Breaking News >> News >> The Tribune


ਲਤਾ ਮੰਗੇਸ਼ਕਰ ਨੂੰ ਸੰਸਦ ਵਿੱਚ ਸ਼ਰਧਾਂਜਲੀ ਭੇਟ


Link [2022-02-08 07:14:45]



ਨਵੀਂ ਦਿੱਲੀ, 7 ਫਰਵਰੀ

ਲੋਕ ਸਭਾ ਤੇ ਰਾਜ ਸਭਾ ਵਿਚ ਅੱਜ 'ਭਾਰਤ ਰਤਨ' ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਗਈ। ਗਾਇਕਾ ਨੂੰ ਯਾਦ ਕਰਨ ਮਗਰੋਂ ਹੇਠਲੇ ਸਦਨ ਦੀ ਕਾਰਵਾਈ ਸ਼ਾਮ ਪੰਜ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇਸ ਮੌਕੇ ਸ਼ੋਕ ਸੁਨੇਹਾ ਪੜ੍ਹਿਆ।

ਇਸ ਤੋਂ ਬਾਅਦ ਵਿਛੜੀ ਹਸਤੀ ਦੀ ਯਾਦ ਵਿਚ ਸੰਸਦ ਮੈਂਬਰ ਸਤਿਕਾਰ ਵਜੋਂ ਖੜ੍ਹੇ ਹੋ ਗਏ। ਬਿਰਲਾ ਨੇ ਕਿਹਾ ਕਿ ਮੰਗੇਸ਼ਕਰ ਦੇ ਜਾਣ ਨਾਲ 'ਨਾ ਪੂਰਿਆ ਜਾਣਾ ਵਾਲਾ ਘਾਟਾ ਪਿਆ ਹੈ।' ਸਪੀਕਰ ਬਿਰਲਾ ਨੇ ਕਿਹਾ ਕਿ ਮੰਗੇਸ਼ਕਰ ਦੇਸ਼ ਤੇ ਦੇਸ਼ ਤੋਂ ਬਾਹਰ 'ਸੁਰਾਂ ਦੀ ਮਲਿਕਾ' ਵਜੋਂ ਜਾਣੇ ਜਾਂਦੇ ਸਨ। ਫਰਾਂਸ ਨੇ ਵੀ 2009 ਵਿਚ ਉਨ੍ਹਾਂ ਨੂੰ ਉੱਥੋਂ ਦਾ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ। ਸਪੀਕਰ ਨੇ ਕਿਹਾ ਕਿ ਸੰਸਦ ਦੇ ਕੇਂਦਰੀ ਹਾਲ ਵਿਚ 1997 'ਚ ਆਜ਼ਾਦੀ ਮਿਲਣ ਦੇ 50 ਸਾਲ ਮੁਕੰਮਲ ਹੋਣ 'ਤੇ ਮੰਗੇਸ਼ਕਰ ਨੇ ਪੇਸ਼ਕਾਰੀ ਦਿੱਤੀ ਸੀ। ਬਿਰਲਾ ਨੇ ਲੋਕ ਸਭਾ ਦੇ ਦੋ ਸਾਬਕਾ ਮੈਂਬਰਾਂ ਗਜਾਨਨ ਡੀ. ਬਾਬਰ ਤੇ ਸੀ. ਗੰਗਾ ਰੈੱਡੀ ਬਾਰੇ ਵੀ ਸ਼ੋਕ ਸੁਨੇਹੇ ਪੜ੍ਹੇ। ਰਾਜ ਸਭਾ ਵਿਚ ਵੀ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਮਹਾਨ ਗਾਇਕਾ ਦੇ ਦੇਹਾਂਤ ਉਤੇ ਭਾਰਤ ਨਿਸ਼ਬਦ ਹੈ। ਉਨ੍ਹਾਂ ਲਤਾ ਮੰਗੇਸ਼ਕਰ ਦੇ ਸਤਿਕਾਰ ਵਿਚ ਉਪਰਲੇ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ ਕਰ ਦਿੱਤੀ। ਨਾਇਡੂ ਨੇ ਸਦਨ ਵਿਚ ਗਾਇਕਾ ਦੀ ਮੌਤ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, 'ਲਤਾ ਜੀ ਕੋਲ ਖ਼ੁਦ ਨੂੰ ਗੀਤਾਂ ਨਾਲ ਜੋੜ ਲੈਣ ਦਾ ਵਿਸ਼ੇਸ਼ ਗੁਣ ਸੀ।' ਨਾਇਡੂ ਨੇ ਕਿਹਾ ਕਿ ਲਤਾ ਦੀ ਗਾਇਕੀ ਦਾ ਸਫ਼ਰ ਭਾਰਤ ਦੀ ਆਜ਼ਾਦੀ ਦੇ 75 ਵਰ੍ਹਿਆਂ ਦੇ ਨਾਲੋ-ਨਾਲ ਚੱਲਿਆ। ਉਨ੍ਹਾਂ ਆਪਣੇ ਗੀਤਾਂ ਰਾਹੀਂ ਭਾਰਤ ਨੂੰ ਜੋੜਿਆ, ਸੱਤ ਦਹਾਕਿਆਂ ਤੱਕ ਦੇਸ਼ ਦੇ ਇਤਿਹਾਸ ਨਾਲ ਸਬੰਧਤ ਹਰ ਭਾਵਨਾ, ਪਲ ਨੂੰ ਆਪਣੀ ਆਵਾਜ਼ ਰਾਹੀਂ ਪ੍ਰਗਟ ਕੀਤਾ। ਚੇਅਰਮੈਨ ਨੇ ਕਿਹਾ ਕਿ ਲਤਾ ਜੀ ਵੱਲੋਂ ਸਥਾਪਿਤ ਲਤਾ ਮੰਗੇਸ਼ਕਰ ਮੈਡੀਕਲ ਫਾਊਂਡੇਸ਼ਨ ਲੋੜਵੰਦ ਮਰੀਜ਼ਾਂ ਦੀ ਮਦਦ ਕਰਦੀ ਹੈ। ਹੋਰ ਕਈ ਸਮਾਜ ਭਲਾਈ ਕਾਰਜ ਵੀ ਉਹ ਕਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਵੰਬਰ 1999 ਵਿਚ ਰਾਜ ਸਭਾ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਤੇ ਉਹ ਨਵੰਬਰ 2005 ਤੱਕ ਰਾਜ ਸਭਾ ਦੇ ਮੈਂਬਰ ਰਹੇ। ਰਾਜ ਸਭਾ ਵਿਚ ਵੀ ਮੈਂਬਰਾਂ ਨੇ ਖੜ੍ਹੇ ਹੋ ਕੇ ਵਿਛੜੀ ਸ਼ਖ਼ਸੀਅਤ ਨੂੰ ਸਤਿਕਾਰ ਦਿੱਤਾ। -ਪੀਟੀਆਈ



Most Read

2024-09-23 04:31:38