Breaking News >> News >> The Tribune


ਆਸ਼ਾ ਭੌਸਲੇ ਨੇ ਲਤਾ ਦੀਦੀ ਨੂੰ ਕੀਤਾ ਯਾਦ


Link [2022-02-08 07:14:45]



ਮੁੰਬਈ, 7 ਫਰਵਰੀ

ਉੱਘੀ ਗਾਇਕਾ ਆਸ਼ਾ ਭੌਸਲੇ (88) ਨੇ ਆਪਣੀ ਵੱਡੀ ਭੈਣ ਤੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਯਾਦ ਕਰਦਿਆਂ ਆਪਣੇ ਦੋਵਾਂ ਦੀ ਬਚਪਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਆਸ਼ਾ ਨੇ ਤਸਵੀਰ ਜ਼ਰੀਏ ਇਕੱਠਿਆਂ ਬਿਤਾਏ ਸਾਲਾਂ ਨੂੰ ਯਾਦ ਕੀਤਾ। 'ਸੁਰਾਂ ਦੀ ਮਲਿਕਾ' ਲਤਾ ਮੰਗੇਸ਼ਕਰ ਦਾ ਐਤਵਾਰ ਨੂੰ ਮੁੰਬਈ ਦੇ ਹਸਪਤਾਲ ਵਿੱਚ 92 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਸੀ। ਲਤਾ ਮੰਗੇਸ਼ਕਰ ਦੇ ਪੂਰੇ ਰਾਜਸੀ ਸਨਮਾਨਾਂ ਨਾਲ ਸਸਕਾਰ ਤੋਂ ਕੁਝ ਘੰਟਿਆਂ ਮਗਰੋਂ ਜਾਰੀ ਇਹ ਪੋਸਟ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਹੈ। ਇਸ ਕਾਲੀ ਤੇ ਸਫੇਦ ਫੋਟੋ ਵਿੱਚ ਲਤਾ ਮੰਗੇਸ਼ਕਰ ਵਾਲਾਂ ਵਿੱਚ ਫੁੱਲ ਜੜੀ ਆਸ਼ਾ ਨਾਲ ਬੈਠੀ ਨਜ਼ਰ ਆ ਰਹੀ ਹੈ। ਭੌਸਲੇ ਨੇ ਤਸਵੀਰ ਹੇਠਾਂ ਲਿਖਿਆ, ''ਬਚਪਨ ਕੇ ਦਿਨ ਭੀ ਕਿਆ ਦਿਨ ਥੇ। ਦੀਦੀ ਤੇ ਮੈਂ।''

