Breaking News >> News >> The Tribune


ਕਰਨਾਟਕ: ਹਿਜਾਬ ਪਹਿਨ ਕੇ ਕਾਲਜ ਆਈਆਂ ਵਿਦਿਆਰਥਣਾਂ ਨੂੰ ਦਾਖਲ ਹੋਣ ਤੋਂ ਰੋਕਿਆ


Link [2022-02-03 17:54:57]



ਮੰਗਲੂਰੂ, 3 ਫਰਵਰੀ

ਕਰਨਾਟਕ ਦੇ ਉੱਡੂਪੀ ਜ਼ਿਲ੍ਹੇ ਦੇ ਕੰਡਾਪੁਰ ਸਥਿਤ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ 'ਚ ਅੱਜ ਹਿਜਾਬ ਪਹਿਨ ਕੇ ਕਾਲਜ ਆਈਆਂ ਮੁਸਲਿਮ ਵਿਦਿਆਰਥਣਾਂ ਨੂੰ ਕਾਲਜ ਦੇ ਪ੍ਰਿੰਸੀਪਲ ਨੇ ਗੇਟ 'ਤੇ ਰੋਕ ਦਿੱਤਾ। ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਲਾਸ ਅੰਦਰ ਹਿਜਾਬ ਪਹਿਨਣ ਦੀ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਨੂੰ ਹਿਜਾਬ ਉਤਾਰ ਕੇ ਕਲਾਸਾਂ ਅੰਦਰ ਜਾਣ ਲਈ ਕਿਹਾ। ਕਾਲਜ 'ਚ ਬੁੱਧਵਾਰ ਨੂੰ ਉਸ ਸਮੇਂ ਸਥਿਤੀ ਗੰਭੀਰ ਹੋ ਗਈ ਸੀ ਜਦੋਂ ਕਲਾਸਾਂ ਅੰਦਰ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਖ਼ਿਲਾਫ਼ 100 ਹਿੰਦੂ ਵਿਦਿਆਰਥੀ ਭਗਵਾਂ ਚੋਲਾ ਪਹਿਨ ਕੇ ਕਲਾਸਾਂ 'ਚ ਆ ਗਏ ਸਨ। ਹਾਲਾਂਕਿ ਉਨ੍ਹਾਂ ਵੀਰਵਾਰ ਨੂੰ ਆਪਣਾ ਰੋਸ ਜ਼ਾਹਿਰ ਨਹੀਂ ਕੀਤਾ।

ਦੂਜੇ ਪਾਸੇ ਕਰਨਾਟਕ ਦੇ ਗ੍ਰਹਿ ਮੰਤਰੀ ਗਿਆਨੇਂਦਰ ਨੇ ਕਿਹਾ ਕਿ ਬੱਚਿਆਂ ਨੂੰ ਕਾਲਜ 'ਚ ਨਾ ਤਾਂ ਹਿਜਾਬ ਪਹਿਨਣਾ ਚਾਹੀਦਾ ਹੈ ਅਤੇ ਨਾ ਹੀ ਭਗਵਾਂ ਚੋਲਾ ਪਹਿਨਣਾ ਚਾਹੀਦਾ ਹੈ। ਉਨ੍ਹਾਂ ਨੂੰ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਪੁਲੀਸ ਨੂੰ ਉਨ੍ਹਾਂ ਧਾਰਮਿਕ ਜਥੇਬੰਦੀਆਂ 'ਤੇ ਨਜ਼ਰ ਰੱਖਣ ਨੂੰ ਕਿਹਾ ਕਿ ਜੋ ਇਸ ਸਬੰਧ 'ਚ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਬੇਟੀ ਪੜ੍ਹਾਓ ਦਾ ਕੇਂਦਰ ਦਾ ਨਾਅਰਾ ਖੋਖਲਾ: ਮਹਿਬੂਬਾ ਮੁਫ਼ਤੀ

ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਲੜਕੀਆਂ ਨੂੰ ਸਿੱਖਿਅਤ ਕਰਨ ਦਾ ਉੁਸ ਦਾ ਨਾਅਰਾ ਖੋਖਲਾ ਹੈ ਕਿਉਂਕਿ ਮੁਸਲਿਮ ਕੁੜੀਆਂ ਨੂੰ ਹਿਜਾਬ ਪਹਿਨਣ ਲਈ ਸਿੱਖਿਆ ਤੋਂ ਵਾਂਝਾ ਰੱਖਿਆ ਜਾਂਦਾ ਹੈ। ਉਨ੍ਹਾਂ ਟਵੀਟ ਕੀਤਾ, 'ਬੇਟੀ ਬਚਾਓ, ਬੇਟੀ ਪੜ੍ਹਾਓ ਇੱਕ ਹੋਰ ਖੋਖਲਾ ਨਾਅਰਾ ਹੈ। ਮੁਸਲਿਮ ਲੜਕੀਆਂ ਨੂੰ ਸਿਰਫ਼ ਉਨ੍ਹਾਂ ਦੇ ਕੱਪੜਿਆਂ ਕਾਰਨ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਮੁਸਲਮਾਨਾਂ ਦੇ ਹਾਸ਼ੀਏ 'ਤੇ ਜਾਣ ਨੂੰ ਵੈਧ ਬਣਾਉਣਾ ਗਾਂਧੀ ਦੇ ਭਾਰਤ ਨੂੰ ਗੋਡਸੇ ਦੇ ਭਾਰਤ 'ਚ ਬਦਲਣ ਦੀ ਦਿਸ਼ਾ 'ਚ ਇੱਕ ਹੋਰ ਕਦਮ ਹੈ।'



Most Read

2024-09-23 08:22:13