Breaking News >> News >> The Tribune


ਕਰਨਾਟਕ ਦੇ ਕਾਲਜਾਂ ’ਚ ਹਿਜਾਬ ਬਨਾਮ ਭਗਵਾ ਸ਼ਾਲ ਵਿਵਾਦ ਭਖਿਆ


Link [2022-02-08 07:14:45]



ਮੰਗਲੂਰੂ, 7 ਫਰਵਰੀ

ਕਰਨਾਟਕ ਦੇ ਕਾਲਜਾਂ 'ਚ ਹਿਜਾਬ-ਭਗਵਾ ਸ਼ਾਲ ਵਿਵਾਦ ਭਖ਼ ਗਿਆ ਹੈ। ਦੋ ਜੂਨੀਅਰ ਕਾਲਜਾਂ ਦੇ ਵਿਦਿਆਰਥੀਆਂ ਨੇ ਵਰਦੀ ਲਾਜ਼ਮੀ ਪਹਿਨਣ ਸਬੰਧੀ ਜਾਰੀ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ। ਸੂਬੇ ਦੇ ਸਿੱਖਿਆ ਵਿਭਾਗ ਨੇ ਸ਼ਨਿਚਰਵਾਰ ਨੂੰ ਕਾਲਜਾਂ 'ਚ ਵਰਦੀ ਲਾਜ਼ਮੀ ਕਰਨ ਸਬੰਧੀ ਹੁਕਮ ਜਾਰੀ ਕੀਤੇ ਸਨ। ਕੁੰਦਾਪੁਰ ਦੇ ਵੈਂਕਟਰਮੰਨਾ ਕਾਲਜ ਦੇ ਕੁਝ ਵਿਦਿਆਰਥੀ ਸੋਮਵਾਰ ਨੂੰ ਭਗਵੇ ਸ਼ਾਲ ਲੈ ਕੇ ਕਾਲਜ ਪੁੱਜੇ। ਉਨ੍ਹਾਂ ਨੂੰ ਪ੍ਰਿੰਸੀਪਲ ਅਤੇ ਪੁਲੀਸ ਨੇ ਕਾਲਜ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਲੜਕੀਆਂ ਨੂੰ ਹਿਜਾਬ ਪਾ ਕੇ ਜਮਾਤਾਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਸ਼ਾਲਾਂ ਲੈ ਕੇ ਆਉਣਗੇ। ਜਦੋਂ ਪ੍ਰਿੰਸੀਪਲ ਨੇ ਭਰੋਸਾ ਦਿੱਤਾ ਕਿ ਕੋਈ ਵੀ ਵਿਦਿਆਰਥਣ ਹਿਜਾਬ ਪਾ ਕੇ ਕਲਾਸ 'ਚ ਦਾਖ਼ਲ ਨਹੀਂ ਹੋਵੇਗੀ ਤਾਂ ਵਿਦਿਆਰਥੀ ਸ਼ਾਲਾਂ ਉਤਾਰ ਕੇ ਕਲਾਸਾਂ ਲਗਾਉਣ ਲਈ ਸਹਿਮਤ ਹੋ ਗਏ। ਕੁੰਦਾਪੁਰ ਦੇ ਸਰਕਾਰੀ ਪੀਯੂ ਕਾਲਜ 'ਚ ਵੀ ਪ੍ਰਿੰਸੀਪਲ ਨੇ ਹਿਜਾਬ ਪਹਿਨ ਕੇ ਆਈਆਂ ਮੁਸਲਿਮ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰੀ ਹੁਕਮਾਂ ਤੋਂ ਜਾਣੂ ਕਰਵਾਇਆ। ਜਦੋਂ ਵਿਦਿਆਰਥਣਾਂ ਨੇ ਹਿਜਾਬ ਉਤਾਰਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਨੂੰ ਵੱਖਰੇ ਕਮਰੇ 'ਚ ਬੈਠਣ ਲਈ ਆਖਿਆ ਗਿਆ। ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਕਿਹਾ ਕਿ ਜਿਹੜੀਆਂ ਵਿਦਿਆਰਥਣਾਂ ਹਿਜਾਬ ਪਹਿਨਣ 'ਤੇ ਬਜ਼ਿਦ ਰਹਿਣਗੀਆਂ, ਉਨ੍ਹਾਂ ਨੂੰ ਸਰਕਾਰੀ ਵਿਦਿਆ ਸੰਸਥਾਨਾਂ 'ਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਾਲਜ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕੁਝ ਵਿਦਿਆਰਥੀਆਂ ਨੂੰ ਵੱਖਰੇ ਕਮਰੇ 'ਚ ਬੈਠਣ ਲਈ ਕਿਹਾ ਪਰ ਉਨ੍ਹਾਂ ਨੂੰ ਪੜ੍ਹਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਸਿਰਫ਼ ਇਕ ਦਿਨ ਲਈ ਕੀਤਾ ਗਿਆ ਹੈ ਕਿਉਂਕਿ ਹਰ ਕੋਈ ਕਰਨਾਟਕ ਹਾਈ ਕੋਰਟ 'ਚ ਮੰਗਲਵਾਰ ਨੂੰ ਹੋਣ ਜਾ ਰਹੀ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਚਿਕਮੰਗਲੂਰੂ ਦੇ ਇਕ ਕਾਲਜ 'ਚ ਕੁਝ ਵਿਦਿਆਰਥੀ ਨੀਲੇ ਸਕਾਰਫ ਪਹਿਨ ਕੇ ਪਹੁੰਚੇ ਜੋ ਭਗਵਾ ਸਕਾਰਫ ਪਾ ਕੇ ਆਏ ਵਿਦਿਆਰਥੀਆਂ ਮੂਹਰੇ 'ਜੈ ਭੀਮ' ਦੇ ਨਾਅਰੇ ਲਾ ਰਹੇ ਸਨ। ਇਹ ਵਿਦਿਆਰਥੀ ਹਿਜਾਬ ਪਹਿਨਣ ਵਾਲੀਆਂ ਲੜਕੀਆਂ ਦੀ ਹਮਾਇਤ ਕਰ ਰਹੇ ਸਨ। ਚਿੱਕਾਬਲਾਪੂਰਾ, ਬਾਗਲਕੋਟ, ਬੇਲਾਗਾਵੀ, ਹਾਸਨ ਅਤੇ ਮਾਂਡਿਆ ਦੇ ਕਾਲਜਾਂ 'ਚ ਵੀ ਵਿਦਿਆਰਥੀਆਂ ਦੇ ਹਿਜਾਬ ਅਤੇ ਭਗਵੇ ਸਕਾਰਫ ਪਹਿਨ ਕੇ ਪੁੱਜਣ ਦੀਆਂ ਰਿਪੋਰਟਾਂ ਹਨ। ਉਧਰ ਪ੍ਰਦਰਸ਼ਨਾਂ ਦੌਰਾਨ ਚਾਕੂ ਲਹਿਰਾਉਣ ਦੇ ਦੋਸ਼ ਹੇਠ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ

