੇ ਅਦਾਲਤ 'ਚ ਪਟੀਸ਼ਨ ਪਾ ਕੇ ਮੁਜ਼ਾਹਰਾਕਾਰੀਆਂ ਵਿਰੁੱਧ ਸਾਢੇ ਨੌਂ ਲੱਖ ਡਾਲਰ ਦੇ ਨੁਕਸਾਨ ਦਾ ਦਾਅਵਾ ਠੋਕਿਆ ਹੈ। ਓਟਵਾ ਰਹਿੰਦੇ ਜਾਣਕਾਰਾਂ ਨਾਲ ਸੰਪਰਕ ਕਰਨ 'ਤੇ ਜਾਣਕਾਰੀ ਮਿਲੀ ਕਿ ਅਮਰੀਕਾ ਤੋਂ ਖਾਣ-ਪੀਣ ਦੀਆਂ ਵਸਤਾਂ ਦੀ ਢੁਆਈ ਵਿਚ ਅੜਿੱਕੇ ਕਾਰਨ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਕੀਮਤਾਂ ਵੱਧ ਗਈਆਂ ਹਨ। ਸਟੋਰਾਂ ਵਿਚ ਸਾਮਾਨ ਘਟਣ ਲੱਗਾ ਹੈ। ਬੇਸ਼ੱਕ ਅੱਧੇ ਤੋਂ ਵੱਧ ਟਰੱਕ ਚੱਲ ਰਹੇ ਹਨ, ਪਰ ਇਕ ਬੇਯਕੀਨੀ ਤੇ ਡਰ ਬਣਿਆ ਹੋਇਆ ਹੈ। ਵੈਨਕੂਵਰ ਵਿਚ ਅੱਜ ਕੀਤੇ ਰੋਸ ਮੁਜ਼ਾਹਰੇ ਦੇ ਵਿਰੋਧ ਵਿਚ ਲੋਕ ਵੀ ਸੜਕਾਂ 'ਤੇ ਨਿਕਲ ਆਏ ਤੇ ਉਨ੍ਹਾਂ ਵਿਰੁੱਧ ਨਾਅਰੇ ਲਾਏ। ਵੈਨਕੂਵਰ ਪੁਲੀਸ ਨੇ ਹਿੰਸਕ ਹੋਏ ਪੰਜ ਮੁਜ਼ਾਹਰਾਕਾਰੀ ਗ੍ਰਿਫ਼ਤਾਰ ਕਰ ਲਏ ਹਨ।

ਅਮਰੀਕੀ ਸੰਸਥਾਵਾਂ 'ਤੇ ਟਰੱਕ ਚਾਲਕਾਂ ਦੇ ਰੋਸ ਮੁਜ਼ਾਹਰਿਆਂ ਨੂੰ ਭੜਕਾਉਣ ਦੇ ਦੋਸ਼

ਅਮਰੀਕੀ ਸੰਸਥਾਵਾਂ 'ਤੇ ਵੀ ਰੋਸ ਮੁਜ਼ਾਹਰਿਆਂ ਨੂੰ ਹਵਾ ਦੇਣ ਦੇ ਦੋਸ਼ ਲੱਗਣ ਲੱਗੇ ਹਨ। ਸੰਘਰਸ਼ ਦੀ ਮਦਦ ਲਈ ਖੁੱਲ੍ਹੇ 'ਗੋਫੰਡਮੀ' ਖਾਤਾ ਸੰਭਾਲਦੇ ਸੰਗਠਨ ਨੇ ਸ਼ਰਤਾਂ ਦੀ ਉਲੰਘਣਾ ਹੋਣ ਉਤੇ ਖਾਤਾ ਬੰਦ ਕਰਕੇ ਇਕ ਕਰੋੜ ਤੋਂ ਵੱਧ ਇਕੱਤਰ ਹੋਈ ਰਕਮ ਦਾਨੀਆਂ ਨੂੰ ਮੋੜਨੀ ਸ਼ੁਰੂ ਕਰ ਦਿੱਤੀ ਹੈ। ਓਟਵਾ ਬੈਠੇ ਮੁਜ਼ਾਹਰਾਕਾਰੀਆਂ ਦਾ ਇਕ ਵਰਗ ਹਿੰਸਾ 'ਤੇ ਉਤਾਰੂ ਹੈ। ਉਨ੍ਹਾਂ ਉੱਥੇ ਸਾਂਝੀ ਰਸੋਈ ਬਣਾ ਲਈ ਹੈ ਜਿਸ ਵਿਚ ਪਏ ਗੈਸ ਸਿਲੰਡਰਾਂ ਨਾਲ ਅੱਗ ਲੱਗਣ ਦਾ ਖ਼ਤਰਾ ਬਣ ਗਿਆ ਹੈ। ਸ਼ਰਾਰਤੀਆਂ ਵਲੋਂ ਇਕ ਇਮਾਰਤ ਨੂੰ ਲਾਈ ਗਈ ਅੱਗ ਪੁਲੀਸ ਦੀ ਚੌਕਸੀ ਕਾਰਨ ਭੜਕਣ ਤੋਂ ਬਚਾਅ ਲਈ ਗਈ।



Most Read

2024-09-21 12:49:49