Breaking News >> News >> The Tribune


ਭਗਤ ਸਿੰਘ ਤੇ ਗਾਂਧੀ ਦੇ ਯੋਗਦਾਨ ਨੂੰ ਦਰਸਾਉਣ ਲਈ ਦੋ ਥਾਣਿਆਂ ਦੀ ਹੋਵੇਗੀ ਕਾਇਆ ਕਲਪ


Link [2022-02-08 07:14:45]



ਮਨਧੀਰ ਸਿੰਘ ਦਿਓਲਨਵੀਂ ਦਿੱਲੀ, 7 ਫਰਵਰੀ

ਦਿੱਲੀ ਦੇ ਪਾਰਲੀਮੈਂਟ ਸਟਰੀਟ ਤੇ ਤੁਗਲਕ ਰੋਡ ਪੁਲੀਸ ਸਟੇਸ਼ਨਾਂ ਦੀ ਇਤਿਹਾਸਕ ਮਹੱਤਤਾ ਤੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਸਬੰਧਾਂ ਨੂੰ ਉਜਾਗਰ ਕਰਨ ਲਈ ਛੇਤੀ ਹੀ ਇਨ੍ਹਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਸ਼ਕ ਦਾ ਮੰਤਵ ਦੋ ਮਹਾਨ ਵਿਅਕਤੀਆਂ ਨਾਲ ਜੁੜੇ ਥਾਣਿਆਂ ਤੇ ਉਨ੍ਹਾਂ ਦੇ ਇਤਿਹਾਸ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ 8 ਅਪਰੈਲ, 1929 ਨੂੰ ਦੁਪਹਿਰ 12.30 ਵਜੇ, ਭਗਤ ਸਿੰਘ ਨੇ ਆਜ਼ਾਦੀ ਘੁਲਾਟੀਏ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਪਾਰਲੀਮੈਂਟ (ਕੇਂਦਰੀ ਵਿਧਾਨ ਸਭਾ) ਅੰਦਰ ਦੋ ਬੰਬ ਸੁੱਟੇ। ਉਨ੍ਹਾਂ ਨੇ ਉੱਥੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਏ ਅਤੇ ਹਾਲ ਵਿੱਚ ਪਰਚੇ ਸੁੱਟ ਦਿੱਤੇ। ਪਾਰਲੀਮੈਂਟ ਸਟਰੀਟ ਪੁਲੀਸ ਸਟੇਸ਼ਨ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਸੀ ਤੇ ਦੋਵਾਂ ਨੂੰ ਇਸ ਥਾਣੇ ਵਿੱਚ ਰੱਖਿਆ ਗਿਆ ਸੀ। ਭਗਤ ਸਿੰਘ ਦੀ ਇਸ ਕਾਰਵਾਈ ਨੂੰ ਆਜ਼ਾਦੀ ਸੰਗਰਾਮ ਦੇ ਸਭ ਤੋਂ ਸ਼ਾਨਦਾਰ ਅਧਿਆਇਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤੁਗਲਕ ਰੋਡ ਥਾਣੇ ਵਿੱਚ ਗਾਂਧੀ ਜੀ ਦੀ ਹੱਤਿਆ ਦੀ ਐੱਫਆਈਆਰ ਦਰਜ ਕੀਤੀ ਗਈ ਸੀ। ਨਵੀਂ ਦਿੱਲੀ ਦੇ ਡੀਸੀਪੀ ਦੀਪਕ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਦੇ ਦੋ ਪੁਲੀਸ ਸਟੇਸ਼ਨ ਪਾਰਲੀਮੈਂਟ ਸਟਰੀਟ ਤੇ ਤੁਗਲਕ ਰੋਡ ਵਿਰਾਸਤੀ ਇਮਾਰਤਾਂ ਹਨ। ਪਹਿਲਾਂ ਹੀ ਇਨ੍ਹਾਂ ਸਟੇਸ਼ਨਾਂ 'ਤੇ ਲਾਈਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਸੁਤੰਤਰਤਾ ਸੈਨਾਨੀ ਭਗਤ ਸਿੰਘ ਤੇ ਗਾਂਧੀ ਦੀਆਂ ਯਾਦਾਂ ਨੂੰ ਯਾਦ ਕਰਨ ਲਈ ਸਟੇਸ਼ਨਾਂ ਦੀਆਂ ਕੰਧਾਂ 'ਤੇ ਪੋਸਟਰ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਦੋਵਾਂ ਥਾਣਿਆਂ ਦੇ ਖੁੱਲ੍ਹੇ ਅਹਾਤੇ ਵਿੱਚ 'ਭਜਨ' ਤੇ ਦੇਸ਼ ਭਗਤੀ ਦੇ ਗੀਤ ਵਜਾਉਣ ਦਾ ਪ੍ਰਬੰਧ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ।

