Breaking News >> News >> The Tribune


ਖੇਤੀ ਸਹਾਇਕ ਧੰਦਿਆਂ ਤੇ ਫੂਡ ਪ੍ਰੋਸੈਸਿੰਗ ਲਈ ਬਜਟ ’ਚ ਵਾਧਾ


Link [2022-02-02 07:33:09]



ਨਵੀਂ ਦਿੱਲੀ, 1 ਫਰਵਰੀ

ਮੁੱਖ ਅੰਸ਼

ਤਕਨੀਕ ਮੁਹੱਈਆ ਕਰਾਉਣ ਲਈ ਜਨਤਕ-ਪ੍ਰਾਈਵੇਟ ਭਾਈਵਾਲੀ 'ਤੇ ਜ਼ੋਰ ਕਰੈਡਿਟ ਟੀਚਾ ਵਧਾ ਕੇ 18 ਲੱਖ ਕਰੋੜ ਕੀਤਾ ਗਿਆ

ਵਿੱਤੀ ਵਰ੍ਹੇ 2022-23 ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਡਰੋਨਾਂ, ਰਸਾਇਣ-ਮੁਕਤ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਡਿਜੀਟਲ ਤੇ ਹੋਰ ਉੱਚ ਤਕਨੀਕ ਵਾਲੀਆਂ ਸੇਵਾਵਾਂ ਮੁਹੱਈਆ ਕਰਾਉਣ ਲਈ ਸਰਕਾਰੀ-ਪ੍ਰਾਈਵੇਟ ਭਾਈਵਾਲੀ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਕਿਸਾਨਾਂ ਦੀ ਆਮਦਨ 'ਚ ਵਾਧੇ ਦੇ ਮੰਤਵ ਨਾਲ ਖੇਤੀ ਸਹਾਇਕ ਧੰਦਿਆਂ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਲਈ ਸਰਕਾਰ ਨੇ ਬਜਟ ਵਿਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਅਗਲੇ ਵਿੱਤੀ ਵਰ੍ਹੇ ਵਿਚ ਇਨ੍ਹਾਂ ਦੋਵਾਂ ਖੇਤਰਾਂ ਲਈ ਵਾਧੂ ਬਜਟ ਰੱਖਿਆ ਗਿਆ ਹੈ। ਮੱਛੀਪਾਲਣ, ਪਸ਼ੂਪਾਲਣ ਤੇ ਡੇਅਰੀ ਬਾਰੇ ਮੰਤਰਾਲੇ ਦਾ ਬਜਟ 44 ਪ੍ਰਤੀਸ਼ਤ ਵਧਾ ਦਿੱਤਾ ਗਿਆ ਹੈ। ਇਸ ਖੇਤਰ ਲਈ 6407.31 ਕਰੋੜ ਰੁਪਏ ਤੇ ਫੂਡ ਪ੍ਰੋਸੈਸਿੰਗ ਖੇਤਰ ਲਈ 2941.99 ਕਰੋੜ (2.25 ਪ੍ਰਤੀਸ਼ਤ ਦਾ ਵਾਧਾ) ਰੱਖੇ ਗਏ ਹਨ। ਇਸ ਤੋਂ ਇਲਾਵਾ ਖੇਤੀ ਕਰੈਡਿਟ ਟੀਚਾ ਵੀ 16.50 ਲੱਖ ਕਰੋੜ ਰੁਪਏ ਤੋਂ ਵਧਾ ਕੇ 18 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਬਜਟ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਲਈ ਇਸ ਵਾਰ 1,32,513 ਕਰੋੜ ਰੁਪਏ ਰੱਖ ਗਏ ਹਨ ਜੋ ਕਿ 4.5 ਪ੍ਰਤੀਸ਼ਤ ਦਾ ਵਾਧਾ ਹੈ। ਅਗਲੇ ਵਿੱਤੀ ਵਰ੍ਹੇ (2022-23) ਵਿਚ ਸਰਕਾਰ ਨੇ ਪੀਐਮ-ਕਿਸਾਨ ਲਈ ਅੰਦਾਜ਼ਨ 6,75,000 ਕਰੋੜ ਰੁਪਏ, ਫ਼ਸਲ ਬੀਮਾ ਸਕੀਮ ਲਈ 15,500 ਕਰੋੜ ਰੁਪਏ, ਕ੍ਰਿਸ਼ੀ ਵਿਕਾਸ ਯੋਜਨਾ ਲਈ 7183 ਕਰੋੜ ਰੁਪਏ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਲਈ 10,433 ਕਰੋੜ ਰੁਪਏ ਤੇ ਮਾਰਕੀਟ ਇੰਟਰਵੈਂਸ਼ਨ ਸਕੀਮ-ਮੁੱਲ ਸਮਰਥਨ ਸਕੀਮ ਲਈ 1500 ਕਰੋੜ ਰੁਪਏ ਰੱਖੇ ਹਨ। ਅੱਜ ਸੰਸਦ ਵਿਚ ਬਜਟ ਪੇਸ਼ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਸਮੁੱਚਾ ਵਿਕਾਸ ਸਰਕਾਰ ਦੀ ਤਰਜੀਹ ਹੈ ਤੇ ਇਸੇ ਤਹਿਤ ਫ਼ਸਲਾਂ ਦੀ ਸਮੀਖਿਆ ਲਈ 'ਕਿਸਾਨ ਡਰੋਨਾਂ' ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭੂਮੀ ਰਿਕਾਰਡ ਦੇ ਡਿਜੀਟਲੀਕਰਨ ਤੇ ਕੀਟਨਾਸ਼ਕਾਂ ਦੀ ਛਿੜਕਾਅ ਉਤੇ ਵੀ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਾਬਾਰਡ ਦੀ ਮਦਦ ਨਾਲ ਇਕ ਫੰਡ ਕਾਇਮ ਕਰੇਗੀ ਜਿਸ ਰਾਹੀਂ ਖੇਤੀਬਾੜੀ ਨਾਲ ਜੁੜੇ ਨਵੇਂ ਸਟਾਰਟ-ਅੱਪਸ ਲਾਏ ਜਾ ਸਕਣਗੇ। ਇਸ ਤੋਂ ਇਲਾਵਾ ਦਿਹਾਤੀ ਉੱਦਮਾਂ ਦੀ ਵੀ ਵਿੱਤੀ ਮਦਦ ਕੀਤੀ ਜਾਵੇਗੀ। ਇਹ ਉੱਦਮ ਵੱਖ-ਵੱਖ ਇਲਾਕਿਆਂ ਵਿਚ ਕਿਸਾਨ-ਉਤਪਾਦਕ ਸੰਗਠਨਾਂ ਦੀ ਮਦਦ ਕਰਨਗੇ, ਕਿਸਾਨਾਂ ਨੂੰ ਕਿਰਾਏ ਉਤੇ ਮਸ਼ੀਨਰੀ ਦੇਣਗੇ। ਇਸ ਤੋਂ ਇਲਾਵਾ ਤਕਨੀਕ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਰਸਾਇਣ ਮੁਕਤ ਕੁਦਰਤੀ ਖੇਤੀ ਉਤੇ ਜ਼ੋਰ ਦਿੱਤਾ ਜਾਵੇਗਾ। ਪਹਿਲੇ ਗੇੜ ਵਿਚ ਗੰਗਾ ਨਦੀ ਦੇ ਨਾਲ ਪੰਜ ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਕਿਸਾਨਾਂ ਨੂੰ ਇਸ ਦੇ ਦਾਇਰੇ ਵਿਚ ਲਿਆਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਖੁਰਾਕੀ ਤੇਲਾਂ ਦੇ ਮਾਮਲੇ ਵਿਚ ਦੇਸ਼ ਨੂੰ ਆਤਮ-ਨਿਰਭਰ ਕਰਨ ਲਈ ਤੇਲ ਬੀਜਾਂ ਦਾ ਘਰੇਲੂ ਉਤਪਾਦਨ ਵਧਾਉਣ ਖਾਤਰ ਵਿਆਪਕ ਸਕੀਮ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਦੇ ਉਹ ਕਿਸਾਨ ਜੋ ਐਗਰੋਫਾਰੈਸਟਰੀ ਵਿਚ ਦਿਲਚਸਪੀ ਲੈਣਗੇ, ਦੀ ਵਿੱਤੀ ਮਦਦ ਕੀਤੀ ਜਾਵੇਗੀ। -ਪੀਟੀਆਈ

