World >> The Tribune


ਤਾਲਿਬਾਨ ਦੇ ਕਬਜ਼ੇ ਤੋਂ ਕਰੀਬ ਛੇ ਮਹੀਨੇ ਬਾਅਦ ਵੀ ਅਫ਼ਗਾਨਿਸਤਾਨ ਦੇ ਹਾਲਾਤ ਗੰਭੀਰ


Link [2022-02-05 15:21:38]



ਸੰਯੁਕਤ ਰਾਸ਼ਟਰ, 4 ਫਰਵਰੀ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਤਾਲਿਬਾਨ ਦੇ ਕਬਜ਼ੇ ਦੇ ਕਰੀਬ ਛੇ ਮਹੀਨੇ ਬਾਅਦ ਵੀ ਅਫ਼ਗਾਨਿਸਤਾਨ ਵਿਚ ਸਥਿਤੀ ਅਸਥਿਰ ਅਤੇ ਗੰਭੀਰ ਬਣੀ ਹੋਈ ਹੈ, ਕਿਉਂਕਿ ਜੰਗ ਨਾਲ ਤਬਾਹ ਹੋਇਆ ਦੇਸ਼ ਸਿਆਸੀ, ਸਮਾਜਿਕ-ਆਰਥਿਕ ਅਤੇ ਮਨੁੱਖੀ ਸੰਕਟ ਤੋਂ ਉਭਰਿਆ ਨਹੀਂ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਵੀਰਵਾਰ ਨੂੰ 'ਅਫ਼ਗਾਨਿਸਤਾਨ ਦੀ ਸਥਿਤੀ ਅਤੇ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਲਈ ਇਸ ਦੇ ਪ੍ਰਭਾਵ' ਸਬੰਧੀ ਆਪਣੀ ਰਿਪੋਰਟ ਵਿਚ ਕਿਹਾ ਕਿ ਸਥਿਰਤਾ ਅਤੇ ਭਵਿੱਖ ਵਿਚ ਕੌਮਾਂਤਰੀ ਸਮਰਥਨ ਨੂੰ ਬੜ੍ਹਾਵਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਆਪਣੀਆਂ ਪਹਿਲੀਆਂ ਗਲਤੀਆਂ ਨੂੰ ਨਾ ਦੁਹਰਾਉਂਦੇ ਹੋਏ ਤਾਲਿਬਾਨ ਨੂੰ ਇਕੱਲਾ ਰਹਿਣ ਤੋਂ ਬਚਣਾ ਚਾਹੀਦਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ, ''ਤਾਲਿਬਾਨ ਖ਼ੁਦ ਨੂੰ ਕਾਰਜਕਾਰੀ ਸਰਕਾਰ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਹੁਣ ਤੱਕ ਸ਼ਾਸਨ ਢਾਂਚੇ ਦਾ ਗਠਨ ਨਹੀਂ ਕੀਤਾ ਗਿਆ ਹੈ ਜੋ ਕਿ ਦੇਸ਼ ਦੀ ਜਾਤੀ, ਸਿਆਸੀ ਅਤੇ ਭੂਗੋਲਿਕ ਵਖਰੇਵਿਆਂ ਨੂੰ ਦਰਸਾਏ ਅਤੇ ਜਿਸ ਵਿਚ ਔਰਤਾਂ ਸ਼ਾਮਲ ਹੋਣ। ਸਰੋਤਾਂ ਅਤੇ ਸਮਰੱਥਾ ਦੀ ਘਾਟ ਦੇ ਨਾਲ-ਨਾਲ ਵਿਚਾਰਧਾਰਾ ਵੀ ਕੌਮਾਂਤਰੀ ਮਾਪਦੰਡਾਂ ਮੁਤਾਬਕ ਸ਼ਾਸਨ ਵਿਵਸਥਾ ਦੀ ਦਿਸ਼ਾ ਵਿਚ ਅੜਿੱਕਾ ਡਾਹ ਰਹੀ ਹੈ। ਅਮਰੀਕੀ ਸੈਨਿਕਾਂ ਦੀ 31 ਅਗਸਤ ਨੂੰ ਪੂਰਨ ਵਾਪਸੀ ਤੋਂ ਦੋ ਹਫ਼ਤੇ ਪਹਿਲਾਂ ਹੀ ਤਾਲਿਬਾਨ ਨੇ 15 ਅਗਸਤ ਨੂੰ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਗੁਟੇਰੇਜ਼ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਦੀ 'ਸਾਰਥਕ, ਲਚਕਦਾਰ ਅਤੇ ਰਚਨਾਤਮਕ ਸ਼ਮੂਲੀਅਤ ਤੋਂ ਬਿਨਾ ਅਫ਼ਗਾਨਿਸਤਾਨ ਵਿਚ ਮਨੁੱਖੀ ਅਤੇ ਆਰਥਿਕ ਸਥਿਤੀ ਖਰਾਬ ਹੀ ਰਹੇਗੀ। -ਪੀਟੀਆਈ

ਲੰਘੇ ਸਾਲ ਅਫ਼ਗਾਨਿਸਤਾਨ ਦੇ 16 ਪ੍ਰਾਂਤਾਂ ਵਿਚ ਆਈਐੱਸਐੱਲ-ਕੇ ਦੇ 152 ਹਮਲੇ ਦਰਜ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਪਿਛਲੇ ਸਾਲ ਅਗਸਤ ਅਤੇ ਦਸੰਬਰ ਵਿਚਾਲੇ ਇਰਾਕ ਵਿਚ ਇਸਲਾਮਿਕ ਸਟੇਟ ਅਤੇ ਅਫ਼ਗਾਨਿਸਤਾਨ ਦੇ 16 ਪ੍ਰਾਂਤਾਂ ਵਿਚ ਇਸਲਾਮਿਕ ਸਟੇਟ ਲੈਵੇਂਟ-ਖੁਰਾਸਨ (ਆਈਐੱਸਆਈਐੱਲ-ਕੇ) ਵੱਲੋਂ ਕੀਤੇ ਗਏ 150 ਤੋਂ ਵੱਧ ਹਮਲੇ ਦਰਜ ਕੀਤੇ ਹਨ ਜੋ ਕਿ 2020 ਵਿਚ ਇਸੇ ਸਮੇਂ ਦੌਰਾਨ ਕੀਤੇ ਗਏ ਹਮਲਿਆਂ ਨਾਲੋਂ ਲਗਪਗ ਅੱਠ ਗੁਣਾ ਵੱਧ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਰਿਪੋਰਟ ਅਨੁਸਾਰ, ''19 ਅਗਸਤ ਤੋਂ 31 ਦਸੰਬਰ 2021 ਵਿਚਾਲੇ ਸੰਯੁਕਤ ਰਾਸ਼ਟਰ ਨੇ ਅਫ਼ਗਾਨਿਸਤਾਨ ਦੇ 16 ਪ੍ਰਾਂਤਾਂ ਵਿਚ ਆਈਐੱਸਐੱਲ-ਕੇ ਵੱਲੋਂ ਕੀਤੇ ਗਏ 152 ਹਮਲੇ ਦਰਜ ਕੀਤੇ ਹਨ ਜਦਕਿ 2020 ਵਿਚ ਇਸੇ ਸਮੇਂ ਦੌਰਾਨ ਪੰਜ ਪ੍ਰਾਂਤਾਂ ਵਿਚ 20 ਹਮਲੇ ਹੋਏ ਸਨ।'' -ਪੀਟੀਆਈ



Most Read

2024-09-21 12:55:39