Breaking News >> News >> The Tribune


ਸਿੱਖਾਂ ਦੀ ਪਗੜੀ ਵਾਂਗ ਹੈ ਮੁਸਲਮਾਨਾਂ ਲਈ ਹਿਜਾਬ: ਪ੍ਰਤਾਪਨ


Link [2022-02-08 07:14:45]



ਨਵੀਂ ਦਿੱਲੀ, 7 ਫਰਵਰੀ

ਕਰਨਾਟਕ ਦੇ ਕਾਲਜਾਂ 'ਚ ਹਿਜਾਬ ਪਹਿਨਣ 'ਤੇ ਲਾਈ ਗਈ ਪਾਬੰਦੀ ਦਾ ਮਾਮਲਾ ਲੋਕ ਸਭਾ 'ਚ ਵੀ ਗੂੰਜਿਆ। ਕਾਂਗਰਸ ਦੇ ਕੇਰਲਾ ਤੋਂ ਸੰਸਦ ਮੈਂਬਰ ਟੀ ਐੱਨ ਪ੍ਰਤਾਪਨ ਨੇ ਅੱਜ ਲੋਕ ਸਭਾ 'ਚ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਮੁਸਲਿਮ ਮਹਿਲਾਵਾਂ ਦਾ ਹਿਜਾਬ, ਹਿੰਦੂਆਂ ਦੇ ਮੰਗਲਸੂਤਰ, ਇਸਾਈਆਂ ਦੇ ਕ੍ਰਾਸ ਦੇ ਚਿੰਨ੍ਹ ਅਤੇ ਸਿੱਖਾਂ ਦੀ ਪਗੜੀ ਵਾਂਗ ਹੈ। ਉਨ੍ਹਾਂ ਇਸ ਮਾਮਲੇ 'ਚ ਕੇਂਦਰੀ ਸਿੱਖਿਆ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ। ਸ੍ਰੀ ਪ੍ਰਤਾਪਨ ਨੇ ਸਿਫ਼ਰ ਕਾਲ ਦੌਰਾਨ ਕਿਹਾ,''ਲੜਕੀਆਂ ਜਮਾਤਾਂ ਦੇ ਬਾਹਰ ਬੈਠੀਆਂ ਹੋਈਆਂ ਹਨ ਅਤੇ ਆਪਣੇ ਬੁਨਿਆਦੀ ਹੱਕਾਂ ਦੀ ਮੰਗ ਕਰ ਰਹੀਆਂ ਹਨ। ਹਿਜਾਬ ਇਨ੍ਹਾਂ ਲੜਕੀਆਂ ਦੇ ਸੱਭਿਆਚਾਰ ਅਤੇ ਧਾਰਮਿਕ ਪਛਾਣ ਦਾ ਹਿੱਸਾ ਹੈ।'' ਉਨ੍ਹਾਂ ਕਿਹਾ ਕਿ ਮੁਲਕ ਦੇ ਕੁਝ ਲੋਕਾਂ ਦਾ ਸੁਭਾਅ ਬਣ ਗਿਆ ਹੈ ਕਿ ਜਦੋਂ ਉਹ ਕਿਸੇ ਦਸਤਾਰਧਾਰੀ ਸਿੱਖ ਨੂੰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਦੇਖਦੇ ਹਨ ਤਾਂ ਉਨ੍ਹਾਂ ਨੂੰ 'ਖਾਲਿਸਤਾਨੀ' ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸੇ ਵਿਅਕਤੀ ਦੇ ਗਲੇ 'ਚ ਕ੍ਰਾਸ ਦੇਖਦੇ ਹਨ, ਤਾਂ ਉਸ 'ਤੇ ਹਮਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਜੇਕਰ ਕਿਸੇ ਮੁਸਲਿਮ ਲੜਕੀ ਨੂੰ ਹਿਜਾਬ ਪਹਿਨਿਆ ਦੇਖਣਗੇ ਤਾਂ ਉਸ ਨੂੰ ਪੜ੍ਹਨ ਤੋਂ ਰੋਕਿਆ ਜਾਵੇਗਾ। ਉਹ ਸਾਡੇ ਭਾਰਤ ਨੂੰ ਕਿਧਰ ਲੈ ਕੇ ਜਾ ਰਹੇ ਹਨ। ਅਸੀਂ ਆਪਣੀ ਵਿਭਿੰਨਤਾ ਨੂੰ ਗੁਆ ਨਹੀਂ ਸਕਦੇ ਹਾਂ। ਮੈਂ ਸਿੱਖਿਆ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮੁੱਦੇ 'ਤੇ ਦਖ਼ਲ ਦੇ ਕੇ ਇਨ੍ਹਾਂ ਲੜਕੀਆਂ ਦੇ ਸੰਵਿਧਾਨਕ ਹੱਕਾਂ ਨੂੰ ਯਕੀਨੀ ਬਣਾਉਣ। ਇਹ ਅਸਲ ਸਬਕਾ ਸਾਥ, ਸਬਕਾ ਵਿਕਾਸ ਹੋਵੇਗਾ। ਉਧਰ ਮੰਗਲੂਰੂ 'ਚ ਕਾਂਗਰਸ ਦੇ ਕਰਨਾਟਕ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਕਿਹਾ ਕਿ ਕਾਲਜਾਂ 'ਚ ਹਿਜਾਬ ਪਹਿਨਣ ਤੋਂ ਰੋਕਣ ਦਾ ਮਸਲਾ ਨੌਜਵਾਨਾਂ ਦੇ ਮਨਾਂ ਅੰਦਰ ਜ਼ਹਿਰ ਘੋਲਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਹਿਜਾਬ ਵਿਵਾਦ ਦੇਸ਼ ਦਾ ਅਪਮਾਨ ਹੈ ਅਤੇ ਇਹ ਰਵਾਇਤ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬੇਰੁਜ਼ਗਾਰੀ, ਮਹਿੰਗਾਈ ਅਤੇ ਪੈਟਰੋਲ ਕੀਮਤਾਂ 'ਚ ਵਾਧੇ ਦੇ ਮੁੱਦੇ ਹੱਲ ਕਰਨ ਦੀ ਬਜਾਏ ਹਿਜਾਬ ਪਹਿਨਣ ਜਿਹੇ ਮੁੱਦਿਆਂ ਨੂੰ ਆਪਣੇ ਸੌੜੇ ਹਿੱਤਾਂ ਕਾਰਨ ਭਖਾ ਰਹੀ ਹੈ। -ਪੀਟੀਆਈ



Most Read

2024-09-23 04:34:56