World >> The Tribune


ਸਰਦ ਰੁੱਤ ਓਲੰਪਿਕ ’ਚ ਗਲਵਾਨ ਕਮਾਂਡਰ ਦਾ ਸਨਮਾਨ ‘ਅਫ਼ਸੋਸਨਾਕ’: ਭਾਰਤ


Link [2022-02-04 09:32:41]



ਨਵੀਂ ਦਿੱਲੀ, 3 ਫਰਵਰੀ

ਮੁੱਖ ਅੰਸ਼

ਪ੍ਰਸਾਰ ਭਾਰਤੀ ਨੇ ਵੀ ਸਿੱਧੇ ਪ੍ਰਸਾਰਣ ਤੋਂ ਹੱਥ ਪਿਛਾਂਹ ਖਿੱਚੇ ਗਲਵਾਨ ਕਮਾਂਡਰ ਦੇ ਮਸ਼ਾਲ ਲੈ ਕੇ ਦੌੜਨ 'ਤੇ ਉਜਰ ਜਤਾਇਆ

ਭਾਰਤ ਨੇ ਅੱਜ ਐਲਾਨ ਕੀਤਾ ਕਿ ਪੇਈਚਿੰਗ ਸਥਿਤ ਭਾਰਤੀ ਅੰਬੈਸੀ ਦਾ ਡਿਪਲੋਮੈਟ ਚੀਨ ਦੀ ਰਾਜਧਾਨੀ ਵਿੱਚ ਹੋਣ ਵਾਲੀਆਂ 2022 ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਜਾਂ ਸਮਾਪਤੀ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਵੇਗਾ। ਉਧਰ ਪ੍ਰਸਾਰ ਭਾਰਤੀ ਨੇ ਵੀ ਦੂਰਦਰਸ਼ਨ 'ਤੇ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਦੇ ਸਿੱਧੇ ਪ੍ਰਸਾਰਣ ਤੋਂ ਨਾਂਹ ਕਰ ਦਿੱਤੀ ਹੈ। ਚੀਨੀ ਮੀਡੀਆ ਅਨੁਸਾਰ ਭਾਰਤ ਨਾਲ ਗਲਵਾਨ ਘਾਟੀ 'ਚ ਹੋਈਆਂ ਝੜਪਾਂ ਵਿੱਚ ਜ਼ਖ਼ਮੀ ਹੋਇਆ ਚੀਨੀ ਫੌਜ ਦਾ ਅਧਿਕਾਰੀ ਬੁੱਧਵਾਰ ਨੂੰ ਸਰਦ ਰੁੱਤ ਓਲੰਪਿਕਸ ਵਿੱਚ ਮਸ਼ਾਲ ਲੈ ਕੇ ਦੌੜਿਆ ਸੀ। ਭਾਰਤ ਨੇ ਇਸੇ ਘਟਨਾ ਦੇ ਰੋਸ ਵਜੋਂ ਉਪਰੋਕਤ ਫੈਸਲਾ ਲਿਆ ਹੈ। ਗਲੋਬਲ ਟਾਈਮਜ਼ ਅਨੁਸਾਰ ਚੀਨੀ ਫੌਜ ਵਿੱਚ ਰੈਜੀਮੈਂਟਲ ਕਮਾਂਡਰ ਕੀ ਫੈਬੀਓ ਨੂੰ ਟਾਰਚ ਰਿਲੇਅ ਵਿੱਚ ਮਸ਼ਾਲ ਨਾਲ ਦੇਖਿਆ ਗਿਆ ਸੀ। ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ, ਜਦ ਕਿ ਚੀਨ ਨੇ ਉਸ ਦੇ ਚਾਰ ਜਵਾਨ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਕਮਾਂਡਰ ਦਾ ਸਨਮਾਨ ਕੀਤੇ ਜਾਣ ਦੀ ਕਾਰਵਾਈ ਨੂੰ 'ਅਫ਼ਸੋਸਨਾਕ' ਕਰਾਰ ਦਿੱਤਾ ਹੈ। ਬਾਗ਼ਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਵੱਲੋਂ ਓਲੰਪਿਕ ਜਿਹੇ ਈਵੈਂਟ ਦਾ ਸਿਆਸੀਕਰਨ ਕੀਤਾ ਜਾ ਰਿਹੈ, ਲਿਹਾਜ਼ਾ ਪੇਈਚਿੰਗ ਅੰਬੈਸੀ ਵਿੱਚ ਭਾਰਤੀ ਡਿਪਲੋਮੈਟ 2022 ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਜਾਂ ਸਮਾਪਤੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗਾ। ਉਂਜ ਚਾਰਜ ਡੀ'ਅਫੇਅਰਜ਼ ਅੰਬੈਸੀ ਦਾ ਸਭ ਤੋਂ ਸੀਨੀਅਰ ਡਿਪਲੋਮੈਟ ਹੁੰਦਾ ਹੈ ਤੇ ਮੌਜੂਦਾ ਸਮੇਂ ਅੰਬੈਸੇਡਰ ਵਜੋਂ ਮਨੋਨੀਤ ਪ੍ਰਦੀਪ ਕੁਮਾਰ ਰਾਵਤ ਨੇ ਅਜੇ ਤੱਕ ਅਹੁਦੇ ਦਾ ਚਾਰਜ ਨਹੀਂ ਲਿਆ। ਬਾਗ਼ਚੀ ਨੇ ਕਿਹਾ, ''ਅਸੀਂ ਰਿਪੋਰਟਾਂ ਵੇਖੀਆਂ ਹਨ। ਚੀਨ ਵੱਲੋਂ ਓਲੰਪਿਕ ਜਿਹੇ ਈਵੈਂਟ ਨੂੰ ਸਿਆਸਤ ਕਰਨ ਲਈ ਚੁਣਨਾ ਅਫ਼ਸੋਸਨਾਕ ਹੈ।'' ਵਿਦੇਸ਼ ਮੰਤਰਾਲੇ ਦੇ ਇਸ ਐਲਾਨ ਮਗਰੋਂ ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੈਮਪਤੀ ਨੇ ਕਿਹਾ ਕਿ ਦੂਰਦਰਸ਼ਨ ਦਾ ਸਪੋਰਟਸ ਚੈਨਲ ਓਲੰਪਿਕ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮ ਦਾ ਸਿੱਧਾ ਪ੍ਰਸਾਰਣ ਨਹੀਂ ਕਰੇਗਾ। 24ਵੀਆਂ ਸਰਦ ਰੁੱਤ ਖੇਡਾਂ ਦਾ ਉਦਘਾਟਨੀ ਸਮਾਗਮ ਸ਼ੁੱਕਰਵਾਰ ਨੂੰ ਹੋਵੇਗਾ। ਦੱਸਣਾ ਬਣਦਾ ਹੈ ਕਿ 15 ਜੂਨ 2020 ਨੂੰ ਗਲਵਾਨ ਘਾਟੀ ਵਿੱਚ ਹੋਈ ਝੜਪ ਮਗਰੋਂ ਪੂਰਬੀ ਲੱਦਾਖ ਵਿੱਚ ਸਰਹੱਦ ਦੇ ਨਾਲ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਣਾਅ ਸਿਖਰ 'ਤੇ ਪੁੱਜ ਗਿਆ ਸੀ। -ਪੀਟੀਆਈ

