Breaking News >> News >> The Tribune


ਯੋਗੀ ਨੇ ਯੂਪੀ ਨੂੰ ਅਪਰਾਧੀਆਂ ਤੋਂ ਮੁਕਤ ਕੀਤਾ: ਸ਼ਾਹ


Link [2022-02-05 15:21:08]



ਗੋਰਖਪੁਰ, 4 ਫਰਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਅਪਰਾਧੀਆਂ ਤੋਂ ਮੁਕਤ ਕਰਨ ਦਾ ਸਿਹਰਾ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਿਰ ਬੱਝਦਾ ਹੈ। ਸ਼ਾਹ ਨੇ ਕਿਹਾ ਕਿ ਯੂਪੀ ਵਿੱਚ ਅਪਰਾਧੀ ਹੁਣ ਜਾਂ ਤਾਂ ਜੇਲ੍ਹਾਂ ਵਿੱਚ ਹਨ ਜਾਂ ਫ਼ਿਰ ਸਮਾਜਵਾਦੀ ਪਾਰਟੀ ਦੀ ਅਸੈਂਬਲੀ ਚੋਣਾਂ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਮਿਲਦੇ ਹਨ। ਸ਼ਾਹ ਨੇ ਇਹ ਗੱਲਾਂ ਅੱਜ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਹੀਆਂ। ਸ਼ਾਹ ਮਗਰੋਂ ਮੁੱਖ ਮੰਤਰੀ ਨਾਲ ਕੁਲੈਕਟਰੇਟ ਦਫ਼ਤਰ ਵੀ ਗਏ, ਜਿੱਥੇ ਯੋਗੀ ਨੇ ਗੋਰਖਪੁਰ ਸ਼ਹਿਰੀ ਅਸੈਂਬਲੀ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਇਹ ਅਸੈਂਬਲੀ ਹਲਕਾ ਗੋਰਖਪੁਰ ਸੰਸਦੀ ਹਲਕੇ ਅਧੀਨ ਆਉਂਦਾ ਹੈ, ਜਿਸ ਦੀ ਆਦਿੱਤਿਆਨਾਥ ਸੰਸਦ ਵਿੱਚ ਪੰਜ ਵਾਰ ਨੁਮਾਇੰਦਗੀ ਕਰ ਚੁੱਕੇ ਹਨ। ਕਾਗਜ਼ ਭਰਨ ਮੌਕੇ ਸਿਖਰਲੇ ਭਾਜਪਾ ਆਗੂਆਂ ਤੋਂ ਇਲਾਵਾ ਭਾਈਵਾਲ ਪਾਰਟੀਆਂ 'ਅਪਨਾ ਦਲ' ਤੇ 'ਨਿਸ਼ਾਦ ਪਾਰਟੀ' ਦੇ ਮੁਖੀ ਵੀ ਮੌਜੂਦ ਸਨ। ਸ਼ਾਹ ਨੇ ਰੈਲੀ ਵਿੱਚ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ, ''ਮੈਂ ਬੜੇ ਮਾਣ ਨਾਲ ਇਹ ਗੱਲ ਆਖ ਸਕਦਾ ਹਾਂ ਕਿ ਯੋਗੀਜੀ ਨੇ ਯੂਪੀ ਨੂੰ ਮਾਫ਼ੀਆ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਸੂਬੇ 'ਚ 25 ਸਾਲਾਂ ਮਗਰੋਂ ਕਾਨੂੰਨ ਦੀ ਸਥਾਪਤੀ ਨੂੰ ਯਕੀਨੀ ਬਣਾਇਆ ਹੈ।'' ਕੇਂਦਰੀ ਗ੍ਰਹਿ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਅਪਰਾਧੀ ਤਿੰਨ ਥਾਵਾਂ- ਜੇਲ੍ਹਾਂ, ਯੂਪੀ ਤੋਂ ਬਾਹਰ ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਮਿਲਦੇ ਹਨ। ਉਨ੍ਹਾਂ ਸਪਾ 'ਤੇ ਤਨਜ਼ ਕਸਦਿਆਂ ਕਿਹਾ ਕਿ 'ਆਜ਼ਮ ਖ਼ਾਨ, ਅਤੀਕ ਅਹਿਮਦ ਤੇ ਮੁਖ਼ਤਾਰ (ਅੰਸਾਰੀ) ਦੇ ਦਿਨ ਲੱਦ ਗਏ ਹਨ ਤੇ ਹੁਣ ਉਹ ਲੋਕਾਂ ਨੂੰ ਹੋਰ ਨਹੀਂ ਡਰਾ ਸਕਦੇ।'' ਉਨ੍ਹਾਂ ਕਿਹਾ ਕਿ ਗੋਰਖਪੁਰ ਪਹਿਲਾਂ ਅਪਰਾਧੀਆਂ ਤੇ ਦਿਮਾਗੀ ਬੁਖਾਰ ਕਰਕੇ ਹੋਈਆਂ (ਬੱਚਿਆਂ ਦੀਆਂ) ਮੌਤਾਂ ਲਈ ਜਾਣਿਆਂ ਜਾਂਦਾ ਸੀ, ਜਦੋਂਕਿ ਹੁਣ ਇਹ ਗੰਗਾ ਐਕਸਪ੍ਰੈੱਸਵੇਅ, ਆਰਗੈਨਿਕ ਖੇਤੀ, ਸੜਕਾਂ, ਏਮਸ, ਖਾਦ ਤੇ ਕਾਰਖਾਨਿਆਂ, ਪੂਰਵਾਂਚਲ ਐਕਸਪ੍ਰੈੱਸਵੇਅ ਤੇ ਖੇਤਰੀ ਮੈਡੀਕਲ ਖੋਜ ਸੈਂਟਰ ਲਈ ਮਕਬੂਲ ਹੈ। ਯੋਗੀ ਨੇ ਆਪਣੇ ਸੰਬੋਧਨ 'ਚ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਮਨਸੂਖ ਕਰਨ ਤੇ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਲਈ ਸ਼ਾਹ ਦੀ ਤਾਰੀਫ਼ ਕੀਤੀ। -ਪੀਟੀਆਈ



Most Read

2024-09-23 06:27:05