World >> The Tribune


ਸਿੰਧ ਵਿੱਚ ਜ਼ਮੀਨੀ ਵਿਵਾਦ ਕਾਰਨ ਹਿੰਦੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ


Link [2022-02-04 09:32:41]



ਕਰਾਚੀ, 3 ਫਰਵਰੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਇਕ ਜ਼ਮੀਨੀ ਵਿਵਾਦ ਕਾਰਨ ਦਹਾਰ ਜਾਤੀ ਦੇ ਕੁਝ ਲੋਕਾਂ ਨੇ ਇਕ ਪਾਕਿਸਤਾਨੀ ਹਿੰਦੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਦੀ ਇਕ ਰਿਪੋਰਟ ਅਨੁਸਾਰ ਇਸ ਘਟਨਾ ਨੂੰ ਮੁਲਕ ਵਿਚ ਘੱਟ ਗਿਣਤੀਆਂ 'ਤੇ ਤਾਜ਼ੇ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਅਖ਼ਬਾਰ ਦੀ ਖ਼ਬਰ ਅਨੁਸਾਰ ਕਾਰੋਬਾਰੀ ਸਤਾਨ ਲਾਲ ਦੀ ਸੋਮਵਾਰ ਨੂੰ ਘੋਟਕੀ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਦੀ ਇਸ ਘਟਨਾ ਤੋਂ ਬਾਅਦ ਘੋਟਕੀ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ। ਮੰਗਲਵਾਰ ਨੂੰ ਸਤਾਨ ਲਾਲ ਦੀ ਹੱਤਿਆ ਦੇ ਵਿਰੋਧ ਵਜੋਂ ਪ੍ਰਦਰਸ਼ਨ ਕਰ ਰਹੇ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਕੌਮੀ ਸ਼ਾਹਰਾਹ 'ਤੇ ਜਾਮ ਲਗਾ ਦਿੱਤਾ। ਖ਼ਬਰ ਅਨੁਸਾਰ ਇਨ੍ਹਾਂ ਧਰਨਿਆਂ-ਪ੍ਰਦਰਸ਼ਨਾਂ ਤੋਂ ਬਾਅਦ ਪੁਲੀਸ ਨੇ ਲਾਲ ਦੀ ਹੱਤਿਆ ਦੇ ਮੁਲਜ਼ਮ ਬਚਲ ਦਹਾਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦਹਾਰਕੀ ਪੁਲੀਸ ਥਾਣੇ ਅੱਗੇ ਧਰਨਾ ਲਗਾਇਆ ਸੀ। ਡੀਆਈਜੀ ਸ਼ੱਕੂਰ ਨੇ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਪ੍ਰਦਰਸ਼ਨਕਾਰੀ ਸ਼ਾਹਰਾਹ ਤੋਂ ਹਟ ਗਏ ਹਨ। ਖ਼ਬਰ ਵਿਚ ਲਾਲ ਦੇ ਦੋਸਤ ਅਨਿਲ ਕੁਮਾਰ ਦੇ ਹਵਾਲੇ ਨਾਲ ਕਿਹਾ ਗਿਆ, ''ਸਤਾਨ ਲਾਲ ਦੀ ਜ਼ਮੀਨ 'ਤੇ ਕਪਾਹ ਦੀ ਫੈਕਟਰੀ ਅਤੇ ਆਟਾ ਮਿੱਲ ਦਾ ਉਦਘਾਟਨ ਸਮਾਰੋਹ ਸੀ। ਉਸੇ ਦੌਰਾਨ ਕੁਝ ਲੋਕਾਂ ਨੇ ਲਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪਹਿਲਾਂ ਸਾਨੂੰ ਲੱਗਿਆ ਕਿ ਦਹਾਰ ਭਾਈਚਾਰੇ ਦੇ ਧਾਰਮਿਕ ਆਗੂ ਸੀਨ ਸਾਧਰਾਮ ਸਾਹਬ ਦੇ ਸਵਾਗਤ ਵਿਚ ਗੋਲੀਆਂ ਚਲਾਈਆਂ ਗਈਆਂ ਹਨ।'' ਇਸ ਤੋਂ ਪਹਿਲਾਂ ਵੀ ਲਾਲ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਸੀ। -ਪੀਟੀਆਈ



Most Read

2024-09-21 12:48:03