1208 ਲੱਖ ਟਨ ਕਣਕ ਤੇ ਚੌਲ ਐਮਐੱਸਪੀ 'ਤੇ ਖ਼ਰੀਦੇ: ਵਿੱਤ ਮੰਤਰੀ

ਫ਼ਸਲਾਂ ਦੀ ਖ਼ਰੀਦ 'ਤੇ ਵਿੱਤ ਮੰਤਰੀ ਨੇ ਕਿਹਾ ਕਿ 2021-22 ਦੌਰਾਨ ਸਰਕਾਰ ਨੇ 1208 ਲੱਖ ਟਨ ਕਣਕ ਤੇ ਚੌਲ 163 ਲੱਖ ਕਿਸਾਨਾਂ ਤੋਂ ਐਮਐੱਸਪੀ ਉਤੇ ਖ਼ਰੀਦੇ ਹਨ। ਉਨ੍ਹਾਂ ਕਿਹਾ ਕਿ 2.37 ਲੱਖ ਕਰੋੜ ਰੁਪਏ ਦੀ ਐਮਐੱਸਪੀ ਦੀ ਸਿੱਧੀ ਅਦਾਇਗੀ ਖਾਤਿਆਂ ਵਿਚ ਕੀਤੀ ਗਈ ਹੈ।

ਬਜਟ 'ਚ ਖੇਤੀ ਖੇਤਰ ਦੇ ਵਿਕਾਸ ਲਈ ਮਿਸਾਲੀ ਤਜਵੀਜ਼ਾਂ: ਤੋਮਰ

ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀ ਖੇਤਰ ਦੇ ਸਮੁੱਚੇ ਵਿਕਾਸ ਲਈ ਬਜਟ ਵਿਚ ਮਿਸਾਲੀ ਤਜਵੀਜ਼ਾਂ ਰੱਖੀਆਂ ਗਈਆਂ ਹਨ। ਤੋਮਰ ਨੇ ਇਕ ਬਿਆਨ ਵਿਚ ਖੇਤੀਬਾੜੀ ਸੈਕਟਰ ਲਈ ਬਜਟ ਲਗਾਤਾਰ ਵਧਾਇਆ ਜਾ ਰਿਹਾ ਹੈ। ਤੋਮਰ ਨੇ ਆਪਣੇ ਬਿਆਨ ਵਿਚ ਖੇਤੀ ਵਿਭਿੰਨਤਾ, ਕੁਦਰਤੀ ਖੇਤੀ, ਫ਼ਸਲਾਂ ਦੇ ਮੁਲਾਂਕਣ, ਕਿਸਾਨ ਡਰੋਨਾਂ, ਸਿੰਜਾਈ ਸਕੀਮਾਂ ਆਦਿ ਦਾ ਜ਼ਿਕਰ ਵੀ ਕੀਤਾ। -ਪੀਟੀਆਈ



Most Read

2024-09-23 10:27:04