Breaking News >> News >> The Tribune


ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ


Link [2022-02-03 04:54:14]



ਨਵੀਂ ਦਿੱਲੀ, 2 ਫਰਵਰੀ

ਮੁੱਖ ਅੰਸ਼

ਐੱਨਡੀਏ ਨੂੰ ਵਿਕਾਸ ਨੀਤੀਆਂ ਕਰਕੇ ਸਪਸ਼ਟ ਬਹੁਮੱਤ ਮਿਲਿਆ: ਭਾਜਪਾ

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਪੇਸ਼ ਧੰਨਵਾਦ ਮਤੇ 'ਤੇ ਹੋਈ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਨੇ ਅੱਜ ਸਰਕਾਰ ਨੂੰ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ 'ਤੇ ਘੇਰਿਆ। ਵਿਰੋਧੀ ਧਿਰਾਂ ਨੇ ਸਰਕਾਰ 'ਤੇ ਰਾਜਾਂ ਦੇ ਹੱਕਾਂ 'ਤੇ ਡਾਕਾ ਮਾਰਨ ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਸੱਟ ਮਾਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ, ਰੁਜ਼ਗਾਰ ਮੁਹੱਈਆ ਕਰਵਾਉਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਆਪਣੇ ਨਿਸ਼ਾਨਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਵਿਰੋਧੀ ਪਾਰਟੀਆਂ ਨੇ ਆਲ-ਇੰਡੀਆ ਸਰਵਸਿਜ਼ ਕੇਡਰ ਨੇਮਾਂ ਵਿੱਚ ਤਜਵੀਜ਼ਤ ਤਬਦੀਲੀਆਂ ਅਤੇ ਬੰਗਲਾਦੇਸ਼ ਤੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਰਾਜਾਂ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾਉਣ ਦੇ ਫੈਸਲੇ ਦਾ ਵਿਰੋਧ ਕੀਤਾ। ਉਧਰ ਭਾਜਪਾ ਆਗੂਆਂ ਨੇ ਬਹਿਸ ਦੌਰਾਨ ਦਾਅਵਾ ਕੀਤਾ ਕਿ ਐੱਨਡੀਏ ਨੂੰ ਉਸ ਦੀਆਂ ਵਿਕਾਸ ਨੀਤੀਆਂ ਕਰਕੇ ਉਪਰੋਥੱਲੀ ਲੋਕਾਂ ਦਾ ਸਪਸ਼ਟ ਬਹੁਮਤ ਮਿਲ ਰਿਹਾ ਹੈ।

