World >> The Tribune


ਕੈਨੇਡਾ-ਅੰਮ੍ਰਿਤਸਰ ਹਵਾਈ ਉਡਾਣਾਂ ਦੀ ਮੰਗ ਨੂੰ ਬੂਰ ਪੈਣ ਦੀ ਆਸ


Link [2022-02-05 15:21:38]



ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 4 ਫਰਵਰੀ

ਕੈਨੇਡਾ ਤੋਂ ਸ੍ਰੀ ਅੰਮ੍ਰਿਤਸਰ ਲਈ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਕਈ ਸਾਲਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਹੁਣ ਬੂਰ ਪੈਣ ਦੀ ਆਸ ਹੈ। ਮਈ 2020 ਵਿੱਚ ਕੈਨੇਡਾ ਸਰਕਾਰ ਵੱਲੋਂ ਕਰੋਨਾ ਸਬੰਧੀ ਲੱਗੀਆਂ ਪਾਬੰਦੀਆਂ ਕਾਰਨ ਭਾਰਤ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਆਉਣ ਲਈ ਵਿਸ਼ੇਸ਼ ਉਡਾਣਾਂ ਦੇ ਕੀਤੇ ਗਏ ਪ੍ਰਬੰਧਾਂ ਦੌਰਾਨ ਸਾਹਮਣੇ ਆਇਆ ਸੀ ਕਿ 82 ਫੀਸਦ ਯਾਤਰੀਆਂ ਨੇ ਦਿੱਲੀ ਦੀ ਥਾਂ ਅੰਮ੍ਰਿਤਸਰ ਤੋਂ ਉਡਾਣ ਭਰਨ ਨੂੰ ਪਹਿਲ ਦਿੱਤੀ ਸੀ।

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨਾਂ ਦੀ ਸੰਸਥਾ ਵੱਲੋਂ ਕੈਨੇਡਾ-ਅੰਮ੍ਰਿਤਸਰ ਉਡਾਣ ਸ਼ੁਰੂ ਕਰਵਾਉਣ ਦੇ ਮੰਤਵ ਨਾਲ ਇਕ ਪਟੀਸ਼ਨ 'ਤੇ ਹਸਤਾਖ਼ਰ ਕਰਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਪਟੀਸ਼ਨ 'ਤੇ 12560 ਲੋਕਾਂ ਵੱਲੋਂ ਦਸਤਖ਼ਤ ਕੀਤੇ ਜਾ ਚੁੱਕੇ ਹਨ। ਇਸੇ ਪਟੀਸ਼ਨ ਦੇ ਆਧਾਰ 'ਤੇ ਇਹ ਮਾਮਲਾ ਕੈਨੇਡਾ ਦੀ ਸੰਸਦ ਵਿੱਚ ਵੀ ਉੱਠੇਗਾ। ਸੰਸਥਾ ਦੇ ਕਨਵੀਨਰ ਸੁਮਿਤ ਸਿੰਘ ਨੇ ਦੱਸਿਆ ਕਿ ਕਈ ਸਾਲਾਂ ਤੋਂ ਹਵਾਈ ਕੰਪਨੀਆਂ ਭੁਲੇਖੇ ਵਿੱਚ ਸਨ ਕਿ ਦਿੱਲੀ ਵਾਲੀਆਂ ਉਡਾਣਾਂ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤੀ ਨਹੀਂ ਹੁੰਦੀ, ਜੋ ਹੁਣ ਦੂਰ ਹੋ ਗਈ ਹੈ ਅਤੇ ਉਹ ਨਵੇਂ ਸਿਰਿਓਂ ਯੋਜਨਾਵਾਂ ਉਲੀਕਣ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਏਅਰ ਕੈਨੇਡਾ ਤੋਂ ਇਲਾਵਾ ਵੈਸਟ ਜੈੱਟ ਅਤੇ ਟਾਟਾ ਦੇ ਹੱਥਾਂ ਵਿੱਚ ਆਈ ਏਅਰ ਇੰਡੀਆ ਵੱਲੋਂ ਵੀ ਸ੍ਰੀ ਅੰਮ੍ਰਿਤਸਰ-ਕੈਨੇਡਾ ਉਡਾਣਾਂ ਸ਼ੁਰੂ ਕਰਨ ਸਬੰਧੀ ਸਰਵੇਖਣ ਕਰਵਾਏ ਜਾਣ ਲੱਗੇ ਹਨ। ਸਰੀ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਦੱਸਿਆ ਕਿ ਬੇਸ਼ਕ ਸਰਕਾਰ ਨਿੱਜੀ ਹਵਾਈ ਕੰਪਨੀਆਂ ਨੂੰ ਅੰਮ੍ਰਿਤਸਰ ਲਈ ਮਜਬੂਰ ਨਹੀਂ ਕਰ ਸਕਦੀ, ਪਰ ਹਾਲਾਤ ਆਪਣੇ ਆਪ ਸਾਜ਼ਗਾਰ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਏਅਰ ਕੈਨੇਡਾ ਦੇ ਚੇਅਰਮੈਨ ਨਾਲ ਹੁੰਦੀ ਰਹਿੰਦੀ ਗੈਰ-ਰਸਮੀ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਉਡਾਣਾਂ ਆਂਮ ਵਰਗੀਆਂ ਹੁੰਦੇ ਹੀ ਉਹ ਵੈਨਕੂਵਰ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਵਾਈ ਕੰਪਨੀਆਂ ਦਾ ਇਹ ਭਰਮ ਟੁੱਟ ਚੁੱਕਾ ਹੈ ਕਿ ਪੰਜਾਬੀ ਬਿਜ਼ਨਸ ਕਲਾਸ ਵਿਚ ਸਫਰ ਨਹੀਂ ਕਰਦੇ ਅਤੇ ਅੰਮ੍ਰਿਤਸਰ ਬਾਰੇ ਸੋਚਣ ਲੱਗਿਆਂ ਉਹ ਇਸੇ ਗੱਲੋਂ ਝਿਜਕਦੇ ਸਨ। ਸ੍ਰੀ ਸਰਾਏ ਨੇ ਆਸ ਪ੍ਰਗਟਾਈ ਕਿ ਕੁਝ ਮਹੀਨਿਆਂ ਤੱਕ ਕੈਨੇਡਾ ਤੋਂ ਉੱਡ ਕੇ ਸਿੱਧਾ ਅੰਮ੍ਰਿਤਸਰ ਉਤਰਿਆ ਜਾ ਸਕੇਗਾ ਅਤੇ ਇਸ ਤਰ੍ਹਾਂ ਅਮਰੀਕੀ ਕੰਪਨੀਆਂ ਲਈ ਵੀ ਅੰਮ੍ਰਿਤਸਰ ਉਡਾਣਾਂ ਦਾ ਰਾਹ ਪੱਧਰਾ ਹੋ ਜਾਵੇਗਾ।



Most Read

2024-09-21 12:52:17