ਬੋਮਈ ਵੱਲੋਂ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ

ਨਵੀਂ ਦਿੱਲੀ/ਬੰਗਲੂਰੂ: ਹਿਜਾਬ ਵਿਵਾਦ ਸਬੰਧੀ ਅਰਜ਼ੀ 'ਤੇ ਕਰਨਾਟਕ ਹਾਈ ਕੋਰਟ 'ਚ ਸੁਣਵਾਈ ਤੋਂ ਪਹਿਲਾਂ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਹਰ ਕਿਸੇ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ 'ਚ ਸ਼ਾਂਤੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਰਕਾਰ ਅਦਾਲਤ ਦੇ ਹੁਕਮਾਂ ਮਗਰੋਂ ਕਦਮ ਉਠਾਏਗੀ। ਉਨ੍ਹਾਂ ਵਿਦਿਅਕ ਅਦਾਰਿਆਂ ਨੂੰ ਵੀ ਕਿਹਾ ਕਿ ਜਦੋਂ ਤੱਕ ਅਦਾਲਤ ਦੇ ਹੁਕਮ ਨਹੀਂ ਆ ਜਾਂਦੇ, ਉਦੋਂ ਤੱਕ ਉਹ ਸਰਕਾਰ ਵੱਲੋਂ ਵਰਦੀ ਬਾਰੇ ਜਾਰੀ ਨੇਮਾਂ ਦਾ ਲਾਜ਼ਮੀ ਤੌਰ 'ਤੇ ਪਾਲਣ ਕਰਨ। ਕੌਮੀ ਰਾਜਧਾਨੀ 'ਚ ਪਹੁੰਚਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬੋਮਈ ਨੇ ਕਿਹਾ,''ਇਹ ਮਾਮਲਾ ਹਾਈ ਕੋਰਟ 'ਚ ਹੈ ਅਤੇ ਇਸ ਦਾ ਨਿਬੇੜਾ ਉਥੇ ਹੀ ਹੋਵੇਗਾ। ਇਸ ਕਰਕੇ ਮੈਂ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਾ ਹਾਂ ਅਤੇ ਕਿਸੇ ਨੂੰ ਵੀ ਸ਼ਾਂਤੀ ਭੰਗ ਨਹੀਂ ਕਰਨੀ ਚਾਹੀਦੀ ਹੈ।'' ਕਰਨਾਟਕ ਹਾਈ ਕੋਰਟ ਵੱਲੋਂ ਮੰਗਲਵਾਰ ਨੂੰ ਉਡੁਪੀ ਦੇ ਸਰਕਾਰੀ ਪ੍ਰੀ ਯੂਨੀਵਰਸਿਟੀ ਕਾਲਜ 'ਚ ਪੜ੍ਹ ਰਹੀਆਂ ਪੰਜ ਲੜਕੀਆਂ ਵੱਲੋਂ ਦਾਖ਼ਲ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਜਾਵੇਗੀ ਜਿਸ 'ਚ ਉਨ੍ਹਾਂ ਕਾਲਜ 'ਚ ਹਿਜਾਬ ਪਹਿਨਣ 'ਤੇ ਲਾਈ ਗਈ ਪਾਬੰਦੀ ਉਪਰ ਸਵਾਲ ਉਠਾਏ ਹਨ। ਬੋਮਈ ਨੇ ਕਿਹਾ ਕਿ ਸੰਵਿਧਾਨ 'ਚ ਇਸ ਗੱਲ ਦਾ ਜ਼ਿਕਰ ਹੈ ਕਿ ਸਕੂਲਾਂ ਅਤੇ ਕਾਲਜਾਂ 'ਚ ਕਿਹੋ ਜਿਹੀ ਵਰਦੀ ਪਾਈ ਜਾਣੀ ਚਾਹੀਦੀ ਹੈ ਅਤੇ ਸੂਬੇ ਦੇ ਸਿੱਖਿਆ ਐਕਟ 'ਚ ਵੀ ਨੇਮਾਂ ਬਾਰੇ ਸਪੱਸ਼ਟ ਕੀਤਾ ਗਿਆ ਹੈ। ਸੂਬੇ 'ਚ ਹਿਜਾਬ ਵਿਵਾਦ ਠੰਢਾ ਨਾ ਪੈਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਕਰਨਾਟਕ ਤੱਕ ਸੀਮਤ ਨਹੀਂ ਹੈ ਅਤੇ ਇਹ ਕੇਰਲਾ ਅਤੇ ਮਹਾਰਾਸ਼ਟਰ ਜਿਹੇ ਸੂਬਿਆਂ 'ਚ ਵੀ ਵਿਚਾਰਿਆ ਗਿਆ ਹੈ ਜਿਥੇ ਇਸ ਦਾ ਫ਼ੈਸਲਾ ਹਾਈ ਕੋਰਟਾਂ ਵੱਲੋਂ ਕੀਤਾ ਗਿਆ। -ਪੀਟੀਆਈ



Most Read

2024-09-23 04:40:31