Breaking News >> News >> The Tribune


ਹਰ ਵਿਆਹ ਨੂੰ ਹਿੰਸਕ ਤੇ ਹਰ ਪੁਰਸ਼ ਨੂੰ ਬਲਾਤਕਾਰੀ ਕਹਿਣਾ ਠੀਕ ਨਹੀਂ: ਇਰਾਨੀ


Link [2022-02-03 04:54:14]



ਨਵੀਂ ਦਿੱਲੀ, 2 ਫਰਵਰੀ

ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਰਾਜ ਸਭਾ ਵਿਚ ਕਿਹਾ ਕਿ ਦੇਸ਼ ਵਿਚ ਔਰਤਾਂ ਤੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਸਾਰਿਆਂ ਦੀ ਤਰਜੀਹ ਹੈ ਪਰ ਹਰੇਕ ਵਿਆਹ ਨੂੰ ਹਿੰਸਕ ਤੇ ਹਰੇਕ ਪੁਰਸ਼ ਨੂੰ ਬਲਾਤਕਾਰੀ ਕਹਿਣਾ ਸਹੀ ਨਹੀਂ ਹੋਵੇਗਾ। ਮੰਤਰੀ ਦੀ ਇਹ ਟਿੱਪਣੀ ਸੀਪੀਆਈ ਆਗੂ ਬਿਨੋਏ ਵਿਸ਼ਵਮ ਵੱਲੋਂ ਵਿਆਹੁਤਾ ਜਬਰ-ਜਨਾਹ ਬਾਰੇ ਕੀਤੇ ਇਕ ਸਵਾਲ ਉਤੇ ਆਈ ਹੈ। ਉਨ੍ਹਾਂ ਪੁੱਛਿਆ ਸੀ ਕਿ ਕੀ ਸਰਕਾਰ ਨੇ ਘਰੇਲੂ ਹਿੰਸਾ ਦੀ ਵਿਆਖਿਆ ਉਤੇ ਘਰੇਲੂ ਹਿੰਸਾ ਐਕਟ ਦੀ ਧਾਰਾ ਤਿੰਨ ਦਾ ਨੋਟਿਸ ਲਿਆ ਹੈ, ਤੇ ਕੀ ਜਬਰ-ਜਨਾਹ ਬਾਰੇ ਆਈਪੀਸੀ ਦੀ ਧਾਰਾ 375 ਨੂੰ ਇਸ ਨਾਲ ਜੋੜ ਕੇ ਦੇਖਿਆ ਗਿਆ ਹੈ। ਮੰਤਰੀ ਨੇ ਨਾਲ ਹੀ ਕਿਹਾ ਕਿ ਸੀਨੀਅਰ ਮੈਂਬਰ ਜਾਣਦੇ ਹਨ ਰਾਜ ਸਭਾ ਦੀ ਕਾਰਵਾਈ ਦੇ ਨਿਯਮ 47 ਤਹਿਤ ਉਸ ਵਿਸ਼ੇ ਉਤੇ ਜ਼ਿਆਦਾ ਨਹੀਂ ਬੋਲਿਆ ਜਾ ਸਕਦਾ ਜੋ ਅਦਾਲਤ ਵਿਚ ਸੁਣਵਾਈ ਅਧੀਨ ਹੋਵੇ। ਇਰਾਨੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਮੰਤਵ ਰਾਜ ਸਰਕਾਰਾਂ ਨਾਲ ਸਾਂਝੇ ਉੱਦਮ ਕਰ ਕੇ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਵਰਤਮਾਨ 'ਚ ਪੂਰੇ ਭਾਰਤ ਵਿਚ 30 ਹੈਲਪਲਾਈਨਾਂ ਇਸ ਮੰਤਵ ਦੀ ਪੂਰਤੀ ਲਈ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਰਾਹੀਂ 66 ਲੱਖ ਔਰਤਾਂ ਨੂੰ ਮਦਦ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ 703 'ਵਨ ਸਟਾਪ ਕੇਂਦਰ' ਵੀ ਕਾਰਜਸ਼ੀਲ ਹਨ। ਵਿਸ਼ਵਮ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਹਰ ਪੁਰਸ਼ ਬਲਾਤਕਾਰੀ ਹੈ। ਉਨ੍ਹਾਂ ਮੰਤਰੀ ਤੋਂ ਮੰਗ ਕੀਤੀ ਕਿ ਸਰਕਾਰ ਇਸ ਮੁੱਦੇ ਉਤੇ ਜਾਣਕਾਰੀ ਇਕੱਤਰ ਕਰ ਕੇ ਜਲਦੀ ਤੋਂ ਜਲਦੀ ਸੰਸਦ ਵਿਚ ਪੇਸ਼ ਕਰੇ। ਭਾਜਪਾ ਆਗੂ ਸੁਸ਼ੀਲ ਮੋਦੀ ਨੇ ਪੁੱਛਿਆ ਕਿ ਕੀ ਸਰਕਾਰ ਵਿਆਹੁਤਾ ਜਬਰ-ਜਨਾਹ ਨੂੰ ਅਪਰਾਧਕ ਸ਼੍ਰੇਣੀ ਵਿਚ ਲਿਆਉਣ ਦੇ ਪੱਖ ਵਿਚ ਹੈ ਜਾਂ ਇਸ ਨੂੰ ਅਪਰਾਧ ਦੇ ਘੇਰੇ ਵਿਚੋਂ ਬਾਹਰ ਰੱਖਣ ਦੇ ਪੱਖ ਵਿਚ ਹੈ? ਕਿਉਂਕਿ ਇਸ ਨੂੰ ਅਪਰਾਧ ਕਰਾਰ ਦੇਣ ਨਾਲ ਵਿਆਹ ਦੀ ਸੰਸਥਾ ਤਾਂ ਢਹਿ-ਢੇਰੀ ਹੋ ਜਾਵੇਗੀ। ਮੋਦੀ ਨੇ ਨਾਲ ਹੀ ਕਿਹਾ ਕਿ ਇਹ ਸਾਬਿਤ ਕਰਨਾ ਮੁਸ਼ਕਲ ਹੋਵੇਗਾ ਕਿ ਕੀ ਮਹਿਲਾ ਦੀ ਸਹਿਮਤੀ ਸੀ ਜਾਂ ਨਹੀਂ। ਇਰਾਨੀ ਨੇ ਇਸ ਉਤੇ ਕਿਹਾ ਕਿ ਮਾਮਲਾ ਅਦਾਲਤ ਵਿਚ ਹੈ ਤੇ ਉਹ ਜ਼ਿਆਦਾ ਕੁਝ ਨਹੀਂ ਕਹਿ ਸਕਦੀ। -ਪੀਟੀਆਈ



Most Read

2024-09-23 08:24:19