World >> The Tribune


ਅਮਰੀਕੀ ਸਫ਼ੀਰ ਵੱਲੋਂ ਰਾਹੁਲ ਗਾਂਧੀ ਦੇ ਬਿਆਨਾਂ ਦੀ ਤਸਦੀਕ ਕਰਨ ਤੋਂ ਨਾਂਹ


Link [2022-02-04 09:32:41]



ਵਾਸ਼ਿੰਗਟਨ, 3 ਫਰਵਰੀ

ਸਿਖਰਲੇ ਅਮਰੀਕੀ ਸਫ਼ੀਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਉਸ ਬਿਆਨ ਦੀ 'ਤਸਦੀਕ ਨਹੀਂ ਕਰਦਾ' ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਕਰਕੇ ਚੀਨ ਤੇ ਪਾਕਿਸਤਾਨ ਮਿਲ ਕੇ ਭਾਰਤ ਖਿਲਾਫ਼ ਹੋ ਗਏ ਹਨ। ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਕਿਹਾ, ''ਮੈਂ ਇਹ ਪਾਕਿਸਤਾਨੀਆਂ ਤੇ ਪੀਆਰਸੀ (ਪੀਪਲਜ਼ ਰਿਪਬਲਿਕ ਆਫ਼ ਚਾਈਨਾ) 'ਤੇ ਛੱਡਦਾ ਹਾਂ ਕਿ ਉਹ ਆਪਣੇ ਰਿਸ਼ਤਿਆਂ ਬਾਰੇ ਖੁ਼ਦ ਗੱਲ ਕਰਨ। ਮੈਂ ਯਕੀਨੀ ਤੌਰ 'ਤੇ (ਰਾਹੁਲ ਗਾਂਧੀ ਦੀਆਂ) ਉਪਰੋਕਤ ਟਿੱਪਣੀਆਂ ਦੀ ਤਸਦੀਕ ਨਹੀਂ ਕਰਾਂਗਾ।''

ਪ੍ਰਾਈਸ ਨੇ ਕਿਹਾ ਕਿ ਚੀਨ ਦੇ ਪਾਕਿਸਤਾਨ ਨਾਲ ਰਿਸ਼ਤਿਆਂ ਨੂੰ ਬਿਆਨ ਕਰਨ ਲਈ ਸ਼ਾਇਦ ਭਾਈਵਾਲ ਸ਼ਬਦ ਵਰਤਣਾ ਗ਼ਲਤ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਪ੍ਰਾਈਸ ਨੇ ਕਿਹਾ ਕਿ ਮੁਲਕਾਂ ਨੂੰ ਅਮਰੀਕਾ ਤੇ ਚੀਨ ਵਿੱਚੋਂ ਕਿਸੇ ਇਕ ਨੂੰ ਚੁਣਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ, ''ਪਾਕਿਸਤਾਨ, ਅਮਰੀਕਾ ਦਾ ਰਣਨੀਤਕ ਭਾਈਵਾਲ ਹੈ ਤੇ ਸਾਡੇ ਇਸਲਾਮਾਬਾਦ ਨਾਲ ਅਹਿਮ ਰਿਸ਼ਤੇ ਹਨ ਤੇ ਇਹ ਅਜਿਹਾ ਰਿਸ਼ਤਾ ਹੈ ਜਿਸ ਦੀ ਅਸੀਂ ਕਈ ਮੋਰਚਿਆਂ 'ਤੇ ਕਦਰ ਕਰਦੇ ਹਾਂ।''

ਕਾਬਿਲੇਗੌਰ ਹੈ ਕਿ ਬੁੱਧਵਾਰ ਨੂੰ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਪੇਸ਼ ਧੰਨਵਾਦ ਮਤੇ 'ਤੇ ਬਹਿਸ ਦੌਰਾਨ ਰਾਹੁਲ ਗਾਧੀ ਨੇ ਕਿਹਾ ਸੀ ਕਿ ਭਾਰਤ ਦਾ ਰਣਨੀਤਕ ਟੀਚਾ ਚੀਨ ਤੇ ਪਾਕਿਸਤਾਨ ਨੂੰ ਇਕ ਦੂਜੇ ਤੋਂ ਦੂਰ ਰੱਖਣਾ ਹੈ, ਪਰ ਮੋਦੀ ਸਰਕਾਰ ਇਸ ਦੇ ਉਲਟ ਕੰਮ ਕਰ ਰਹੀ ਹੈ।

ਰਾਹੁਲ ਗਾਂਧੀ ਨੇ ਕਿਹਾ ਸੀ, ''...ਅਸੀਂ ਆਪਣੀ ਵਿਦੇਸ਼ ਨੀਤੀ ਵਿੱਚ ਵੱਡੀ ਰਣਨੀਤਕ ਗ਼ਲਤੀ ਕੀਤੀ ਹੈ...ਤੁਸੀਂ ਚੀਨ ਤੇ ਪਾਕਿਸਤਾਨ ਨੂੰ ਇਕੱਠਿਆਂ ਕਰ ਦਿੱਤਾ ਹੈ...ਤੁਸੀਂ ਦੋ ਵੱਖੋ-ਵੱਖਰੇ ਮੋਰਚਿਆਂ ਦਾ ਸੰਕਲਪ ਲਿਆ ਸੀ ਤੇ ਇਸ ਨੂੰ ਇਕ ਸਾਂਝੇ ਫਰੰਟ ਵਿੱਚ ਤਬਦੀਲ ਕਰ ਦਿੱਤਾ ਹੈ..ਇਹ ਗੱਲ ਬਹੁਤ ਸਪਸ਼ਟ ਹੈ ਕਿ ਚੀਨੀ ਤੇ ਪਾਕਿਸਤਾਨੀ ਮਿਲ ਕੇ ਯੋਜਨਾਵਾਂ ਘੜ ਰਹੇ ਹਨ। ਉਨ੍ਹਾਂ ਵੱਲੋਂ ਖਰੀਦੇ ਜਾ ਰਹੇ ਹਥਿਆਰਾਂ ਨੂੰ ਵੇਖੋ, ਉਨ੍ਹਾਂ ਦੀਆਂ ਸਰਗਰਮੀਆਂ ਨੂੰ ਵੇਖੋ, ਉਨ੍ਹਾਂ ਦੇ ਗੱਲਬਾਤ ਕਰਨ ਤੇ ਬੋਲਣ ਦੇ ਢੰਗ ਤਰੀਕੇ ਨੂੰ ਵੇਖਣ ਦੀ ਲੋੜ ਹੈ'' -ਪੀਟੀਆਈ



Most Read

2024-09-21 12:56:14