ਯਾਦਵ ਨੇ ਕਿਹਾ ਕਿ ਪਾਰਲੀਮੈਂਟ ਸਟਰੀਟ ਪੁਲੀਸ ਸਟੇਸ਼ਨ ਵਿੱਚ ਪਹਿਲਾਂ ਹੀ ਗੈਲਰੀ ਖੇਤਰ ਵਿੱਚ ਭਗਤ ਸਿੰਘ ਦੀਆਂ ਤਸਵੀਰਾਂ ਤੇ ਹਵਾਲਿਆਂ ਅਤੇ ਹੋਰ ਸਬੰਧਤ ਜਾਣਕਾਰੀ ਦੇ ਪਿਛੋਕੜ ਵਿੱਚ ਰੋਸ਼ਨੀ ਵਾਲਾ ਇੱਕ ਵੱਡਾ ਬੋਰਡ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਗਲਕ ਰੋਡ ਪੁਲੀਸ ਸਟੇਸ਼ਨ 'ਤੇ ਲਾਈਟਿੰਗ ਕੀਤੀ ਗਈ ਹੈ ਤੇ ਜਲਦੀ ਹੀ ਗਾਂਧੀ ਜੀ ਦੇ ਪੋਸਟਰ ਲਾਉਣ ਦਾ ਅਮਲ ਸ਼ੁਰੂ ਹੋ ਜਾਵੇਗਾ।

'ਵਿਅਕਤੀਆਂ ਨੂੰ ਮਾਰਨਾ ਆਸਾਨ ਹੈ, ਪਰ ਤੁਸੀਂ ਵਿਚਾਰਾਂ ਨੂੰ ਨਹੀਂ ਮਾਰ ਸਕਦੇ'

ਪਾਰਲੀਮੈਂਟ ਸਟਰੀਟ ਪੁਲੀਸ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਸੱਜੇ ਪਾਸੇ ਭਗਤ ਸਿੰਘ ਦੀ ਫੋਟੋ ਵਾਲਾ ਇੱਕ ਵੱਡਾ ਬੋਰਡ ਲਿਖਿਆ ਹੈ: 'ਵਿਅਕਤੀਆਂ ਨੂੰ ਮਾਰਨਾ ਆਸਾਨ ਹੈ, ਪਰ ਤੁਸੀਂ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਮਹਾਨ ਸਾਮਰਾਜ ਢਹਿ-ਢੇਰੀ ਹੋ ਗਏ ਜਦੋਂ ਕਿ ਵਿਚਾਰ ਜ਼ਿੰਦਾ ਰਹਿੰਦੇ ਹਨ: ਭਗਤ ਸਿੰਘ।' ਭਗਤ ਸਿੰਘ ਅਪਰੈਲ 1929 ਵਿਚ ਅਸੈਂਬਲੀ ਬੰਬ ਧਮਾਕੇ ਦੇ ਮਾਮਲੇ ਵਿਚ ਇਸ ਥਾਣੇ ਵਿਚ ਬੰਦ ਸੀ।



Most Read

2024-09-23 04:26:35