Breaking News >> News >> The Tribune


ਕੇਂਦਰ ਵੱਲੋਂ ਓਵਾਇਸੀ ਨੂੰ ‘ਜ਼ੈੱਡ’ ਸੁਰੱਖਿਆ ਦੇਣ ਦਾ ਫ਼ੈਸਲਾ


Link [2022-02-05 15:21:08]



ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਉੱਘੇ ਮੁਸਲਮਾਨ ਨੇਤਾ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਕਮਾਂਡੋਜ਼ ਰਾਹੀਂ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ (ਏਆਈਐਮਆਈਐੱਮ) ਦੇ ਮੁਖੀ ਨੂੰ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ ਪੱਛਮੀ ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਵੀਰਵਾਰ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੀ ਕਾਰ 'ਤੇ ਗੋਲੀਬਾਰੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ ਹੈ। ਵੀਰਵਾਰ ਸ਼ਾਮ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਚੋਣ ਰੈਲੀਆਂ ਮਗਰੋਂ ਦਿੱਲੀ ਪਰਤਦੇ ਸਮੇਂ ਹਾਪੁੜ ਵਿੱਚ ਏਆਈਐੱਮਆਈਐੱਮ ਮੁਖੀ ਦੀ ਕਾਰ 'ਤੇ ਹਮਲਾ ਹੋਇਆ ਸੀ। ਓਵਾਇਸੀ ਨੇ ਕਿਹਾ ਕਿ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਓਵਾਇਸੀ ਦੀ ਸੁਰੱਖਿਆ ਲਈ 24 ਘੰਟੇ ਸੀਆਰਪੀਐੱਫ ਕਮਾਂਡੋ ਤਾਇਨਾਤ ਰਹਿਣਗੇ। ਸੁਰੱਖਿਆ 'ਚ 16 ਤੋਂ 20 ਕਮਾਂਡੋ ਵਾਰੋ-ਵਾਰੀ ਤਾਇਨਾਤ ਹੋਣਗੇ। ਜ਼ਿਕਰਯੋਗ ਹੈ ਜ਼ੈੱਡ ਸੁਰੱਖਿਆ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਉੱਚ ਸੁਰੱਖਿਆ ਛੱਤਰੀ ਹੈ। ਓਵਾਇਸੀ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਤੋਂ ਘਟਨਾ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉੱਤਰ ਪ੍ਰਦੇਸ਼ ਦੇ ਏਡੀਜੀਪੀ (ਕਾਨੂੰਨ ਤੇ ਅਮਨ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਘਟਨਾ ਦੇ ਸਬੰਧ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਇੱਕ ਪਿਸਤੌਲ ਜ਼ਬਤ ਕੀਤਾ ਗਿਆ ਹੈ। ਪੁਲੀਸ ਨੇ ਇਹ ਵੀ ਦੱਸਿਆ ਕਿ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਅਮਲ 10 ਫਰਵਰੀ ਤੋਂ ਸ਼ੁਰੂ ਹੋਣਾ ਹੈ। -ਪੀਟੀਆਈ

ਓਵਾਇਸੀ ਵੱਲੋਂ ਸੁਰੱਖਿਆ ਲੈਣ ਤੋਂ ਇਨਕਾਰ

ਨਵੀਂ ਦਿੱਲੀ: ਏਆਈਐਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਲੋਕ ਸਭਾ 'ਚ ਬੋਲਦਿਆਂ ਓਵਾਇਸੀ ਨੇ ਸਰਕਾਰ ਨੂੰ ਹਮਲੇ 'ਚ ਸ਼ਾਮਲ ਲੋਕਾਂ ਖ਼ਿਲਾਫ਼ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਕੇਸ ਦਰਜ ਕਰਨ ਅਤੇ ਦੇਸ਼ ਵਿੱਚੋਂ 'ਕੱਟੜਵਾਦ' ਖਤਮ ਕਰਨ ਦੀ ਅਪੀਲ ਕੀਤੀ। ਸੰਸਦ ਵਿੱਚ ਉਨ੍ਹਾਂ ਕਿਹਾ, ''ਮੈਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਨਹੀਂ ਚਾਹੁੰਦਾ। ਮੈਂ ਤੁਹਾਡੇ ਸਾਰਿਆਂ ਨਾਲ ਇੱਕ ਏ-ਕੈਟਾਗਰੀ ਦਾ ਨਾਗਰਿਕ ਬਣ ਕੇ ਰਹਿਣਾ ਚਾਹੁੰਦਾ ਹਾਂ। ਮੇਰੇ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਯੂਏਪੀਏ ਕਿਉਂ ਨਹੀਂ ਲਾਇਆ ਗਿਆ? ਮੈਂ ਬੋਲਣ ਲਈ ਜ਼ਿੰਦਾ ਰਹਿਣਾ ਚਾਹੁੰਦਾ ਹਾਂ। ਮੇਰੀ ਜ਼ਿੰਦਗੀ ਤਾਂ ਹੀ ਸੁਰੱਖਿਅਤ ਹੋਵੇਗੀ ਜੇਕਰ ਗਰੀਬ ਸੁਰੱਖਿਅਤ ਹਨ। ਮੇਰੀ ਕਾਰ 'ਤੇ ਹਮਲਾ ਕਰਨ ਵਾਲਿਆਂ ਤੋਂ ਮੈਂ ਨਹੀਂ ਡਰਦਾ।'' ਦੂਜੇ ਪਾਸੇ ਵਣਜ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹਮਲੇ ਲਈ ਵਰਤਿਆ ਗਿਆ ਹਥਿਆਰ ਤੇ ਵਾਹਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਸਦਨ ਵਿੱਚ ਇਸ ਮੁੱਦੇ 'ਤੇ ਬਿਆਨ ਦੇਣਗੇ। -ਪੀਟੀਆਈ



Most Read

2024-09-23 06:22:24