Breaking News >> News >> The Tribune


ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰਿਆ


Link [2022-02-04 09:32:36]



ਆਤਿਸ਼ ਗੁਪਤਾਚੰਡੀਗੜ੍ਹ, 3 ਫਰਵਰੀ

ਪੰਜਾਬ ਅਤੇ ਹਰਿਆਣਾ ਵਿੱਚ ਲੰਘੀ ਰਾਤ ਤੋਂ ਪੈ ਰਹੇ ਮੀਂਹ ਅਤੇ ਦਿਨ ਭਰ ਚੱਲੀਆਂ ਸੀਤ ਹਵਾਵਾਂ ਕਰਕੇ ਠੰਢ ਵੱਧ ਗਈ ਹੈ। ਮੀਂਹ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਹਨ। ਖੇਤਾਂ ਵਿੱਚ ਪਹਿਲਾਂ ਪਏ ਮੀਂਹ ਦਾ ਪਾਣੀ ਅਜੇ ਸੁੱਕਿਆ ਨਹੀਂ ਸੀ ਕਿ ਮੁੜ ਮੀਂਹ ਪੈਣ ਨਾਲ ਸਬਜ਼ੀਆਂ ਦੀ ਫ਼ਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ। ਕਣਕਾਂ ਵਿੱਚ ਪਾਣੀ ਖੜਨ ਕਰਕੇ ਫ਼ਸਲ ਦਾ ਰੰਗ ਪੀਲਾ ਪੈਣ ਲੱਗਾ ਹੈ। ਮੀਂਹ ਅਤੇ ਸੀਤ ਲਹਿਰ ਕਰਕੇ ਤਾਪਮਾਨ ਵੀ ਆਮ ਨਾਲੋਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦੋਵਾਂ ਸੂਬਿਆਂ 'ਚ ਮੀਂਹ ਅਤੇ ਅਗਲੇ ਦਿਨਾਂ ਵਿੱਚ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।

ਜਨਵਰੀ ਮਹੀਨੇ ਪੰਜਾਬ ਵਿੱਚ ਰੁਕ-ਰੁਕ ਕੇ ਪੈਂਦੇ ਰਹੇ ਮੀਂਹ ਅਤੇ ਧੁੱਪ ਨਾ ਨਿਕਲਣ ਕਰ ਕੇ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਹੁਣ ਲੰਘੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਦੀ ਆਲੂ ਅਤੇ ਮੂਲੀ ਦੀ ਫ਼ਸਲ ਤਾਂ ਨਸ਼ਟ ਹੋਣ ਕੰਢੇ ਪਹੁੰਚ ਗਈ ਹੈ। ਅਜਿਹੇ ਹਾਲਾਤ ਵਿੱਚ ਕਿਸਾਨ ਦਾਗੀ ਆਲੂ ਨੂੰ ਹੀ ਸਸਤੇ ਭਾਅ ਮੰਡੀਆਂ 'ਚ ਵੇਚਣ ਲਈ ਮਜਬੂਰ ਹੋ ਗਿਆ ਹੈ। ਜਦੋਂ ਕਿ ਟਮਾਟਰ ਵੀ ਦਾਗੀ ਹੋ ਗਿਆ ਅਤੇ ਮਟਰ ਦਾ ਰੰਗ ਵੀ ਬਦਲ ਗਿਆ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਬਾਗ਼ਬਾਨੀ ਵਿਭਾਗ ਵੱਲੋਂ ਸੂਬੇ 'ਚ ਫ਼ਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ 11.5 ਮਿਲੀਮੀਟਰ, ਲੁਧਿਆਣਾ 'ਚ 24.2, ਅੰਮ੍ਰਿਤਸਰ 'ਚ 10, ਪਟਿਆਲਾ 'ਚ 10.1, ਬਰਨਾਲਾ 15.5, ਬਠਿੰਡਾ 6.5, ਫਿਰੋਜ਼ਪੁਰ 5.5, ਗੁਰਦਾਸਪੁਰ 22, ਜਲੰਧਰ 29.5, ਮੋਗਾ 20.5, ਮੁਹਾਲੀ 8, ਮੁਕਤਸਰ 8.5 ਤੇ ਰੋਪੜ ਵਿੱਚ 21.5 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ 'ਚ 9 ਐੱਮਐੱਮ, ਹਿਸਾਰ 1.2, ਕਰਨਾਲ 5.2, ਰੋਹਤਕ 4.2, ਕਰਨਾਲ 6, ਕੁਰੂਕਸ਼ੇਤਰ 16.5, ਮਹਿੰਦਰਗੜ੍ਹ 8.5 ਅਤੇ ਯਮੁਨਾਨਗਰ 'ਚ 26 ਮਿਲੀਮੀਟਰ ਮੀਂਹ ਪਿਆ ਹੈ। ਮੈਦਾਨੀ ਇਲਾਕੇ ਵਿੱਚ ਲੰਘੀ ਰਾਤ ਤੋਂ ਪੈ ਰਹੇ ਮੀਂਹ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਰ ਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਤਾਪਮਾਨ ਵੀ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਵਿਗਾੜ ਕਰਕੇ ਹੀ ਉੱਤਰ ਭਾਰਤ ਦੇ ਮੌਸਮ 'ਚ ਤਬਦੀਲੀ ਆਈ ਹੈ। ਵਿਭਾਗ ਨੇ 4 ਫਰਵਰੀ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਦੋਂ ਕਿ ਅਗਲੇ ਹਫ਼ਤੇ ਸੰਘਣੀ ਧੁੰਦ ਪੈ ਸਕਦੀ ਹੈ।

ਸਬਜ਼ੀਆਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ

ਜ਼ਿਲ੍ਹਾ ਪਟਿਆਲਾ ਦੇ ਤਹਿਸੀਲ ਸਨੌਰ ਦੇ ਕਿਸਾਨ ਦਵਿੰਦਰ ਸਿੰਘ ਸਨੌਰ ਨੇ ਕਿਹਾ ਕਿ ਜਨਵਰੀ ਮਹੀਨੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਸਬਜ਼ੀਆਂ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ। ਕਿਸਾਨ ਦਾਗ਼ੀ ਆਲੂ, ਟਮਾਟਰ ਅਤੇ ਹੋਰਨਾਂ ਸਬਜ਼ੀਆਂ ਨੂੰ ਮੰਡੀਆਂ ਵਿੱਚ ਵੇਚਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਬਜ਼ੀਆਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਗਿਰਦਾਵਰੀ ਤਾਂ ਕਰਵਾਉਂਦੀ ਹੈ, ਪਰ ਕਿਸਾਨਾਂ ਦੀ ਮਦਦ ਲਈ ਕੁਝ ਨਹੀਂ ਕਰਦੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਸਬਜ਼ੀਆਂ ਦੇ ਨੁਕਸਾਨ 'ਤੇ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ।



Most Read

2024-09-23 08:28:24