World >> The Tribune


ਚੀਨ ਦੇ ਹਮਲਾਵਰ ਰੁਖ਼ ਖ਼ਿਲਾਫ਼ ਭਾਰਤ ਦੇ ਨਾਲ ਖੜ੍ਹਾ ਹੈ ਅਮਰੀਕਾ


Link [2022-02-05 15:21:38]



ਵਾਸ਼ਿੰਗਟਨ, 4 ਫਰਵਰੀ

ਅਮਰੀਕਾ ਨੇ ਕਿਹਾ ਹੈ ਕਿ ਉਹ ਚੀਨ ਦੇ ਹਮਲਾਵਰ ਰੁਖ਼ ਖ਼ਿਲਾਫ਼ ਭਾਰਤ ਦੇ ਨਾਲ ਖੜ੍ਹਾ ਹੈ। ਅਮਰੀਕਾ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਚੀਨ ਨੇ ਸਰਦ ਰੁੱਤ ਪੇਈਚਿੰਗ ਓਲੰਪਿਕ ਲਈ ਉਸ ਫ਼ੌਜੀ ਅਧਿਕਾਰੀ ਨੂੰ ਮਸ਼ਾਲ ਚੁੱਕਣ ਵਾਲਾ (ਪੀਐਲਏ) ਲਗਾਇਆ ਜੋ 2020 ਵਿਚ ਗਲਵਾਨ ਵਾਦੀ ਵਿਚ ਭਾਰਤੀ ਸੈਨਿਕਾਂ 'ਤੇ ਹਮਲਾ ਕਰਨ ਵਾਲੀ ਮਿਲਟਰੀ ਕਮਾਂਡ ਦਾ ਹਿੱਸਾ ਸੀ।

ਚੀਨ ਨੇ ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਭਾਰਤੀ ਸੈਨਿਕਾਂ ਨਾਲ ਜੂਨ 2020 ਵਿਚ ਹੋਈ ਝਪੜ ਵਿਚ ਸ਼ਾਮਲ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਰੈਜੀਮੈਂਟ ਕਮਾਂਡਰ ਨੂੰ ਬੀਜਿੰਗ ਓਲੰਪਿਕ ਲਈ ਬੁੱਧਵਾਰ ਨੂੰ ਮਸ਼ਾਲ ਚੁੱਕਣ ਵਾਲੇ ਦੇ ਰੂਪ ਵਿਚ ਉਤਾਰਿਆ ਹੈ। ਇਸ 'ਤੇ ਭਾਰਤ ਨੇ ਅੱਜ ਤੋਂ ਸ਼ੁਰੂ ਹੋ ਰਹੇ ਇਸ ਖੇਡ ਪ੍ਰੋਗਰਾਮ ਦੇ ਉਦਘਾਟਨ ਅਤੇ ਸਮਾਪਤੀ ਸਮਾਰੋਹ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ, ''ਜਿੱਥੋਂ ਤੱਕ ਗੱਲ ਭਾਰਤ-ਚੀਨ ਸਰਹੱਦ ਵਿਵਾਦ ਦੀ ਹੈ, ਅਸੀਂ ਸਿੱਧੇ ਸੰਵਾਦ ਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ।'' ਉਨ੍ਹਾਂ ਕਿਹਾ, ''ਅਸੀਂ ਪਹਿਲਾਂ ਵੀ ਆਪਣੇ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਸਬੰਧੀ ਚੀਨ ਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਜਿਵੇਂ ਕਿ ਅਸੀਂ ਹਮੇਸ਼ਾ ਕਰਦੇ ਹਾਂ, ਅਸੀਂ ਦੋਸਤਾਂ ਦੇ ਨਾਲ ਖੜ੍ਹੇ ਹਾਂ। ਅਸੀਂ ਹਿੰਦ-ਪ੍ਰਸ਼ਾਂਤ ਵਿਚ ਆਪਣੀ ਖੁਸ਼ਹਾਲੀ, ਸੁਰੱਖਿਆ ਤੇ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਭਾਈਵਾਲਾਂ ਤੇ ਸਹਿਯੋਗੀਆਂ ਨੇ ਨਾਲ ਖੜ੍ਹੇ ਹਾਂ।'' ਇਸ ਤੋਂ ਪਹਿਲਾਂ ਦਿਨ ਵਿਚ ਦੋ ਸਿਖਰਲੇ ਅਮਰੀਕੀ ਸੰਸਦ ਮੈਂਬਰਾਂ ਮਾਰਕੋ ਰੂਬਿਓ ਅਤੇ ਜਿਮ ਰਿਸ਼ ਨੇ ਗਲਵਾਨ ਵਾਦੀ ਵਿਚ ਭਾਰਤੀ ਸੈਨਿਕਾਂ 'ਤੇ ਹਮਲਾ ਕਰਨ ਵਾਲੀ ਚੀਨੀ ਮਿਲਟਰੀ ਕਮਾਂਡ ਦਾ ਹਿੱਸਾ ਰਹੇ ਪੀਐੱਲਏ ਦੇ ਰੈਜੀਮੈਂਟ ਕਮਾਂਡਰ ਨੂੰ ਮਸ਼ਾਲ ਚੁੱਕਣ ਦੀ ਜ਼ਿੰਮੇਵਾਰੀ ਸੰਭਾਲਣ ਸਬੰਧੀ ਫ਼ੈਸਲੇ 'ਤੇ ਚੀਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਕੀਤੀ ਗਈ ਭੜਕਾਉਣ ਵਾਲੀ ਕੋਸ਼ਿਸ਼ ਹੈ ਅਤੇ ਅਮਰੀਕਾ ਇਸ ਸਬੰਧ ਵਿਚ ਭਾਰਤ ਦੇ ਨਾਲ ਖੜ੍ਹਾ ਹੈ। ਅਮਰੀਕੀ ਪ੍ਰਤੀਨਿਧ ਸਭਾ ਦੀ ਪ੍ਰਧਾਨ ਨੈਂਸੀ ਪੈਲੋਸੀ ਨੇ ਦੋਸ਼ ਲਗਾਇਆ ਕਿ ਚੀਨ ਦੀ ਸਰਕਾਰ ਓਲੰਪਿਕ ਦਾ ਇਸਤੇਮਾਲ ਚੀਨ ਵਿਚ ਮਨੁੱਖੀ ਅਧਿਕਾਰਾਂ ਦੇ ਹੁੰਦੇ ਘਾਣ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਕਰ ਰਹੀ ਹੈ। -ਪੀਟੀਆਈ