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਧੰਨਵਾਦ ਮਤੇ 'ਤੇ ਬੋਲਦਿਆਂ ਕਿਹਾ ਕਿ ਸਰਕਾਰ ਸਾਲਾਨਾ ਦੋ ਲੱਖ ਨੌਕਰੀਆਂ ਦੇਣ ਸਣੇ ਲੋਕਾਂ ਨਾਲ ਕੀਤੇ ਵੱਖ ਵੱਖ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ। ਉਪਰਲੇ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਬੋਲਦਿਆਂ ਖੜਗੇ ਨੇ ਕਿਹਾ ਕਿ ਸਰਕਾਰ ਪੈਟਰੋਲੀਅਮ ਉਤਪਾਦਾਂ ਤੇ ਨਿੱਤ ਵਰਤੋਂ ਦੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਵੀ ਕੰਟਰੋਲ ਵਿੱਚ ਵੀ ਫਾਡੀ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਸੁਧਾਰਾਂ ਤੇ ਭਲਾਈ ਉਪਰਾਲਿਆਂ ਦੀ ਗੱਲ ਹੁੰਦੀ ਹੈ ਤਾਂ ਸਰਕਾਰ ਸਿਰਫ਼ ਭਾਸ਼ਣ ਦਿੰਦੀ ਹੈ ਜਦੋਂਕਿ ਜ਼ਮੀਨੀ ਪੱਧਰ 'ਤੇ ਕੁਝ ਨਹੀਂ ਹੁੰਦਾ। ਖੜਗੇ ਨੇ ਕਿਹਾ, ''ਤੁਹਾਡਾ ਕੰਮ ਘੱਟ ਤੇ ਗੱਲਾਂ ਜ਼ਿਆਦਾ ਹਨ। ਤੁਸੀਂ (ਸਰਕਾਰ) ਇਕ ਤੋਂ ਬਾਅਦ ਦੂਜਾ ਝੂਠ ਬੋਲ ਰਹੇ ਹੋ...ਜਦੋਂ ਕਦੇ ਤੁਹਾਡੇ ਸਿਆਸੀ ਵਿਰੋਧੀ ਤੁਹਾਡੀਆਂ ਹਾਸੋਹੀਣੀਆਂ ਗੱਲਾਂ ਦੀ ਨੁਕਤਾਚੀਨੀ ਕਰਦੇ ਹਨ ਤਾਂ ਤੁਸੀਂ ਆਖਣ ਲੱਗਦੇ ਹੋ ਕਿ ਧਰਮ ਖ਼ਤਰੇ ਵਿੱਚ ਹੈ। ਰੁਜ਼ਗਾਰ ਦੇ ਮੌਕੇ ਨਹੀਂ ਬਣ ਰਹੇ ਕਿਉਂਕਿ ਨਿਵੇਸ਼ ਨਹੀਂ ਆ ਰਿਹਾ, ਫੈਕਟਰੀਆਂ ਬੰਦ ਹੋ ਰਹੀਆਂ ਹਨ...ਚੰਗੇ ਦਿਨ ਕਿੱਥੇ ਹਨ?'' ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੇ 'ਮੇਕ ਇਨ ਇੰਡੀਆ' ਜਿਹੇ ਕਈ ਸਰਕਾਰੀ ਪ੍ਰੋਗਰਾਮਾਂ ਦੇ ਉਚਿਤ ਨਤੀਜੇ ਨਹੀਂ ਮਿਲੇ। ਯੂਪੀ ਤੋਂ ਭਾਜਪਾ ਦੀ ਸੰਸਦ ਮੈਂਬਰ ਗੀਤਾ ਉਰਫ਼ ਚੰਦਰਪ੍ਰਭਾ ਨੇ ਧੰਨਵਾਦ ਮਤੇ 'ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਆਪਣੇ ਸੰਬੋਧਨ ਵਿੱਚ ਅਗਾਮੀ ਚੋਣਾਂ ਵਾਲੇ ਰਾਜ ਵਿੱਚ ਲਾਗੂ ਕੀਤੀਆਂ ਵੱਖ ਵੱਖ ਭਲਾਈ ਸਕੀਮਾਂ 'ਤੇ ਚਾਨਣਾ ਪਾਇਆ। ਪਾਰਟੀ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕਾਂਗਰਸ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ 'ਤੇ ਭ੍ਰਿਸ਼ਟਾਚਾਰ ਤੇ 'ਆਮ ਆਦਮੀ ਦਾ ਲੱਕ ਤੋੜਨ' ਦਾ ਦੋਸ਼ ਲਾਇਆ। ਉਨ੍ਹਾਂ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤੇ 35ਏ ਤਹਿਤ ਮਿਲੇ ਵਿਸ਼ੇਸ਼ ਰੁਤਬੇ ਨੂੰ 'ਬੱਜਰ ਗ਼ਲਤੀ' ਕਰਾਰ ਦਿੱਤਾ। -ਪੀਟੀਆਈ

ਸਮੇਂ ਸਿਰ ਖੇਤੀ ਕਾਨੂੰਨ ਵਾਪਸ ਲਏ ਹੁੰਦੇ ਤਾਂ 700 ਤੋਂ ਵੱਧ ਕਿਸਾਨਾਂ ਦੀ ਜਾਨ ਬਚ ਸਕਦੀ ਸੀ

ਮਲਿਕਾਰਜੁਨ ਖੜਗੇ ਨੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਸਮਾਂ ਰਹਿੰਦਿਆਂ ਵਾਪਸ ਲੈ ਲੈਂਦੀ ਤਾਂ ਕਿਸਾਨ ਅੰਦੋਲਨ ਦੌਰਾਨ ਮੌਤ ਦੇ ਮੂੰਹ ਪਏ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਦੇ ਕੁਝ ਆਗੂਆਂ ਨੇ ਕਿਸਾਨ ਆਗੂਆਂ ਨੂੰ 'ਦਹਿਸ਼ਤਗਰਦ, ਮਾਓਵਾਦੀ ਤੇ ਖਾਲਿਸਤਾਨੀ' ਤੱਕ ਦੱਸਿਆ। ਲਖੀਮਪੁਰ ਘਟਨਾ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਪੁੱਤਰ ਚਾਰ ਕਿਸਾਨਾਂ ਨੂੰ ਵਾਹਨ ਹੇਠ ਦਰੜ ਕੇ ਮਾਰਨ ਨਾਲ ਜੁੜੇ ਕੇਸ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ, ''ਪਹਿਲਾਂ ਤੁਸੀਂ ਮੰਤਰੀ ਨੂੰ ਹਟਾਉ। ਜਾਂਚ ਜਾਰੀ ਹੈ ਤੇ ਉਹ ਇਸ ਦੇ ਨਤੀਜੇ ਨੂੰ ਅਸਰਅੰਦਾਜ਼ ਕਰ ਸਕਦਾ ਹੈ।



Most Read

2024-09-23 08:33:15