ਅਸੀਂ ਭਵਿੱਖ ਦੇ ਸੰਘਰਸ਼ਾਂ ਦੀਆਂ ਕੁਝ ਝਲਕਾਂ ਦੇਖ ਰਹੇ ਹਾਂ: ਨਰਵਾਣੇ

ਨਵੀਂ ਦਿੱਲੀ: ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਚੀਨ ਅਤੇ ਪਾਕਿਸਤਾਨ ਵੱਲੋਂ ਦਰਪੇਸ਼ ਕੌਮੀ ਸੁਰੱਖਿਆ ਚੁਣੌਤੀਆਂ ਬਾਰੇ ਅੱਜ ਕਿਹਾ ਕਿ ਭਾਰਤ ਭਵਿੱਖ ਦੇ ਸੰਘਰਸ਼ਾਂ ਦੀਆਂ ਕੁਝ ਝਲਕਾਂ ਦੇਖ ਰਿਹਾ ਹੈ ਅਤੇ ਉਸ ਦੇ ਵਿਰੋਧੀ ਆਪਣੇ ਰਣਨੀਤਕ ਟੀਚਿਆਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖਣਗੇ। ਜਨਰਲ ਨਰਵਾਣੇ ਨੇ ਇਕ ਆਨਲਾਈਨ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵੱਖਰੀ ਤਰ੍ਹਾਂ ਦੀਆਂ, ਮੁਸ਼ਕਿਲ ਅਤੇ ਬਹੁ-ਪੱਧਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉੱਤਰੀ ਸਰਹੱਦ 'ਤੇ ਘਟਨਾਕ੍ਰਮ ਨੇ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਬਲਾਂ ਦੀ ਲੋੜ ਨੂੰ ਦਰਸਾਇਆ ਹੈ। ਉਨ੍ਹਾਂ ਦੇਸ਼ ਦੀ ਪ੍ਰਭੁਸੱਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਰੱਖਣ ਵਿਚ ਸੈਨਾ ਦੀ ਮਦਦ ਲਈ ਆਧੁਨਿਕ ਤਕਨਾਲੋਜੀ ਦੇ ਇਸਤੇਮਾਲ 'ਤੇ ਵੀ ਜ਼ੋਰ ਦਿੱਤਾ। ਚੀਨ ਅਤੇ ਪਾਕਿਸਤਾਨ ਦਾ ਨਾਮ ਲਏ ਬਿਨਾ ਥਲ ਸੈਨਾ ਮੁਖੀ ਨੇ ਕਿਹਾ ਕਿ ਪਰਮਾਣੂ ਸਮਰੱਥਾ ਨਾਲ ਲੈਸ ਗੁਆਂਢੀਆਂ ਨਾਲ ਸਰਹੱਦ ਵਿਵਾਦ ਤੇ ਸਰਕਾਰਾਂ ਦੁਆਰਾ ਸਪਾਂਸਰਡ ਸੀਤ ਯੁੱਧ ਨੇ ਸੁਰੱਖਿਆ ਤੰਤਰ ਅਤੇ ਸਰੋਤਾਂ ਅੱਗੇ ਚੁਣੌਤੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਫ਼ੌਜ ਆਪਣੇ ਬਲਾਂ ਦੇ ''ਪੁਨਰਗਠਨ, ਪੁਨਰਸੰਤੁਲਨ ਅਤੇ ਇਨ੍ਹਾਂ ਨੂੰ ਮੁੜ ਦਿਸ਼ਾ ਦੇਣ'' 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਅਤੇ ਸੈਨਾ ਤਿੰਨੋਂ ਸੇਵਾਵਾਂ ਦਾ ਏਕੀਕਰਨ ਯਕੀਨੀ ਬਣਾਉਣ ਲਈ 'ਥੀਏਟਰ ਕਮਾਨ' (ਸੈਨਾ ਦੇ ਤਿੰਨੋਂ ਹਿੱਸਿਆਂ ਨੂੰ ਮਿਲਾ ਕੇ ਕੰਮ ਕਰਨ) ਨੂੰ ਪਹਿਲ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ''ਅਸੀਂ ਅਜੇ ਭਵਿੱਖ ਦੇ ਸੰਘਰਸ਼ ਦੀਆਂ ਝਲਕਾਂ ਦੇਖ ਰਹੇ ਹਾਂ। ਸੂਚਨਾ ਦੇ ਖੇਤਰ, ਨੈੱਟਵਰਕ ਅਤੇ ਸਾਈਬਰ ਸਪੇਸ ਵਿਚ ਵੀ ਸਾਨੂੰ ਇਸ ਦੇ ਸਬੂਤ ਦਿਖ ਰਹੇ ਹਨ। ਵਿਵਾਦਤ ਸਰਹੱਦਾਂ 'ਤੇ ਵੀ ਇਹ ਸਭ ਦਿਖ ਰਿਹਾ ਹੈ।'' ਥਲ ਸੈਨਾ ਮੁਖੀ ਨੇ ਕਿਹਾ, ''ਇਨ੍ਹਾਂ ਝਲਕਾਂ ਦੇ ਆਧਾਰ 'ਤੇ ਸਾਨੂੰ ਭਵਿੱਖ ਲਈ ਤਿਆਰ ਹੋਣਾ ਹੋਵੇਗਾ। ਜੇਕਰ ਤੁਸੀਂ ਆਸਪਾਸ ਦੇਖੋਗੇ ਤਾਂ ਤੁਹਾਨੂੰ ਅੱਜ ਦੀ ਅਸਲੀਅਤ ਦਾ ਅਹਿਸਾਸ ਹੋਵੇਗਾ।'' ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਵਿਚ ਹਵਾਈ ਸੈਨਾ ਮੁਖੀ ਵੀ.ਆਰ. ਚੌਧਰੀ, ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਕਈ ਦੇਸ਼ਾਂ ਦੇ ਰੱਖਿਆ ਨੁਮਾਇੰਦਿਆਂ ਨੇ ਭਾਗ ਲਿਆ। ਜਨਰਲ ਨਰਵਾਣੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਨੇ ਮੁੜ ਤੋਂ ਪ੍ਰੌਕਸੀ ਅਤੇ ਗੈਰ ਸਰਕਾਰੀ ਤੱਤਾਂ ਦੇ ਇਸਤੇਮਾਲ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ, ''ਸਾਡੇ ਵਿਰੋਧੀ ਆਪਣੇ ਰਣਨੀਤਕ ਟੀਚਿਆਂ ਨੂੰ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਗੇ।'' ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਸ਼ਵ ਪੱਧਰ 'ਤੇ ਮਨਜ਼ੂਰਸ਼ੁਦਾ ਮਾਪਦੰਡਾਂ ਅਤੇ ਨੇਮਾਂ 'ਤੇ ਆਧਾਰਤ ਵਿਵਸਥਾ ਨੂੰ ਚੁਣੌਤੀ ਦੇ ਰਹੇ ਹਨ। ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ 'ਤੇ ਗੋਲੀਬੰਦੀ ਨੂੰ ਲੈ ਕੇ ਥਲ ਸੈਨਾ ਮੁਖੀ ਨੇ ਕਿਹਾ ਕਿ ਇਹ ਜਾਰੀ ਹੈ ''ਕਿਉਂਕਿ ਅਸੀਂ ਮਜ਼ਬੂਤ ਸਥਿਤੀ ਨਾਲ ਗੱਲਬਾਤ ਕੀਤੀ ਹੈ।'' ਜਨਰਲ ਨਰਵਾਣੇ ਨੇ ਇਹ ਵੀ ਕਿਹਾ ਕਿ 'ਥੀਏਟਰ ਕਮਾਨ' ਰਾਹੀਂ ਸੈਨਾ ਦੀਆਂ ਤਿੰਨੋਂ ਸੇਵਾਵਾਂ ਦੇ ਏਕੀਕਰਨ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਇਕ ਸਮਾਂਬੱਧ ਯੋਜਨਾ ਤਹਿਤ ਅੱਗੇ ਵਧ ਰਹੀ ਹੈ ਅਤੇ ਭਾਰਤੀ ਸੈਨਾ ਇਸ ਬਦਲਾਅ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ, ''ਅਸੀਂ ਇਨ੍ਹਾਂ ਬਦਲਾਵਾਂ ਲਈ ਆਪਣੇ ਅਪ੍ਰੇਸ਼ਨਲ ਤਜਰਬਿਆਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਅਤੇ ਇਹ ਕੰਮ ਜਾਰੀ ਰਹੇਗਾ।'' ਆਧੁਨਿਕ ਤਕਨੀਕ ਦੀ ਅਹਿਮੀਅਤ ਬਾਰੇ ਥਲ ਸੈਨਾ ਮੁਖੀ ਨੇ ਪਿਛਲੇ ਸਾਲ ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ਦਾ ਹਵਾਲਾ ਦਿੱਤਾ ਕਿ ਇਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸ਼ਕਤੀ ਨੂੰ ਸਖ਼ਤ ਲੋੜ ਦਰਸਾਇਆ ਹੈ। -ਪੀਟੀਆਈ

ਪੀਐੱਲਏ ਕਮਾਂਡਰ ਨੂੰ ਮਸ਼ਾਲਬਰਦਾਰ ਬਣਾਉਣਾ 'ਸ਼ਰਮਨਾਕ': ਅਮਰੀਕਾ

ਵਾਸ਼ਿੰਗਟਨ: ਸਿਖਰਲੇ ਅਮਰੀਕੀ ਕਾਨੂੰਨਸਾਜ਼ ਨੇ ਚੀਨ ਵੱਲੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਕਮਾਂਡਰ, ਜੋ ਗਲਵਾਨ ਘਾਟੀ ਵਿੱਚ ਭਾਰਤੀ ਫੌਜ 'ਤੇ ਹਮਲਾ ਕਰਨ ਵਾਲੀ ਮਿਲਟਰੀ ਕਮਾਂਡ ਵਿੱਚ ਸ਼ਾਮਲ ਸੀ, ਨੂੰ ਪੇਈਚਿੰਗ ਸਰਦ ਰੁੱਤ ਓਲੰਪਿਕ ਵਿੱਚ ਟਾਰਚ ਰਿਲੇਅ ਲਈ ਮਸ਼ਾਲਬਰਦਾਰ ਚੁਣੇ ਜਾਣ ਨੂੰ 'ਸ਼ਰਮਨਾਕ' ਕਰਾਰ ਦਿੱਤਾ ਹੈ। ਰਿਪਬਲਿਕਨ ਸੈਨੇਟਰ ਜਿਮ ਰਿਸ਼, ਜੋ ਅਮਰੀਕੀ ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਵੀ ਹੈ, ਨੇ ਕਿਹਾ ਕਿ ਅਮਰੀਕਾ ਅੱਗੋਂ ਵੀ ਭਾਰਤ ਦੀ ਪ੍ਰਭੁਸੱਤਾ ਦੀ ਹਮਾਇਤ ਜਾਰੀ ਰੱਖੇਗਾ। ਰਿਸ਼ ਨੇ ਟਵੀਟ ਕੀਤਾ, ''ਇਹ ਬਹੁਤ ਸ਼ਰਮਨਾਕ ਹੈ ਕਿ ਪੇਈਚਿੰਗ ਨੇ ਸਰਦ ਰੁੱਤ ਓਲੰਪਿਕ 2022 ਲਈ ਉਸ ਵਿਅਕਤੀ ਨੂੰ ਮਸ਼ਾਲਬਰਦਾਰ ਵਜੋਂ ਚੁਣਿਆ ਹੈ, ਜੋ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਫੌਜ 'ਤੇ ਹਮਲਾ ਕਰਨ ਵਾਲੀ ਮਿਲਟਰੀ ਕਮਾਂਡ ਦਾ ਹਿੱਸਾ ਸੀ। ਇਸੇ ਕਮਾਂਡ ਨੇ ਉਈਗਰਾਂ ਦੀ ਨਸਲਕੁਸ਼ੀ ਦੇ ਹੁਕਮਾਂ ਨੂੰ ਅਮਲ ਵਿੱਚ ਲਿਆਂਦਾ ਸੀ। ਅਮਰੀਕਾ ਉਈਗਰਾਂ ਦੀ ਆਜ਼ਾਦੀ ਤੇ ਭਾਰਤ ਦੀ ਪ੍ਰਭੁਸੱਤਾ ਦਾ ਅੱਗੋਂ ਵੀ ਸਮਰਥਨ ਕਰਦਾ ਰਹੇਗਾ।'' -ਪੀਟੀਆਈ



Most Read

2024-09-21 12:37:43