Breaking News >> News >> The Tribune


ਭਾਰਤ ’ਚ ਪ੍ਰਧਾਨ ਮੰਤਰੀ ਨਹੀਂ, ਰਾਜਾ ਕਰ ਰਿਹੈ ਰਾਜ: ਰਾਹੁਲ


Link [2022-02-06 07:14:07]



ਊਧਮ ਸਿੰਘ ਨਗਰ, 5 ਫਰਵਰੀ

ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਵਿਚ ਪ੍ਰਧਾਨ ਮੰਤਰੀ ਨਹੀਂ ਰਾਜਾ ਹੈ ਜਿਹੜਾ ਮੰਨਦਾ ਹੈ ਕਿ ਜਦ ਉਹ ਫ਼ੈਸਲਾ ਲਏ ਤਾਂ ਲੋਕਾਂ ਨੂੰ ਚੁੱਪ ਰਹਿਣ ਚਾਹੀਦਾ ਹੈ। ਇੱਥੋਂ ਨੇੜਲੇ ਕਿੱਛਾ ਵਿਚ 'ਉੱਤਰਾਖੰਡੀ ਕਿਸਾਨ ਸਵੈਭਿਮਾਨ ਸੰਵਾਦ' ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਮਹਾਮਾਰੀ ਵਿਚ ਸਾਲ ਲਈ ਸੜਕਾਂ ਉਤੇ ਰੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਅਜਿਹਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਕਿਸਾਨਾਂ, ਮਜ਼ਦੂਰਾਂ ਜਾਂ ਗਰੀਬਾਂ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕਰੇਗੀ ਅਤੇ ਪਾਰਟੀ ਉਨ੍ਹਾਂ ਨਾਲ ਭਾਈਵਾਲੀ ਪਾ ਕੇ ਹੀ ਚੱਲਣਾ ਚਾਹੁੰਦੀ ਹੈ।

ਰਾਹੁਲ ਨੇ ਕਿਹਾ, 'ਜੇ ਇਕ ਪ੍ਰਧਾਨ ਮੰਤਰੀ ਸਾਰਿਆਂ ਲਈ ਕੰਮ ਨਹੀਂ ਕਰ ਸਕਦਾ ਤਾਂ ਉਹ ਪ੍ਰਧਾਨ ਮੰਤਰੀ ਨਹੀਂ ਹੋ ਸਕਦਾ, ਇਸ ਤਰ੍ਹਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਹੈ।' ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਕੀਤੇ ਗਏ ਸੰਘਰਸ਼ ਦੇ ਮੁੱਦੇ ਉਤੇ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਸੜਕਾਂ ਉਤੇ ਰੁਲਣ ਲਈ ਛੱਡ ਦਿੱਤਾ। ਰਾਹੁਲ ਨੇ ਕਿਹਾ ਕਿ ਕਾਂਗਰਸ ਕਿਸਾਨਾਂ, ਗਰੀਬਾਂ ਤੇ ਮਜ਼ਦੂਰਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ ਤਾਂ ਕਿ ਹਰੇਕ ਵਰਗ ਮਹਿਸੂਸ ਕਰੇ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿਚ ਸਫ਼ਲਤਾ ਲਈ ਉਨ੍ਹਾਂ ਕਿਸਾਨਾਂ ਨੂੰ ਵਧਾਈ ਵੀ ਦਿੱਤੀ। ਰਾਹੁਲ ਨੇ ਦੁਹਰਾਇਆ ਕਿ ਦੋ ਭਾਰਤ ਬਣ ਗਏ ਹਨ, ਇਕ ਅਮੀਰਾਂ ਲਈ ਹੈ ਤੇ ਇਕ ਗਰੀਬਾਂ ਲਈ। ਉਨ੍ਹਾਂ ਕਿਹਾ ਕਿ 100 ਚੋਣਵੇਂ ਭਾਰਤੀਆਂ ਕੋਲ ਐਨੀ ਦੌਲਤ ਹੈ ਜਿੰਨੀ ਮੁਲਕ ਦੀ 40 ਪ੍ਰਤੀਸ਼ਤ ਆਬਾਦੀ ਦੇ ਕੋਲ ਹੈ। ਆਮਦਨ ਵਿਚ ਐਨਾ ਫ਼ਰਕ ਕਿਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀ ਬਰਤਾਨਵੀ ਸਾਮਰਾਜ ਖ਼ਿਲਾਫ਼ ਨਹੀਂ ਲੜੇ ਸਨ, ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਇਹ ਲੜਾਈ ਲੜੀ। ਜ਼ਿਕਰਯੋਗ ਹੈ ਕਿ ਉੱਤਰਾਖੰਡ ਦੀ 70 ਮੈਂਬਰੀ ਵਿਧਾਨ ਸਭਾ ਲਈ ਵੋਟਾਂ 14 ਫਰਵਰੀ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। -ਪੀਟੀਆਈ



Most Read

2024-09-23 06:29:01