World >> The Tribune


ਬੋਇੰਗ ਨੂੰ ਕਤਰ ਏਅਰਵੇਜ਼ ਤੋਂ ਜਹਾਜ਼ਾਂ ਦਾ ਵੱਡਾ ਆਰਡਰ ਮਿਲਿਆ


Link [2022-02-02 06:53:00]



ਸ਼ਿਕਾਗੋ, 1 ਫਰਵਰੀ

ਬੋਇੰਗ ਨੇ ਅੱਜ ਦੱਸਿਆ ਕਿ ਕਤਰ ਏਅਰਵੇਜ਼ ਨੇ ਉਸ ਨੂੰ 50 ਵੱਡੇ ਕਾਰਗੋ ਜਹਾਜ਼ਾਂ ਦਾ ਆਰਡਰ ਦਿੱਤਾ ਹੈ ਅਤੇ 50 ਬੋਇੰਗ 737 ਮੈਕਸ ਜੈੱਟ ਖਰੀਦਣ ਦੀ ਵਚਨਬੱਧਤਾ ਪ੍ਰਗਟਾਈ ਹੈ, ਜੋ ਕਿ ਜਹਾਜ਼ ਬਣਾਉਣ ਵਾਲੀ ਇਸ ਅਮਰੀਕੀ ਕੰਪਨੀ ਦੀ ਆਪਣੀ ਯੂਰਪ ਵਿਰੋਧੀ ਕੰਪਨੀ ਏਅਰਬੱਸ ਉੱਪਰ ਵੱਡੀ ਜਿੱਤ ਹੈ।

ਕੰਪਨੀ ਨੇ ਵਿੱਤੀ ਸ਼ਰਤਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਜਹਾਜ਼ਾਂ ਦਾ ਕੁੱਲ ਵਿਕਰੀ ਮੁੱਲ ਕਰੀਬ 27 ਅਰਬ ਅਮਰੀਕੀ ਡਾਲਰ ਬਣਦਾ ਹੈ ਪਰ ਏਅਰਲਾਈਨਜ਼ ਨੂੰ ਆਮ ਤੌਰ 'ਤੇ ਕਾਫੀ ਛੋਟ ਵੀ ਮਿਲਦੀ ਹੈ।

ਜਹਾਜ਼ ਬਣਾਉਣ ਵਾਲੀ ਯੂਰਪੀ ਕੰਪਨੀ ਏਅਰਬੱਸ ਦੇ ਜੈੱਟਾਂ ਦੇ ਵੱਖ-ਵੱਖ ਮਾਡਲਾਂ ਵਿਚ ਪੇਂਟ ਦੇ ਕੰਮ ਸਬੰਧੀ ਕਤਰ ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਕਤਰ ਤੇ ਏਅਰਬੱਸ ਵਿਚਾਲੇ ਹੋਏ ਝਗੜੇ ਤੋਂ ਬਾਅਦ ਏਅਰਬੱਸ ਨੇ ਕਤਰ ਏਅਰਵੇਜ਼ ਦਾ ਆਰਡਰ ਰੱਦ ਕਰ ਦਿੱਤਾ ਸੀ। ਉਪਰੰਤ ਬੋਇੰਗ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇਸ ਆਰਡਰ ਨੂੰ ਝਪਟ ਲਿਆ। ਵ੍ਹਾਈਟ ਹਾਊਸ ਵਿਚ ਕਤਰ ਏਅਰਵੇਜ਼ ਅਤੇ ਬੋਇੰਗ ਵਿਚਾਲੇ ਹੋਏ ਸਮਝੌਤੇ ਸਬੰਧੀ ਸਮਾਰੋਹ ਦੌਰਾਨ ਕਾਰਗੋ ਜਹਾਜ਼ਾਂ ਦੇ ਆਰਡਰ ਦਾ ਐਲਾਨ ਕੀਤਾ ਗਿਆ। ਇਸ ਸਮਾਰੋਹ ਵਿਚ ਏਅਰਲਾਈਨਜ਼, ਬੋਇੰਗ ਅਤੇ ਦੋਹਾਂ ਸਰਕਾਰਾਂ ਦੇ ਅਧਿਕਾਰੀ ਹਾਜ਼ਰ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕਤਰ ਦੇ ਸ਼ਾਸਕ ਨਾਲ ਕੀਤੀ ਗਈ ਇਕ ਮੀਟਿੰਗ ਦੌਰਾਨ ਇਸ ਆਰਡਰ ਦੀ ਸ਼ਲਾਘਾ ਕੀਤੀ ਗਈ ਸੀ। ਬਾਇਡਨ ਨੇ ਇਸ ਨੂੰ ਬੋਇੰਗ ਨੂੰ ਮਿਲਣ ਵਾਲਾ ਅੱਜ ਤੱਕ ਦਾ ਸਭ ਤੋਂ ਵੱਡਾ ਆਰਡਰ ਦੱਸਿਆ ਅਤੇ ਕਿਹਾ ਕਿ ਇਸ ਨਾਲ ਹਜ਼ਾਰਾਂ ਅਮਰੀਕੀਆਂ ਨੂੰ ਰੁਜ਼ਗਾਰ ਮਿਲੇਗਾ। -ਏਪੀ



Most Read

2024-09-21 15:35:20