Breaking News >> News >> The Tribune


ਕਿਸਾਨਾਂ ਦੇ ਗੜ੍ਹ ’ਚ ਮੋਦੀ ਨੇ ‘ਸਪਾ’ ’ਤੇ ਸੇਧਿਆ ਨਿਸ਼ਾਨਾ


Link [2022-02-08 07:14:45]



ਬਿਜਨੌਰ, 7 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੀਆਂ ਵਿਰੋਧੀ ਧਿਰਾਂ ਗਲਤ ਢੰਗ ਨਾਲ ਕਿਸਾਨ ਆਗੂ ਚੌਧਰੀ ਚਰਨ ਸਿੰਘ ਦੀ ਵਿਰਾਸਤ ਉਤੇ ਦਾਅਵੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦ ਇਹ ਧਿਰਾਂ ਸੱਤਾ ਵਿਚ ਸਨ ਤਾਂ ਉੱਤਰ ਪ੍ਰਦੇਸ਼ ਵਿਚ 'ਵਿਕਾਸ ਦੀ ਨਦੀ' ਇਨ੍ਹਾਂ ਰੋਕੀ ਹੋਈ ਸੀ। ਪੱਛਮੀ ਯੂਪੀ ਦੇ ਤਿੰਨ ਜ਼ਿਲ੍ਹਿਆਂ- ਬਿਜਨੌਰ, ਮੁਰਾਦਾਬਾਦ ਤੇ ਅਮਰੋਹਾ ਲਈ ਆਨਲਾਈਨ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ 'ਗੁਮਰਾਹ' ਕਰਨ ਵਾਲਿਆਂ ਨੂੰ ਬਿਜਲੀ ਸਪਲਾਈ ਦੇ ਮਾਮਲੇ ਉਤੇ ਸਵਾਲ ਪੁੱਛਣ। ਦੱਸਣਯੋਗ ਹੈ ਕਿ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਚੋਣਾਂ ਦੂਜੇ ਗੇੜ 'ਚ 14 ਫਰਵਰੀ ਨੂੰ ਹੋਣਗੀਆਂ। ਮੋਦੀ ਨੇ ਆਪਣੀ ਇਹ ਪਹਿਲੀ ਹਾਈਬ੍ਰਿਡ ਰੈਲੀ ਖ਼ੁਦ ਜਾ ਕੇ ਅਤੇ ਵਰਚੁਅਲ ਢੰਗ ਨਾਲ ਕਰਨੀ ਸੀ ਪਰ ਉਹ ਖ਼ਰਾਬ ਮੌਸਮ ਕਾਰਨ ਬਿਜਨੌਰ ਨਹੀਂ ਜਾ ਸਕੇ ਤੇ ਬਾਅਦ ਵਿਚ ਰੈਲੀ ਨੂੰ ਡਿਜੀਟਲੀ ਸੰਬੋਧਨ ਕੀਤਾ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਲਾਂਕਿ ਬਿਜਨੌਰ ਵਿਚ ਰੈਲੀ ਨੂੰ ਖ਼ੁਦ ਜਾ ਕੇ ਸੰਬੋਧਨ ਕੀਤਾ। ਇਹ ਖੇਤਰ ਕਿਸਾਨਾਂ ਦਾ ਗੜ੍ਹ ਹੈ ਤੇ ਗੰਨਾ ਇੱਥੇ ਬਹੁਤ ਵੱਡੀ ਗਿਣਤੀ ਵਿਚ ਬੀਜਿਆ ਜਾਂਦਾ ਹੈ। ਮੋਦੀ ਨੇ ਕਿਹਾ ਕਿ ਕਿਸਾਨ ਵਿਰੋਧੀ ਧਿਰਾਂ ਨੂੰ ਪੁੱਛਣ ਕਿ ਜਦ ਉਹ ਸੱਤਾ ਵਿਚ ਸਨ ਤਾਂ ਇਲਾਕੇ ਵਿਚ ਪਿੰਡਾਂ ਨੂੰ ਕਿੰਨੀ ਬਿਜਲੀ ਮਿਲ ਰਹੀ ਸੀ। ਮੋਦੀ ਨੇ ਇਸ ਮੌਕੇ ਕਿਹਾ ਕਿ ਕੇਂਦਰ ਤੇ ਯੂਪੀ ਦੀ ਭਾਜਪਾ ਸਰਕਾਰ ਕਿਸਾਨ ਭਰਾਵਾਂ ਦਾ ਸਨਮਾਨ ਤੇ ਹੱਕ ਬਹਾਲ ਕਰਨ ਲਈ ਵਚਨਬੱਧ ਹੈ।

