Breaking News >> News >> The Tribune


ਪ੍ਰਾਈਵੇਟ ਬਿੱਲ ਰਾਹੀਂ ਸੰਵਿਧਾਨ ਦੀ ਪ੍ਰਸਤਾਵਨਾ ’ਚ ਸੋਧ ਬਾਰੇ ਫੈਸਲਾ ਚੇਅਰ ਨਹੀਂ ਲੈ ਸਕਦੀ: ਹਰਿਵੰਸ਼


Link [2022-02-06 07:14:07]



ਨਵੀਂ ਦਿੱਲੀ, 5 ਫਰਵਰੀ

ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਲਈ ਪੇਸ਼ ਪ੍ਰਾਈਵੇਟ ਮੈਂਬਰ ਬਿੱਲ 'ਤੇ ਚਰਚਾ ਸਬੰਧੀ ਫੈਸਲਾ ਸਦਨ ਦੀ ਚੇਅਰ ਵੱਲੋਂ ਨਹੀਂ ਲਿਆ ਜਾ ਸਕਦਾ।

ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਸਬੰਧੀ 'ਫੈਸਲਾ ਚੇਅਰ ਨੇ ਨਹੀਂ ਬਲਕਿ ਸਦਨ ਨੇ ਲੈਣਾ ਹੈ।' ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਅਮਰ ਪਟਨਾਇਕ ਨੇ ਸ਼ੁੱਕਰਵਾਰ ਨੂੰ ਸਦਨ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਦਿਆਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਦੀ ਮੰਗ ਕੀਤੀ ਸੀ। ਪਟਨਾਇਕ ਨੇ ਪ੍ਰਸਤਾਵਨਾ ਵਿੱਚ 'ਅਹਿੰਸਾ' ਸ਼ਬਦ ਸ਼ਾਮਲ ਕੀਤੇ ਜਾਣ ਦੀ ਅਪੀਲ ਕੀਤੀ ਸੀ।

ਇਸ 'ਤੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਪਿਛਲੇ ਸੈਸ਼ਨ ਦੌਰਾਨ ਆਰਜੇਡੀ ਦੇ ਮਨੋਜ ਝਾਅ ਨੇ ਭਾਜਪਾ ਮੈਂਬਰ ਕੇ.ਜੇ.ਐਲਫੌਂਸ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਲਈ ਪ੍ਰਾਈਵੇਟ ਮੈਂਬਰਜ਼ ਬਿੱਲ ਪੇਸ਼ ਕਰਨ ਦਾ ਵਿਰੋਧ ਕੀਤਾ ਸੀ। ਉਦੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਦੀ ਅਪੀਲ 'ਤੇ ਬਿੱਲ ਪੇਸ਼ ਕੀਤੇ ਜਾਣ ਦੇ ਅਮਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਹਰਿਵੰਸ਼ ਨੇ ਕਿਹਾ, ''ਚੇਅਰ ਨੇ ਇਸ ਤੋਂ ਪਹਿਲਾਂ ਵੀ ਸਦਨ ਵਿੱਚ ਇਸ ਨਾਲ ਮਿਲਦੇ ਜੁਲਦੇ ਕਈ ਫੈਸਲੇ ਦਿੱਤੇ ਹਨ। ਚੇਅਰ ਨੇ ਕਦੇ ਵੀ ਬਿੱਲਾਂ ਨੂੰ ਸੰਵਿਧਾਨ ਦੇ ਅਧਿਕਾਰ ਖੇਤਰ ਤੋਂ ਬਾਹਰੇ ਐਲਾਨੇ ਜਾਣ ਦੀ ਜ਼ਿੰਮੇਵਾਰੀ ਨਹੀਂ ਲਈ। ਜਿੱਥੇ ਕਿਤੇ 'ਅਧਿਕਾਰ ਖੇਤਰ ਤੋਂ ਬਾਹਰ' ਦੀ ਗੱਲ ਆਉਂਦੀ ਹੈ, ਉਥੇ ਫੈਸਲਾ ਚੇਅਰ ਨਹੀਂ ਬਲਕਿ ਸਦਨ 'ਤੇ ਛੱਡ ਦਿੱਤਾ ਜਾਂਦਾ ਹੈ। ਜੇਕਰ ਕਿਸੇ ਪਾਰਟੀ ਨੂੰ ਦਿੱਕਤ ਹੈ ਤਾਂ ਉਹ ਕੋਰਟ ਦਾ ਰੁਖ਼ ਕਰ ਸਕਦੀ ਹੈ।'' -ਪੀਟੀਆਈ



Most Read

2024-09-23 06:21:50