ਅੱਠ ਦਹਾਕਿਆਂ ਦੇ ਆਪਣੇ ਗਾਇਕੀ ਕਰੀਅਰ ਦੌਰਾਨ ਲਤਾ ਮੰਗੇਸ਼ਕਰ ਨੇ ਆਸ਼ਾ ਨਾਲ 50 ਤੋਂ ਵੱਧ ਦੋਗਾਣਾ ਗਾਏ, ਜਿਨ੍ਹਾਂ ਵਿੱਚ ਫ਼ਿਲਮ 'ਪੜੋਸਨ' ਦਾ ਗੀਤ 'ਮੈਂ ਚਲੀ ਮੈਂ ਚਲੀ', ਫ਼ਿਲਮ 'ਉਤਸਵ' ਦਾ ਗੀਤ 'ਮਨ ਕਿਉਂ ਬਹਿਕਾ ਰੇ' ਤੇ ਫ਼ਿਲਮ 'ਧਰਮ-ਵੀਰ' ਦਾ ਗੀਤ 'ਬੰਦ ਹੋ ਮੁੱਠੀ ਤੋਂ ਲਾਖ ਕੀ' ਆਦਿ ਸ਼ਾਮਲ ਹਨ। ਪੰਜ ਭੈਣ-ਭਰਾਵਾਂ (ਮੀਨਾ, ਆਸ਼ਾ, ਊਸ਼ਾ ਤੇ ਹਰਿਦੈਨਾਥ) 'ਚੋਂ ਸਭ ਤੋਂ ਵੱਡੀ ਲਤਾ ਮੰਗੇਸ਼ਕਰ ਦਾ ਐਤਵਾਰ ਸਵੇਰੇ ਕੋਵਿਡ-19 ਨਾਲ ਜੁੜੇ ਹੋਰ ਵਿਗਾੜਾਂ ਕਰਕੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਮੰਗੇਸ਼ਕਰ ਨੂੰ 11 ਜਨਵਰੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਦਾਦਰ ਖੇਤਰ ਦੇ ਸ਼ਿਵਾਜੀ ਪਾਰਕ 'ਚ ਲੰਘੀ ਸ਼ਾਮ ਨੂੰ ਹੋਏ ਸਸਕਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਿਆਸਤ ਤੇ ਫਿਲਮ ਜਗਤ ਦੀਆਂ ਕਈ ਉੱਘੀਆਂ ਹਸਤੀਆਂ ਮੌਜੂਦ ਸਨ। ਅੰਤਿਮ ਰਸਮਾਂ ਵਿੱਚ ਮੁੱਖ ਮੰਤਰੀ ਊਧਵ ਠਾਕਰੇ, ਉਪ ਮੁੱਖ ਮੰਤਰੀ ਅਜੀਤ ਪਵਾਰ, ਐੱਨਸੀਪੀ ਮੁਖੀ ਸ਼ਰਦ ਪਵਾਰ, ਅਦਾਕਾਰ ਸ਼ਾਹਰੁਖ਼ ਖ਼ਾਨ ਤੇ ਆਮਿਰ ਖ਼ਾਨ, ਕ੍ਰਿਕਟਰ ਸਚਿਨ ਤੇਂਦੁਲਕਰ ਤੇ ਮਹਾਰਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਦੀ ਹਾਜ਼ਰ ਸਨ। -ਪੀਟੀਆਈ

ਇੰਦੌਰ ਵਿੱਚ ਲਤਾ ਦੇ ਨਾਂ 'ਤੇ ਸੰਗੀਤ ਅਕੈਡਮੀ ਤੇ ਮਿਊਜ਼ੀਅਮ ਖੋਲ੍ਹਣ ਦਾ ਐਲਾਨ

ਭੋਪਾਲ/ਮੁੰਬਈ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ ਵਿੱਚ ਅੱਜ ਇਥੇ ਬੂਟਾ ਲਾਉਂਦਿਆਂ ਉਨ੍ਹਾਂ ਦੇ ਜਨਮ ਅਸਥਾਨ ਇੰਦੌਰ ਵਿੱਚ ਸੰਗੀਤ ਅਕੈਡਮੀ ਤੇ ਮਿਊਜ਼ੀਅਮ ਖੋਲ੍ਹਣ ਦਾ ਐਲਾਨ ਕੀਤਾ ਹੈ। ਚੌਹਾਨ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਲਤਾ ਦੀਦੀ ਵੱਲੋਂ ਗਾਏ ਸਾਰੇ ਗੀਤਾਂ ਨੂੰ ਦਰਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੰਦੌਰ 'ਚ ਸੁਰਾਂ ਦੀ ਮਲਿਕਾ ਦਾ ਬੁੱਤ ਲਾਉਣ ਤੋਂ ਇਲਾਵਾ ਮੰਗੇਸ਼ਕਰ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਨਾਂ 'ਤੇ ਐਵਾਰਡ ਵੀ ਦਿੱਤਾ ਜਾਵੇਗਾ। ਇਸ ਦੌਰਾਨ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਨੇ ਲਤਾ ਮੰਗੇਸ਼ਕਰ ਦੇ ਸਸਕਾਰ ਵਾਲੀ ਥਾਂ ਯਾਦਗਾਰ ਬਣਾੲੇ ਜਾਣ ਦੀ ਮੰਗ ਕੀਤੀ ਹੈ।



Most Read

2024-09-23 04:25:21