ਤਿੱਬਤੀਆਂ ਵੱਲੋਂ ਚੀਨੀ ਦੂਤਾਵਾਸ ਅੱਗੇ ਰੋਸ ਮੁਜ਼ਾਹਰਾ

ਨਵੀਂ ਦਿੱਲੀ: ਤਿੱਬਤੀਆਂ ਦੇ ਇਕ ਗਰੁੱਪ ਨੇ ਅੱਜ ਇੱਥੇ ਸਥਿਤ ਚੀਨੀ ਦੂਤਾਵਾਸ ਅੱਗੇ ਪੇਈਚਿੰਗ ਸਰਦ ਰੁੱਤ ਉਲੰਪਿਕਸ-2022 ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਹੱਥਾਂ ਵਿਚ ਚੀਨ ਵਿਰੋਧੀ ਬੈਨਰ ਫੜੇ ਹੋਏ ਸਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਰੀਬ 45 ਮਿੰਟ ਤੱਕ ਉਨ੍ਹਾਂ ਰੋਸ ਪ੍ਰਗਟ ਕੀਤਾ ਤੇ ਮਗਰੋਂ ਉੁਨ੍ਹਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ ਗਿਆ। ਤਿੱਬਤੀਆਂ ਨੇ ਬੈਨਰਾਂ ਉਤੇ ਲਿਖਿਆ ਹੋਇਆ ਸੀ ਕਿ ਚੀਨ ਨੂੰ ਤਿੱਬਤ ਵਿਚ ਹਤਿਆਵਾਂ ਬੰਦ ਕਰਨੀਆਂ ਚਾਹੀਦੀਆਂ ਹਨ। ਮੁਜ਼ਾਹਰੇ ਵਿਚ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ। -ਪੀਟੀਆਈ



Most Read

2024-09-21 12:51:41