Breaking News >> News >> The Tribune


‘ਸੁਨੋ ਕੇਜਰੀਵਾਲ...ਸੁਨੋ ਯੋਗੀ’


Link [2022-02-09 04:54:14]



ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਕਰੋਨਾ ਦੀ ਪਹਿਲੀ ਲਹਿਰ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਹਿਜਰਤ ਦੇ ਮਾਮਲੇ 'ਤੇ ਅੱਜ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿੱਖਾ ਸ਼ਬਦੀ ਤਕਰਾਰ ਹੋਇਆ। ਹਾਲਾਂਕਿ ਟਵਿੱਟਰ ਵਿਵਾਦ ਵਿੱਚ ਸ਼ਾਮਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਜ਼ਿੰਮੇਵਾਰ ਅਹੁਦਿਆਂ 'ਤੇ ਹਨ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਇਸ ਤਰ੍ਹਾਂ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਗੋਆ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦਾ ਮੁਕਾਬਲਾ ਕਰਨਾ ਉਨ੍ਹਾਂ ਲਈ ਜ਼ਰੂਰੀ ਹੋ ਗਿਆ ਹੈ ਕਿਉਂਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਨੇ ਕੇਜਰੀਵਾਲ 'ਤੇ 2020 ਵਿਚ ਮਹਾਮਾਰੀ ਦੇ ਸਿਖ਼ਰ 'ਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਛੱਡਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਜਦੋਂ ਆਵਾਜਾਈ 'ਤੇ ਪਾਬੰਦੀ ਸੀ। ਕੇਜਰੀਵਾਲ ਨੂੰ 'ਗੱਦਾਰ' ਕਰਾਰ ਦਿੰਦੇ ਹੋਏ ਆਦਿੱਤਿਆਨਾਥ ਨੇ ਦਲੀਲ ਦਿੱਤੀ ਕਿ 'ਆਪ' ਸਰਕਾਰ ਦੀ ਬੇਰੁਖੀ ਕਾਰਨ ਪ੍ਰਵਾਸੀ ਅੱਧੀ ਰਾਤ ਨੂੰ ਯੂਪੀ ਬਾਰਡਰ 'ਤੇ ਫਸੇ ਹੋਏ ਸਨ। ਯੋਗੀ ਨੇ ਟਵੀਟ ਕੀਤਾ, 'ਸੁਨੋ ਕੇਜਰੀਵਾਲ, ਜਦ ਪੂਰੀ ਮਨੁੱਖਤਾ ਕਰੋਨਾ ਦਾ ਕਸ਼ਟ ਝੱਲ ਰਹੀ ਸੀ, ਉਸ ਵੇਲੇ ਤੁਸੀਂ ਯੂਪੀ ਦੇ ਕਾਮਿਆਂ ਨੂੰ ਦਿੱਲੀ ਛੱਡਣ ਲਈ ਮਜਬੂਰ ਕਰ ਦਿੱਤਾ। ਛੋਟੇ ਬੱਚਿਆਂ ਤੇ ਔਰਤਾਂ ਨੂੰ ਅੱਧੀ ਰਾਤ ਨੂੰ ਯੂਪੀ ਦੀ ਹੱਦ ਉਤੇ ਬੇਸਹਾਰਾ ਛੱਡਣ ਵਰਗਾ ਗੈਰ-ਲੋਕਤੰਤਰਿਕ ਤੇ ਅਣਮਨੁੱਖੀ ਕੰਮ ਤੁਹਾਡੀ ਸਰਕਾਰ ਨੇ ਕੀਤਾ। ਤੁਹਾਨੂੰ ਮਨੁੱਖਤਾ ਵਿਰੋਧੀ ਕਹੀਏ ਜਾਂ...।' ਯੂਪੀ ਦੇ ਮੁੱਖ ਮੰਤਰੀ 'ਤੇ ਪਲਟਵਾਰ ਕਰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ, 'ਸੁਨੋ ਯੋਗੀ, ਤੁਸੀਂ ਤਾਂ ਰਹਿਣ ਹੀ ਦਿਓ। ਜਦ ਯੂਪੀ ਦੇ ਲੋਕਾਂ ਦੀਆਂ ਲਾਸ਼ਾਂ ਗੰਗਾ ਨਦੀ 'ਚ (ਕਰੋਨਾਵਾਇਰਸ ਦੇ ਮਰੀਜ਼ਾਂ ਦੀਆਂ) ਵਹਿ ਰਹੀਆਂ ਸਨ ਤਾਂ ਤੁਸੀਂ ਕਰੋੜਾਂ ਰੁਪਏ ਖ਼ਰਚ ਕਰ ਕੇ ਝੂਠੀ ਪ੍ਰਸ਼ੰਸਾ ਖੱਟਣ ਲਈ ਇਸ਼ਤਿਹਾਰ ਦੇ ਰਹੇ ਸੀ।' ਕੇਜਰੀਵਾਲ ਨੇ ਅੱਗੇ ਕਿਹਾ ਕਿ ਉਹ ਵਿਵਾਦ ਨੂੰ ਵਧਾਉਣਾ ਨਹੀਂ ਚਾਹੁੰਦੇ। ਇਸੇ ਦੌਰਾਨ 'ਆਪ' ਆਗੂ ਸੰਜੇ ਸਿੰਘ ਨੇ ਯੋਗੀ ਵੱਲੋਂ ਟਵੀਟ ਵਿਚ ਵਰਤੀ ਭਾਸ਼ਾ ਉਤੇ ਸਵਾਲ ਉਠਾਏ। 'ਆਪ' ਉਤੇ ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਆਦਿੱਤਿਆਨਾਥ ਵੱਲੋਂ ਲਾਏ ਦੋਸ਼ਾਂ ਦਾ ਸਮਰਥਨ ਕਰਦਿਆਂ ਯੂਪੀ ਦੇ ਮੰਤਰੀ ਤੇ ਭਾਜਪਾ ਨੇਤਾ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਹਕੀਕਤ ਹੀ ਬਿਆਨੀ ਹੈ।



Most Read

2024-09-23 02:21:13