Breaking News >> News >> The Tribune


‘ਅਹੀਰ ਰੈਜੀਮੈਂਟ ਬਣੇ ਜਾਂ ਜਾਤਾਂ ’ਤੇ ਆਧਾਰਿਤ ਸਾਰੀਆਂ ਰੈਜੀਮੈਂਟਾਂ ਖ਼ਤਮ ਹੋਣ’


Link [2022-02-08 07:14:45]



ਨਵੀਂ ਦਿੱਲੀ, 7 ਫਰਵਰੀ

ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੌਧਰੀ ਸੁਖਰਾਮ ਸਿੰਘ ਯਾਦਵ ਨੇ ਅੱਜ ਰਾਜ ਸਭਾ 'ਚ ਮੰਗ ਕੀਤੀ ਕਿ ਸਰਕਾਰ ਨੂੰ ਥਲ ਸੈਨਾ 'ਚ ਅਹੀਰ ਰੈਜੀਮੈਂਟ ਬਣਾਉਣੀ ਚਾਹੀਦੀ ਹੈ ਜਾਂ ਜਾਤ ਆਧਾਰਿਤ ਬਾਕੀ ਸਾਰੀਆਂ ਰੈਜੀਮੈਂਟਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਬੋਲਦਿਆਂ ਯਾਦਵ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਨਾਲ ਹੋਈਆਂ ਜੰਗਾਂ ਦੌਰਾਨ ਯਾਦਵ ਭਾਈਚਾਰੇ ਨੇ ਵੀ ਬਹਾਦਰੀ ਦੇ ਕਈ ਕਾਰਨਾਮੇ ਦਿਖਾਏ ਸਨ। ਉਨ੍ਹਾਂ ਕਿਹਾ ਕਿ ਜਦੋਂ ਜਾਟ ਰੈਜੀਮੈਂਟ, ਰਾਜਪੂਤ ਰੈਜੀਮੈਂਟ, ਸਿੱਖ ਰੈਜੀਮੈਂਟ ਆਦਿ ਹੋ ਸਕਦੀਆਂ ਹਨ ਤਾਂ ਫਿਰ ਅਹੀਰ ਰੈਜੀਮੈਂਟ ਕਿਉਂ ਨਹੀਂ ਬਣਾਈ ਜਾ ਸਕਦੀ ਹੈ। 'ਯਾਦਵ ਭਾਈਚਾਰੇ ਨੂੰ ਕਈ ਬਹਾਦਰੀ ਪੁਰਸਕਾਰ ਮਿਲੇ ਹਨ। ਹੋਰ ਰੈਜੀਮੈਂਟਾਂ ਵਾਂਗ ਅਹੀਰ ਰੈਜੀਮੈਂਟ ਵੀ ਬਣੇ। ਨਹੀਂ ਤਾਂ ਜਾਤ ਆਧਾਰਿਤ ਰੈਜੀਮੈਂਟਾਂ ਦੀ ਰਵਾਇਤ ਖ਼ਤਮ ਕੀਤੀ ਜਾਵੇ।' ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਜਾਤਾਂ ਖਾਸ ਕਰਕੇ ਹੋਰ ਪੱਛੜੀਆਂ ਜਾਤਾਂ 'ਤੇ ਆਧਾਰਿਤ ਜਨਗਣਨਾ ਕਰਵਾਉਣੀ ਚਾਹੀਦੀ ਹੈ। ਸੀਪੀਆਈ ਦੇ ਬਿਨੋਏ ਬਿਸਵਮ ਨੇ ਮਤੇ ਦਾ ਵਿਰੋਧ ਕਰਦਿਆਂ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਭਾਜਪਾ ਅਤੇ ਆਰਐੱਸਐੱਸ ਦੀ ਭੂਮਿਕਾ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ,''ਅਸੀਂ ਉਥੇ ਸੀ। ਕਮਿਊਨਿਸਟ ਵੀ ਸਨ। ਪਰ ਤੁਸੀਂ ਆਖਦੇ ਹੋ ਕਿ ਇਹ ਸੰਘਰਸ਼ ਸਿਆਸੀ ਜੰਗ ਹੈ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦਾ ਸਿਆਸਤ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਤੁਸੀਂ ਉਨ੍ਹਾਂ ਦਿਨਾਂ 'ਚ ਦਾਅਵਾ ਕਰਦੇ ਸੀ ਕਿ ਆਰਐੱਸਐੱਸ ਇਕ ਸੱਭਿਆਚਾਰਕ ਜਥੇਬੰਦੀ ਹੈ।'' ਬਿਸਵਮ ਨੇ ਕਿਹਾ ਕਿ ਆਰਐੱਸਐੱਸ ਆਗੂ ਐੱਮ ਐੱਸ ਗੋਲਵਾਲਕਰ ਨੇ ਇਕ ਕਿਤਾਬ 'ਚ ਕਿਹਾ ਹੈ ਕਿ ਅਡੋਲਫ ਹਿਟਲਰ ਦੀ ਅਗਵਾਈ ਹੇਠਲੇ ਜਰਮਨੀ ਤੋਂ ਭਾਰਤ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਮੁਸਲਮਾਨ, ਕ੍ਰਿਸ਼ਚੀਅਨ ਅਤੇ ਕਮਿਊਨਿਸਟ ਦੇਸ਼ ਲਈ ਅੰਦਰੂਨੀ ਖ਼ਤਰੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੰਪਤੀ ਬੈਂਕ, ਐੱਲਆਈਸੀ, ਜੀਆਈਸੀ ਅਤੇ ਏਅਰ ਇੰਡੀਆ ਮੁਨਾਫ਼ੇ ਕਮਾਉਣ ਵਾਲੇ ਲੋਕਾਂ ਹਵਾਲੇ ਕੀਤੀ ਜਾ ਰਹੀ ਹੈ। ਭਾਜਪਾ ਦੇ ਸੰਸਦ ਮੈਂਬਰ ਜੀ ਵੀ ਐੱਲ ਨਰਸਿਮਹਾ ਰਾਓ ਨੇ ਬਿਸਵਮ ਦੇ ਦੋਸ਼ਾਂ 'ਤੇ ਇਤਰਾਜ਼ ਜਤਾਇਆ ਅਤੇ ਮੰਗ ਕੀਤੀ ਕਿ ਉਹ ਸਦਨ 'ਚ ਇਸ ਸਬੰਧੀ ਦਸਤਾਵੇਜ਼ ਪੇਸ਼ ਕਰਨ ਨਹੀਂ ਤਾਂ ਭਾਸ਼ਣ ਨੂੰ ਸੰਸਦੀ ਰਿਕਾਰਡ 'ਚੋਂ ਕੱਢਿਆ ਜਾਣਾ ਚਾਹੀਦਾ ਹੈ। ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਸਿੰਘ ਨੇ ਕਿਹਾ ਕਿ ਬਿਸਵਮ ਦੇ ਭਾਸ਼ਣ ਦੀ ਪੜਤਾਲ ਕੀਤੀ ਜਾਵੇਗੀ। ਆਰਜੇਡੀ ਮੈਂਬਰ ਅਹਿਮਦ ਅਸ਼ਫ਼ਾਕ ਕਰੀਮ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸਿੱਖਿਆ ਅਤੇ ਬਜ਼ੁਰਗ ਵਿਅਕਤੀਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿਵੇਂ ਕਿ ਹੋਰ ਸਰਕਾਰਾਂ ਕਰਦੀਆਂ ਹਨ ਜਿਹੜੀਆਂ ਲੋਕਾਂ ਤੋਂ ਟੈਕਸ ਇਕੱਤਰ ਕਰਦੀਆਂ ਹਨ। ਭਾਜਪਾ ਮੈਂਬਰ ਜੈਪ੍ਰਕਾਸ਼ ਨਿਸ਼ਾਦ ਨੇ 'ਆਪ' ਮੈਂਬਰ ਸੰਜੈ ਸਿੰਘ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਕੋਵਿਡ ਕਾਲ ਦੌਰਾਨ ਦਿੱਲੀ ਸਰਕਾਰ ਸੁੱਤੀ ਪਈ ਸੀ ਅਤੇ ਉਸ ਨੇ ਗਲਤ ਅਨੁਮਾਨ ਦੇ ਕੇ ਆਕਸੀਜਨ ਅਗਵਾ ਕਰ ਲਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕਈ ਗਰੀਬ ਮਜ਼ਦੂਰ ਅਤੇ ਕਿਸਾਨ ਮੁਸ਼ਕਲ 'ਚ ਸਨ। -ਪੀਟੀਆਈ



Most Read

2024-09-23 04:30:39