Breaking News >> News >> The Tribune


ਸ਼ਿਮਲਾ: ਬਰਫ਼ਬਾਰੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਈਆਂ


Link [2022-02-06 07:14:07]



ਸ਼ਿਮਲਾ, 5 ਫਰਵਰੀ

ਭਾਰੀ ਬਰਫ਼ਬਾਰੀ ਨੇ ਬਰਤਾਨਵੀ ਕਾਲ ਦੇ ਪੁਰਾਣੇ ਸ਼ਿਮਲਾ ਦੀਆਂ ਜੰਮੀਆਂ ਹੋਈਆਂ ਯਾਦਾਂ ਨੂੰ ਪਿਘਲਾ ਦਿੱਤਾ ਹੈ। ਪਿਛਲੇ ਦੋ ਦਿਨਾਂ ਵਿਚ ਹੋਈ ਭਾਰੀ ਬਰਫ਼ਬਾਰੀ ਨਾਲ ਪਹਾੜਾਂ ਦੀ ਰਾਣੀ ਕਹੇ ਜਾਂਦੇ ਸ਼ਿਮਲਾ ਨੂੰ ਬਰਫ਼ ਦੇ ਕੰਬਲ ਨਹੀਂ ਬਲਕਿ ਬਰਫ਼ ਦੀ ਰਜਾਈ ਨੇ ਢਕ ਲਿਆ ਹੈ। ਪਿਛਲੇ ਡੇਢ ਦਹਾਕੇ ਵਿਚ ਹੋਈ ਇਹ ਸਭ ਤੋਂ ਜ਼ਿਆਦਾ ਬਰਫ਼ਬਾਰੀ ਹੈ।

ਇਸ ਤਰ੍ਹਾਂ ਦੀ ਹੋਈ ਰਿਕਾਰਡ ਬਰਫ਼ਬਾਰੀ ਨਾਲ ਅੱਜ ਸ਼ਿਮਲਾ ਦਾ ਕਰੀਬ ਦੋ ਦਹਾਕੇ ਪੁਰਾਣਾ ਸਮਾਂ ਚੇਤੇ ਆ ਗਿਆ। ਇਹ ਸ਼ਹਿਰ ਜ਼ਿਆਦਾ ਤੋਂ ਜ਼ਿਆਦਾ 16,000 ਦੀ ਆਬਾਦੀ ਲਈ ਬਣਿਆ ਸੀ ਜਦਕਿ ਹੁਣ ਇਹ 2.50 ਲੱਖ ਤੋਂ ਵੱਧ ਦੀ ਆਬਾਦੀ ਦਾ ਭਾਰ ਝੱਲ ਰਿਹਾ ਹੈ। 1960 ਤੋਂ ਸ਼ਹਿਰ ਵਿਚ ਰਹਿੰਦੇ ਇਕ ਸੇਵਾਮੁਕਤ ਮੁਲਾਜ਼ਮ ਜੀਆ ਲਾਲ ਪੰਤ ਨੇ ਦੱਸਿਆ ਕਿ 1980 ਤੱਕ ਸ਼ਹਿਰ ਵਿਚ ਭਾਰੀ ਬਰਫ਼ਬਾਰੀ ਹੋਣਾ ਇਕ ਆਮ ਗੱਲ ਸੀ। ਉਸ ਨੇ ਕਿਹਾ, ''ਜੇਕਰ ਮੈਂ ਸਹੀ ਹਾਂ ਤਾਂ ਆਖ਼ਰੀ ਵਾਰ ਇੱਥੇ ਭਾਰੀ ਬਰਫਬਾਰੀ 1990-91 ਵਿਚ ਹੋਈ ਸੀ ਜਦੋਂ ਸ਼ਹਿਰ ਦੋ ਹਫ਼ਤਿਆਂ ਤੋਂ ਵੱਧ ਸਮੇਂ ਲਈ ਬਾਕੀ ਦੇਸ਼ ਤੋਂ ਕੱਟਿਆ ਗਿਆ ਸੀ।'' ਇਹ ਹੋਰ ਵਸਨੀਕ ਕਵਿਤਾ ਸੂਦ (77) ਨੇ ਕਿਹਾ, ''ਸ਼ਿਮਲਾ ਵਿਚ ਪਿਛਲੇ ਦੋ ਦਿਨਾਂ 'ਚ ਹੋਈ ਭਾਰੀ ਬਰਫ਼ਬਾਰੀ ਨਾਲ ਮੈਨੂੰ ਬਚਪਨ ਦੇ ਦਿਨਾਂ ਦੀ ਯਾਦ ਆ ਗਈ ਜਦੋਂ ਆਵਾਜਾਈ ਦਿਨਾਂ ਲਈ ਨਹੀਂ ਬਲਕਿ ਹਫ਼ਤਿਆਂ ਲਈ ਬੰਦ ਰਹਿੰਦੀ ਸੀ।'' -ਆਈਏਐੱਨਐੱਸ

ਕਸ਼ਮੀਰ ਵਿਚ ਬਰਫ਼ਬਾਰੀ ਤੇ ਮੀਂਹ ਦੀ ਪੇਸ਼ੀਨਗੋਈ

ਸ੍ਰੀਨਗਰ: ਮੌਸਮ ਵਿਭਾਗ ਨੇ ਕਿਹਾ ਕਿ ਕਸ਼ਮੀਰ ਵਿਚ ਘੱਟੋ-ਘੱਟ ਤਾਪਮਾਨ ਵਿਚ ਕਾਫੀ ਨਿਘਾਰ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਕਈ ਥਾਵਾਂ 'ਤੇ ਮੀਂਹ ਪੈਣ ਅਤੇ ਬਰਫਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਸ੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 1.6 ਡਿਗਰੀ ਜਦਕਿ ਪਹਿਲਗਾਮ ਵਿਚ ਮਨਫੀ 11.3 ਡਿਗਰੀ ਦਰਜ ਕੀਤਾ ਗਿਆ ਜੋ ਕਿ ਵਾਦੀ ਵਿਚ ਸਭ ਤੋਂ ਠੰਢੀ ਜਗ੍ਹਾ ਸੀ। ਇਸੇ ਤਰ੍ਹਾਂ ਰਾਜਸਥਾਨ ਵਿਚ ਵੀ ਠੰਢੀਆਂ ਹਵਾਵਾਂ ਕਾਰਨ ਠੰਢ ਦਾ ਕਹਿਰ ਜਾਰੀ ਰਿਹਾ। ਘੱਟੋ-ਘੱਟ ਤਾਪਮਾਨ 3.3 ਡਿਗਰੀ ਨਾਲ ਚੁਰੂ ਸੂਬੇ ਵਿੱਚੋਂ ਸਭ ਤੋਂ ਠੰਢੀ ਥਾਂ ਰਹੀ। -ਪੀਟੀਆਈ



Most Read

2024-09-23 06:25:15