Breaking News >> News >> The Tribune


ਲਖੀਮਪੁਰ ਹਿੰਸਾ ’ਚ ਮਾਰੇ ਗਏ ਕਿਸਾਨ ਦਾ ਪੁੱਤ ‘ਟੈਨੀ’ ਖਿਲਾਫ਼ ਲੜਨਾ ਚਾਹੁੰਦਾ ਹੈ ਚੋਣ


Link [2022-02-06 07:14:07]



ਲਖੀਮਪੁਰ ਖੀਰੀ (ਯੂਪੀ), 5 ਫਰਵਰੀ

ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਦੀ ਗੱਡੀ ਹੇਠ ਆ ਕੇ ਮੌਤ ਦੇ ਮੂੰਹ ਪਏ ਚਾਰ ਕਿਸਾਨਾਂ 'ਚੋਂ ਇਕ ਨਛੱਤਰ ਸਿੰਘ ਦੇ ਪੁੱਤਰ ਜਗਦੀਪ ਸਿੰਘ(31) ਨੇ ਅਸੈਂਬਲੀ ਚੋਣ ਲੜਨ ਸਬੰਧੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੀ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ ਹੈ, ਪਰ ਉਸ ਨੇ ਦੋਵਾਂ ਪਾਰਟੀਆਂ ਨੂੰ 2024 ਲੋਕ ਸਭਾ ਚੋਣਾਂ ਵਿੱਚ ਟੈਨੀ ਖਿਲਾਫ਼ ਖੜ੍ਹਨ ਦਾ ਮੌਕਾ ਦੇਣ ਲਈ ਕਿਹਾ ਹੈ। ਜਗਦੀਪ ਸਿੰਘ ਪੀੜਤ ਕਿਸਾਨ ਦਾ ਵੱਡਾ ਪੁੱਤਰ ਹੈ। ਪਿਛਲੇ ਸਾਲ 3 ਅਕਤੂੁਬਰ ਨੂੰ ਲਖੀਮਪੁਰ ਵਿੱਚ ਵਾਪਰੀ ਉਪਰੋਕਤ ਘਟਨਾ ਵਿੱਚ ਚਾਰ ਕਿਸਾਨਾਂ ਤੇ ਇਕ ਸਥਾਨਕ ਪੱਤਰਕਾਰ ਦੀ ਜਾਨ ਜਾਂਦੀ ਰਹੀ ਸੀ। ਯੂਪੀ ਪੁਲੀਸ ਵੱਲੋਂ ਦਰਜ ਕੇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਉਹ ਇਸ ਵੇਲੇ ਜੇਲ੍ਹ ਵਿੱਚ ਹੈ।

ਨਾਮਦਾਰ ਪੁਰਵਾ ਪਿੰਡ ਦੇ ਵਸਨੀਕ ਜਗਦੀਪ ਸਿੰਘ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਧੌਰਾਹਾਰਾ ਅਸੈਂਬਲੀ ਹਲਕੇ ਤੋਂ ਚੋਣ ਲੜਨ ਦੀ ਪੇਸ਼ਕਸ਼ ਹੋਈ ਸੀ, ਜਿਸ ਨੂੰ ਉਸ ਨੇ ਨਾਂਹ ਕਰ ਦਿੱਤੀ। ਉਸ ਨੇ ਕਿਹਾ, ''ਐੱਸਪੀ ਤੇ ਕਾਂਗਰਸ ਨੇ ਧੌਰਾਹਰਾ ਸੀਟ ਤੋਂ ਚੋਣ ਲੜਨ ਲਈ ਦਬਾਅ ਪਾਇਆ ਸੀ, ਪਰ ਮੈਂ ਉਨ੍ਹਾਂ ਨੂੰ ਆਖ ਦਿੱਤਾ ਕਿ ਛੋਟੀ ਲੜਾਈ ਨਹੀਂ ਲੜਾਂਗਾ। ਮੈਨੂੰ 2024 ਵਿੱਚ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ ਜਾਵੇ। ਮੈਂ ਟੈਨੀ ਨਾਲ ਸਿੱਧੇ ਤੌਰ 'ਤੇ ਮੱਥਾ ਲਾਵਾਂਗਾ। ਜੇ ਮੈਂ ਲੜਨਾ ਹੀ ਹੈ ਤਾਂ ਮੈਂ ਸਹੀ ਤਰੀਕੇ ਨਾਲ ਲੜਾਂਗਾ।'' ਜਗਦੀਪ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਸਿਆਸੀ ਪਿਛੋਕੜ ਨਹੀਂ ਹੈ। ਉਸ ਨੇ ਕਿਹਾ, ''ਮੈਂ ਸਪਾ, ਬਸਪਾ ਤੇ ਕਾਂਗਰਸ ਵਿਚੋਂ ਕਿਸੇ ਦਾ ਵੀ ਹਮਾਇਤੀ ਨਹੀਂ ਹਾਂ। ਮੌਜੂਦਾ ਸਮੇਂ ਅਸੀਂ ਚੋਣਾਂ ਵਿੱਚ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਖੜ੍ਹੇ ਹਾਂ। ਉਹ ਸਾਡੀ ਲੜਾਈ ਵੀ ਲੜ ਰਿਹੈ। ਉਹ ਜਿੱਥੋਂ ਕਿਤੇ ਵੀ ਚੋਣ ਲੜੇ, ਅਸੀਂ ਉਸ ਦੇ ਨਾਲ ਖੜਾਂਗੇ।'' ਕਾਬਿਲੇਗੌਰ ਹੈ ਕਿ ਵਿਰਕ ਲਖੀਮਪੁਰ ਖੀਰੀ ਹਿੰਸਾ ਦੌਰਾਨ ਜ਼ਖ਼ਮੀ ਹੋਣ ਵਾਲੇ ਕਿਸਾਨਾਂ 'ਚ ਸ਼ੁਮਾਰ ਸੀ ਤੇ ਹਾਲ ਹੀ ਵਿੱਚ ਉਹ ਸਪਾ ਮੁਖੀ ਅਖਿਲੇਸ਼ ਯਾਦਵ ਦੀ ਪ੍ਰੈੱਸ ਕਾਨਫਰੰਸ ਵਿੱਚ ਨਜ਼ਰ ਆਇਆ ਸੀ। ਉਂਜ ਜਗਦੀਪ ਨੇ ਵਿਰੋਧੀ ਪਾਰਟੀਆਂ ਦਾ ਧੰਨਵਾਦ ਕੀਤਾ ਕਿ ਜੇਕਰ ਕੋਈ ਵਿਰੋਧ ਨਾ ਹੁੰਦਾ ਤਾਂ ਸ਼ਾਇਦ ਤਿਕੁਨੀਆ ਘਟਨਾ ਨੂੰ ਹਾਦਸੇ ਵਜੋਂ ਦਰਸਾ ਦਿੱਤਾ ਜਾਂਦਾ। -ਪੀਟੀਆਈ



Most Read

2024-09-23 06:17:30