World >> The Tribune


ਅਮਰੀਕੀ ਸੰਸਦ ਮੈਂਬਰਾਂ ਨੇ ਬਾਇਡਨ ਨੂੰ ਪੱਤਰ ਲਿਖਿਆ


Link [2022-02-05 15:21:38]



ਵਾਸ਼ਿੰਗਟਨ, 4 ਫਰਵਰੀ

ਅਮਰੀਕਾ ਦੇ ਪ੍ਰਮੁੱਖ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਕੋਵਿਡ-19 ਵਿਰੋਧੀ ਟੀਕਿਆਂ ਦੀ ਦੁਨੀਆ ਭਰ ਵਿਚ ਸਪਲਾਈ ਤੇ ਵੰਡ ਯਕੀਨੀ ਬਣਾਉਣ ਲਈ ਇਕ ਪੱਤਰ ਲਿਖਿਆ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਕੀਤੀ ਗਈ ਪਹੁੰਚ ਦੇ ਨਤੀਜੇ ਵਜੋਂ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਰਾਸ਼ਟਰਪਤੀ ਨੂੰ ਇਹ ਪੱਤਰ ਲਿਖਿਆ ਗਿਆ ਹੈ।

ਚਾਰ ਪ੍ਰਮੁੱਖ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਲਿਖੇ ਗੲੇ ਪੱਤਰ ਵਿਚ ਕਿਹਾ ਗਿਆ, ''ਦੁਨੀਆ ਭਰ ਦੇ ਸਿਹਤ ਮਾਹਿਰਾਂ ਨੇ ਕਈ ਜ਼ਰੂਰਤਾਂ ਦਾ ਜ਼ਿਕਰ ਕੀਤਾ ਹੈ, ਜਿੱਥੇ ਜ਼ਿੰਦਗੀਆਂ ਬਚਾਉਣ ਅਤੇ ਕੋਵਿਡ-19 ਦੇ ਪ੍ਰਸਾਰ ਦੀ ਰਫ਼ਤਾਰ ਧੀਮੀ ਕਰਨ ਦੀ ਦਿਸ਼ਾ ਵਿਚ ਅਮਰੀਕੀ ਲੀਡਰਸ਼ਿਪ ਦੀ ਪ੍ਰਭਾਵੀ ਭੂਮਿਕਾ ਹੋ ਸਕਦੀ ਹੈ। ਸਭ ਤੋਂ ਅਹਿਮ ਇਹ ਹੈ ਕਿ ਦੇਸ਼ਾਂ ਨੂੰ ਟੀਕਿਆਂ ਦੇ ਪ੍ਰਬੰਧਨ ਤੇ ਵੰਡ ਵਿਚ ਮਦਦ ਕਰਨੀ ਜਾਰੀ ਰੱਖੀ ਜਾਵੇ।''

ਇਹ ਪੱਤਰ ਸੰਸਦ ਮੈਂਬਰ ਬਾਰਬਰਾ ਲੀ, ਪ੍ਰਭਾਵਸ਼ਾਲੀ ਕਾਂਗਰੈਸ਼ਨਲ ਏਸ਼ੀਅਨ ਅਮਰੀਕਨ ਪੈਸੇਫਿਕ ਕੌਕਸ ਦੀ ਪ੍ਰਧਾਨ ਜੂਡੀ ਚੂ, 'ਕਾਂਗਰੈਸ਼ਨਲ ਹਿਸਪੈਨਿਕ ਕੌਕਸ ਦੇ ਪ੍ਰਧਾਨ ਰਾਉਲ ਰੂਈਜ਼ ਅਤੇ ਕਾਂਗਰੈਸਨਲ ਬਲੈਕ ਕੌਕਸ ਦੀ ਪ੍ਰਧਾਨ ਜੌਇਸ ਬੀਟੀ ਨੇ ਲਿਖਿਆ ਹੈ। ਇਹ ਪੱਤਰ 23 ਫਰਵਰੀ ਨੂੰ ਲਿਖਿਆ ਗਿਆ ਸੀ। ਪੱਤਰ ਵਿਚ ਇਨ੍ਹਾਂ ਪ੍ਰਮੁੱਖ ਸੰਸਦ ਮੈਂਬਰਾਂ ਨੇ ਬਾਇਡਨ ਪ੍ਰਸ਼ਾਸਨ ਨੂੰ ਇਸ ਮਹਾਮਾਰੀ ਤੋਂ ਨਿਪਟਣ ਲਈ ਦੁਨੀਆ ਭਰ ਵਿਚ ਸਪਲਾਈ ਤੇ ਟੀਕਿਆਂ ਦੇ ਉਤਪਾਦਨ ਦੇ ਨਾਲ-ਨਾਲ ਮੈਡੀਕਲ ਉਪਕਰਨਾਂ ਤੇ ਹੋਰ ਸਾਮਾਨ ਵਿਚ ਨਿਵੇਸ਼ ਕਰਨ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਕ ਮੁਹਿੰਮ ਤਹਿਤ ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਸਿਹਤ ਸੇਵਾ ਸਾਂਝੇਦਾਰੀ ਅਤੇ ਅਫ਼ਰੀਕਾ ਤੇ ਲਾਤੀਨੀ ਅਮਰੀਕਾ ਸਣੇ ਕਈ ਜਗ੍ਹਾ ਸਸਤੇ ਟੀਕੇ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਭਾਰਤ-ਅਮਰੀਕਾ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ ਸੀ। ਸੰਧੂ ਨੇ ਇਨ੍ਹਾਂ ਤਿੰਨੋਂ ਕੌਕਸ ਦੇ ਮੁਖੀਆਂ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ ਦੁਨੀਆ ਦੀ ਭਲਾਈ ਲਈ ਭਾਰਤ ਨਾਲ ਸਹਿਯੋਗ 'ਤੇ ਸਮਰਥਨ ਦਿੱਤਾ ਸੀ। ਕੌਕਸ ਦੇ ਹੋਰ ਪ੍ਰਮੁੱਖ ਮੈਂਬਰਾਂ ਨੇ ਵੀ ਭਾਰਤ ਪ੍ਰਤੀ ਸਮਰਥਨ ਦਿੱਤਾ ਹੈ। -ਪੀਟੀਆਈ



Most Read

2024-09-21 09:59:04