World >> The Tribune


ਕੈਨੇਡਾ ਸਿਆਸਤ: ਐਰਿਨ ਓ ਤੂਲ ਤੋਂ ਅਹੁਦਾ ਖੁੱਸਿਆ


Link [2022-02-04 09:32:41]



ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 3 ਫਰਵਰੀ

ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਭਾਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓ ਤੂਲ ਵਿਰੁੱਧ ਪੇਸ਼ ਬੇਭਰੋਸਗੀ ਮਤੇ 'ਤੇ ਪਈਆਂ ਵੋਟਾਂ ਵਿੱਚ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਫ਼ੌਜ 'ਚੋਂ ਸਿਆਸਤ ਵਿੱਚ ਆਏ ਪ੍ਰਧਾਨ 'ਤੇ ਦੋ ਸੰਸਦੀ ਚੋਣਾਂ ਦੀ ਹਾਰ ਦਾ ਠੀਕਰਾ ਟੁੱਟ ਰਿਹਾ ਸੀ। ਸੰਸਦ ਲਈ ਚਾਰ ਮਹੀਨੇ ਪਹਿਲਾਂ ਹੋਈਆਂ ਮੱਧਕਾਲੀ ਚੋਣਾਂ ਵਿੱਚ ਟੋਰੀ ਪਾਰਟੀ ਦੋ ਸਾਲ ਪਹਿਲਾਂ ਵਾਂਗ 119 ਸੀਟਾਂ ਜਿੱਤ ਸਕੀ ਸੀ। ਸਾਲ 2015 ਵਿੱਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਹੱਥੋਂ ਹੋਈ ਹਾਰ ਕਾਰਨ ਸਟੀਵਨ ਹਾਰਪਰ ਸਿਆਸਤ ਛੱਡ ਗਏ ਸਨ। ਕੁਝ ਮਹੀਨੇ ਬਾਅਦ ਤੂਲ ਨੂੰ ਪ੍ਰਧਾਨ ਚੁਣਿਆ ਗਿਆ ਸੀ, ਪਰ ਉਹ ਵਿਵਾਦਾਂ ਵਿੱਚ ਘਿਰੇ ਰਹੇ। ਅੱਜ ਉਸ ਦੇ ਹੱਕ ਵਿੱਚ 45 ਮੈਂਬਰ ਭੁਗਤੇ ਜਦਕਿ 73 ਨੇ ਵਿਰੋਧ ਪ੍ਰਗਟਾਇਆ। ਸੰਸਦੀ ਆਗੂ ਸਕੌਟ ਰੀਡ ਨੇ ਵੋਟ ਨਹੀਂ ਪਾਈ। ਦੁਰਹਾਮ ਤੋਂ ਐੱਮਪੀ ਚੁਣੇ ਐਰਿਨ ਓ ਤੂਲ ਨੇ ਹਾਰ ਤੋਂ ਬਾਅਦ ਕਿਹਾ ਉਹ ਸੰਸਦ ਮੈਂਬਰ ਬਣੇ ਰਹਿਣਗੇ। ਦੇਰ ਰਾਤ ਪਾਰਟੀ ਦੇ ਪ੍ਰਧਾਨ ਦੀ ਚੋਣ ਤੱਕ ਮਨੀਟੋਬਾ ਸੂਬੇ ਤੋਂ ਚੁਣੀ ਹੋਈ ਕੈਂਡਿਸ ਬਰਜਨ ਨੂੰ ਅੰਤ੍ਰਿਮ ਪ੍ਰਧਾਨ ਚੁਣ ਲਿਆ ਗਿਆ ਹੈ। ਉਹ ਸਾਲ 2016 ਤੋਂ 2020 ਤਕ ਹਾਊਸ ਲੀਡਰ ਰਹਿ ਚੁੱਕੀ ਹੈ। ਕੁੱਲ 9 ਜਣਿਆਂ ਵੱਲੋਂ ਇਸ ਅਹੁਦੇ ਦੀ ਇੱਛਾ ਪ੍ਰਗਟਾਈ ਗਈ ਸੀ। ਦੂਜੇ ਪਾਸੇ, ਲਾਜ਼ਮੀ ਟੀਕਾਕਰਨ ਅਤੇ ਕਰੋਨਾ ਪਾਬੰਦੀਆਂ ਖ਼ਿਲਾਫ਼ ਟਰੱਕ ਚਾਲਕਾਂ ਵੱਲੋਂ ਪੰਜ ਦਿਨਾਂ ਤੋਂ ਓਟਾਵਾ ਵਿੱਚ ਰੋਸ ਮੁਜ਼ਾਹਰਾ ਉੱਥੋਂ ਦੇ ਲੋਕਾਂ ਦੇ ਵਿਰੋਧ ਅਤੇ ਕੜਾਕੇ ਦੀ ਠੰਢ ਕਾਰਨ ਫਿੱਕਾ ਪੈ ਗਿਆ ਹੈ ਤੇ ਕੁਝ ਲੋਕ ਵਾਪਸ ਮੁੜਨ ਲੱਗੇ ਹਨ।



Most Read

2024-09-21 12:45:30