ਭਾਜਪਾ ਲਈ ਮੌਸਮ ਖ਼ਰਾਬ, ਬਿਜਨੌਰ 'ਚ ਸੂਰਜ ਚਮਕ ਰਿਹੈ: ਚੌਧਰੀ

ਨੋਇਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੌਸਮ ਸਹੀ ਨਾ ਹੋਣ ਕਾਰਨ ਰੱਦ ਕੀਤੀ ਗਈ ਵਿਅਕਤੀਗਤ ਰੈਲੀ 'ਤੇ ਵਿਅੰਗ ਕਸਦਿਆਂ ਆਰਐਲਡੀ ਪ੍ਰਧਾਨ ਜੈਅੰਤ ਚੌਧਰੀ ਨੇ ਕਿਹਾ ਕਿ 'ਭਾਜਪਾ ਲਈ ਹੀ ਮੌਸਮ ਖ਼ਰਾਬ ਹੈ', ਇਸ ਲਈ ਮੋਦੀ ਖ਼ੁਦ ਨਹੀਂ ਆਏ। ਦੱਸਣਯੋਗ ਹੈ ਕਿ ਬਿਜਨੌਰ ਦੇ ਵਰਧਮਾਨ ਕਾਲਜ ਦੇ ਮੈਦਾਨ ਵਿਚ ਰੈਲੀ ਲਈ ਪ੍ਰਬੰਧ ਕੀਤੇ ਗਏ ਸਨ ਪਰ ਭਾਜਪਾ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਖ਼ਰਾਬ ਮੌਸਮ ਕਾਰਨ ਨਹੀਂ ਪਹੁੰਚ ਸਕੇ। ਚੌਧਰੀ ਨੇ ਟਵੀਟ ਕੀਤਾ, 'ਬਿਜਨੌਰ ਵਿਚ ਤਾਂ ਸੂਰਜ ਚਮਕ ਰਿਹੈ ਪਰ ਭਾਜਪਾ ਲਈ ਮੌਸਮ ਖ਼ਰਾਬ ਹੈ!' ਜੈਅੰਤ ਨੇ ਬਿਜਨੌਰ ਦੇ ਮੌਸਮ ਬਾਰੇ ਗੂਗਲ ਦੀ ਮੌਸਮ ਰਿਪੋਰਟ ਵੀ ਸਾਂਝੀ ਕੀਤੀ ਜਿਸ ਵਿਚ ਮੌਸਮ ਸਾਫ਼ ਦੱਸਿਆ ਗਿਆ ਹੈ। -ਪੀਟੀਆਈ

ਕਾਂਗਰਸ ਨੇ ਉੱਤਰਾਖੰਡ ਦੇ ਸੁਫ਼ਨਿਆਂ ਦਾ ਗਲ਼ਾ ਘੁੱਟਿਆ: ਮੋਦੀ

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉੱਤਰਾਖੰਡ ਵਿਚ ਅਗਾਮੀ ਵਿਧਾਨ ਸਭਾ ਚੋਣਾਂ 'ਚ ਮੁਕਾਬਲਾ ਉਨ੍ਹਾਂ ਵਿਚਾਲੇ ਹੈ ਜਿਨ੍ਹਾਂ ਸੂਬੇ ਦੀ ਸਥਾਪਨਾ ਕੀਤੀ ਤੇ ਦੂਜੇ ਉਹ ਹਨ ਜਿਨ੍ਹਾਂ, 'ਇਸ ਦੀ ਸਥਾਪਨਾ ਦੇ ਵਿਰੋਧ ਲਈ ਸਾਜ਼ਿਸ਼ ਘੜੀ।' ਹਰਿਦੁਆਰ ਵਿਚ ਇਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਉੱਤਰਾਖੰਡ ਤੇ ਕੇਂਦਰ ਵਿਚ ਰਹੀਆਂ ਕਾਂਗਰਸ ਸਰਕਾਰਾਂ ਨੇ ਸੂਬੇ ਦਾ ਵਿਕਾਸ ਨਹੀਂ ਹੋਣ ਦਿੱਤਾ ਤੇ ਸੂਬੇ ਦੀ ਸਥਾਪਨਾ ਵੀ ਕਾਂਗਰਸ ਦੀ ਇੱਛਾ ਦੇ ਖ਼ਿਲਾਫ਼ ਜਾ ਕੇ ਹੋਈ ਸੀ। ਮੋਦੀ ਨੇ ਸੂਬੇ ਤੇ ਕੇਂਦਰ ਵਿਚਲੀਆਂ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ 'ਡਬਲ-ਬ੍ਰੇਕ' ਸਰਕਾਰਾਂ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਰਾਜ ਵਿਚ ਰਿਸ਼ੀਕੇਸ਼-ਕਰਣਪ੍ਰਯਾਗ ਰੇਲਵੇ ਲਾਈਨ ਦਾ ਮੁਕੰਮਲ ਨਾ ਹੋਣਾ ਪਾਰਟੀ ਦੀ 'ਵਿਕਾਸ ਵਿਰੋਧੀ ਪਹੁੰਚ' ਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉੱਤਰਾਖੰਡ ਦੇ ਸੁਫ਼ਨਿਆਂ ਦਾ ਗਲ਼ ਘੁੱਟਣ ਦਾ ਪਾਪ ਕੀਤਾ ਹੈ ਤੇ ਸੂਬੇ ਦੇ ਲੋਕ ਇਸ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕ 14 ਫਰਵਰੀ ਨੂੰ ਵੋਟ ਦੇਣ ਵੇਲੇ 'ਕਾਂਗਰਸ ਦੇ ਪਾਪਾਂ' ਨੂੰ ਯਾਦ ਰੱਖਣ। ਮੋਦੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਾਲੀ ਨੌਜਵਾਨ ਲੀਡਰਸ਼ਿਪ ਤੇ 'ਡਬਲ ਇੰਜਣ' ਸਰਕਾਰ ਨੂੰ ਵੋਟ ਦੇਣ ਤਾਂ ਕਿ ਸੂਬੇ ਵਿਚ ਵੱਡੇ ਵਿਕਾਸ ਪ੍ਰਾਜੈਕਟ ਬੇਰੋਕ ਜਾਰੀ ਰਹਿਣ। -ਪੀਟੀਆਈ



Most Read

2024-09-23 04:37:35