Breaking News >> News >> The Tribune


ਛੋਟੇ ਕਿਸਾਨਾਂ ਦੀ ਭਲਾਈ ਲਈ ਸਰਕਾਰ ਯਤਨਸ਼ੀਲ: ਕੋਵਿੰਦ


Link [2022-02-01 07:53:15]



ਨਵੀਂ ਦਿੱਲੀ, 31 ਜਨਵਰੀ

ਮੁੱਖ ਅੰਸ਼

ਖੇਤੀਬਾੜੀ ਖੇਤਰ 'ਚ ਵਧੀ ਬਰਾਮਦ ਦਾ ਵਿਸ਼ੇਸ਼ ਜ਼ਿਕਰ ਚੋਣਾਂ ਵਾਲੇ ਸੂਬਿਆਂ 'ਚ ਸਰਕਾਰਾਂ ਦੀਆਂ ਤਰਜੀਹਾਂ ਵੀ ਬਿਆਨੀਆਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦੇਸ਼ ਦੇ ਵਿਕਾਸ ਦੇ ਲੰਮੇ ਸਫ਼ਰ ਦੌਰਾਨ 'ਸਮੂਹਿਕ ਪ੍ਰਾਪਤੀਆਂ' ਦੇ ਰੂਪ ਵਿਚ ਕਰੋਨਾਵਾਇਰਸ ਖ਼ਿਲਾਫ਼ ਭਾਰਤ ਦੀ ਲੜਾਈ, ਖੇਤੀ ਉਤਪਾਦਾਂ ਦੀ ਰਿਕਾਰਡ ਖ਼ਰੀਦ, ਮਹਿਲਾ ਸ਼ਕਤੀਕਰਨ ਲਈ ਕੀਤੇ ਯਤਨਾਂ, ਅੰਦਰੂਨੀ ਸੁਰੱਖਿਆ ਵਿਚ ਕੀਤੇ ਸੁਧਾਰਾਂ ਜਿਹੇ ਅਨੇਕਾਂ ਕਦਮ ਗਿਣਾਏ। ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਕੇਂਦਰੀ ਹਾਲ ਵਿਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਖੇਤੀਬਾੜੀ ਖੇਤਰ ਵਿਚ ਹੋਏ ਵਿਕਾਸ ਬਾਰੇ ਜ਼ਿਕਰ ਕਰਦਿਆਂ ਕਿਹਾ, 'ਖੇਤੀਬਾੜੀ ਖੇਤਰ ਵਿਚ ਦੇਸ਼ ਦੀ ਲਗਾਤਾਰ ਸਫ਼ਲਤਾ ਤੇ ਵਧਦੀ ਸਮਰੱਥਾ ਦਾ ਸਭ ਤੋਂ ਵੱਡਾ ਸਿਹਰਾ ਉਹ ਦੇਸ਼ ਦੇ ਛੋਟੇ ਕਿਸਾਨਾਂ ਸਿਰ ਬੰਨ੍ਹਦੇ ਹਨ। ਦੇਸ਼ ਦੇ 80 ਪ੍ਰਤੀਸ਼ਤ ਕਿਸਾਨ ਛੋਟੇ ਕਿਸਾਨ ਹੀ ਹਨ, ਜਿਨ੍ਹਾਂ ਦੇ ਹਿੱਤਾਂ ਨੂੰ ਸਰਕਾਰ ਨੇ ਹਮੇਸ਼ਾ ਕੇਂਦਰ ਵਿਚ ਰੱਖਿਆ ਹੈ।' ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਰਾਹੀਂ 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਇਕ ਲੱਖ ਅੱਸੀ ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ। ਇਸ ਨਿਵੇਸ਼ ਨਾਲ ਖੇਤੀ ਖੇਤਰ ਵਿਚ ਅੱਜ ਵੱਡੇ ਬਦਲਾਅ ਨਜ਼ਰ ਆ ਰਹੇ ਹਨ।' ਉਨ੍ਹਾਂ ਕਿਹਾ ਕਿ ਫ਼ਸਲ ਬੀਮਾ ਯੋਜਨਾ ਵਿਚ ਕੀਤੀਆਂ ਤਬਦੀਲੀਆਂ ਦਾ ਲਾਭ ਵੀ ਦੇਸ਼ ਦੇ ਛੋਟੇ ਕਿਸਾਨਾਂ ਨੂੰ ਹੋਇਆ ਹੈ। ਉਨ੍ਹਾਂ ਕਿਹਾ ਕਿ ਬਦਲਾਅ ਆਉਣ ਤੋਂ ਬਾਅਦ ਹੁਣ ਤੱਕ 8 ਕਰੋੜ ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ 'ਤੇ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਸਾਲ 2020-21 ਵਿਚ ਸਾਡੇ ਕਿਸਾਨਾਂ ਨੇ 30 ਕਰੋੜ ਟਨ ਤੋਂ ਵੱਧ ਖੁਰਾਕੀ ਪਦਾਰਥਾਂ ਤੇ 33 ਕਰੋੜ ਟਨ ਤੋਂ ਵੱਧ ਬਾਗ਼ਬਾਨੀ ਉਤਪਾਦਾਂ ਦੀ ਪੈਦਾਵਾਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਿਕਾਰਡ ਉਤਪਾਦਨ ਨੂੰ ਧਿਆਨ ਵਿਚ ਰੱਖਦਿਆਂ ਰਿਕਾਰਡ ਸਰਕਾਰੀ ਖ਼ਰੀਦ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹਾੜ੍ਹੀ ਦੀ ਫ਼ਸਲ ਦੌਰਾਨ 433 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜਿਸ ਨਾਲ ਲਗਭਗ 50 ਲੱਖ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਿਆ ਹੈ। ਸਾਉਣੀ ਦੀ ਫ਼ਸਲ ਦੌਰਾਨ ਰਿਕਾਰਡ ਲਗਭਗ 900 ਲੱਖ ਮੀਟ੍ਰਿਕ ਟਨ ਚੌਲਾਂ ਦੀ ਖ਼ਰੀਦ ਕੀਤੀ ਗਈ ਜਿਸ ਨਾਲ ਇਕ ਕਰੋੜ 30 ਲੱਖ ਕਿਸਾਨਾਂ ਨੂੰ ਲਾਭ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਨਾਲ ਦੇਸ਼ ਦੀ ਖੇਤੀ ਬਰਾਮਦ ਵੀ ਰਿਕਾਰਡ ਪੱਧਰ ਉਤੇ ਪਹੁੰਚ ਗਈ ਹੈ। ਸਾਲ 2020-21 ਵਿਚ ਖੇਤੀ ਬਰਾਮਦ ਵਿਚ 25 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਲਗਭਗ 3 ਲੱਖ ਕਰੋੜ ਰੁਪਏ ਨੂੰ ਪਹੁੰਚ ਗਿਆ ਹੈ। ਕੋਵਿੰਦ ਨੇ ਕਿਹਾ ਕਿ ਸਰਕਾਰ ਖਾਣ ਵਾਲੇ ਤੇਲਾਂ ਦੇ ਉਤਪਾਦਨ ਵਿਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਕੁਦਰਤੀ ਖੇਤੀ ਤੇ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸ਼ਹਿਦ ਦਾ ਉਤਪਾਦਨ ਵੀ ਘਰੇਲੂ ਪੱਧਰ ਉਤੇ 55 ਪ੍ਰਤੀਸ਼ਤ ਵਧਿਆ ਹੈ। ਰਾਸ਼ਟਰਪਤੀ ਨੇ 'ਕਿਸਾਨ ਰੇਲ ਸੇਵਾ' ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਢੁੱਕਵੀਂ ਮੰਡੀ ਤੇ ਚੰਗੀਆਂ ਕੀਮਤਾਂ ਤੱਕ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ। ਕਰੋਨਾ ਦੌਰਾਨ ਭਾਰਤੀ ਰੇਲਵੇ ਨੇ 1900 ਕਿਸਾਨ ਰੇਲਾਂ ਚਲਾਈਆਂ ਹਨ ਜਿਨ੍ਹਾਂ ਰਾਹੀਂ 150 ਰੂਟਾਂ ਉਤੇ ਸਬਜ਼ੀਆਂ, ਦੁੱਧ ਤੇ ਫ਼ਲ ਪਹੁੰਚਾਏ ਗਏ ਹਨ। ਕਰੀਬ ਛੇ ਲੱਖ ਟਨ ਖੇਤੀ ਉਤਪਾਦਾਂ ਦੀ ਢੋਆ-ਢੁਆਈ ਹੋਈ ਹੈ। ਇਸ ਤੋਂ ਇਲਾਵਾ ਖੇਤੀਬਾੜੀ ਲਈ ਬੁਨਿਆਦੀ ਢਾਂਚਾ ਵੀ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਈ ਸਿੰਜਾਈ ਯੋਜਨਾਵਾਂ ਤੇ ਮੀਂਹ ਦੇ ਪਾਣੀ ਨੂੰ ਸਾਂਭਣ ਲਈ ਚਲਾਈਆਂ ਸਕੀਮਾਂ ਦਾ ਜ਼ਿਕਰ ਵੀ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਵਿਚ ਗਰੀਬਾਂ ਤੇ ਹੋਰਨਾਂ ਪੱਛੜੇ ਵਰਗਾਂ ਦੀ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਕੋਵਿੰਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਜ਼ਾਦੀ, ਬਰਾਬਰਤਾ ਤੇ ਭਾਈਚਾਰੇ ਉਤੇ ਅਧਾਰਿਤ ਸਮਾਜਿਕ ਆਦਰਸ਼ਾਂ ਨੂੰ ਮੰਨਦੀ ਹੈ ਜੋ ਕਿ ਬਾਬਾਸਾਹੇਬ ਅੰਬੇਡਕਰ ਵੱਲੋਂ ਦਿੱਤੇ ਗਏ ਹਨ। ਇਸ ਲਈ ਸਰਕਾਰੀ ਨੀਤੀਆਂ ਵਿਚ ਗਰੀਬਾਂ, ਅਨੁਸੂਚਿਤ ਵਰਗਾਂ ਤੇ ਕਬੀਲਿਆਂ, ਪੱਛੜੇ ਭਾਈਚਾਰਿਆਂ ਨੂੰ ਪਹਿਲ ਮਿਲੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਮੰਨਦੀ ਹੈ ਕਿ ਅਤੀਤ ਨੂੰ ਯਾਦ ਰੱਖਣਾ ਤੇ ਇਸ ਤੋਂ ਸਿੱਖਣਾ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਜਿੰਨਾ ਹੀ ਮਹੱਤਵਪੂਰਨ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਲੋਕ ਸਭਾ ਵਿੱਚ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਉਨ੍ਹਾਂ ਕਿਹਾ ਕਿ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੇ ਬਲਿਦਾਨ ਦੀ ਯਾਦ ਵਿਚ 'ਵੀਰ ਬਾਲ ਦਿਵਸ' ਮਨਾਉਣਾ ਵੀ ਇਸੇ ਦਾ ਪ੍ਰਤੀਕ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਗੁਰੂ ਤੇਗ਼ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ, ਨੇਤਾਜੀ ਸੁਭਾਸ਼ ਚੰਦਰ ਬੋਸ ਦਾ 125ਵਾਂ ਜਨਮ ਦਿਨ ਵੀ ਇਸੇ ਵਿਚਾਰ ਨੂੰ ਮੁੱਖ ਰੱਖ ਕੇ ਮਨਾ ਰਹੀ ਹੈ। ਇਸ ਮੌਕੇ ਰਾਸ਼ਟਰਪਤੀ ਨੇ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਵਿਚ ਸਰਕਾਰ ਦੀਆਂ ਤਰਜੀਹਾਂ ਦਾ ਜ਼ਿਕਰ ਕਰਦਿਆਂ ਗੋਆ ਵਿਚ ਮੁਕਤੀ ਸੰਗਰਾਮ ਦੇ ਯੋਧਿਆਂ ਦੇ ਸਮਾਰਕ ਦੇ ਉਦਘਾਟਨ, ਉੱਤਰਾਖੰਡ ਦੇ ਜੋਲਿੰਗ ਕੋਂਗ ਜਿਹੇ ਦੂਰ-ਦੁਰੇਡੇ ਦੇ ਪਿੰਡ ਨੂੰ ਆਧੁਨਿਕ ਮਾਰਗ ਨਾਲ ਜੋੜਨ, ਯੂਪੀ ਦੇ ਗੌਤਮ ਬੁੱਧ ਨਗਰ ਵਿਚ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਦੇ ਨਿਰਮਾਣ, ਸੰਘਰਸ਼ ਕਰ ਰਹੇ ਅਫ਼ਗਾਨਿਸਤਾਨ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਜਿਹੇ ਕਦਮਾਂ ਨੂੰ ਉਭਾਰਿਆ। ਮਹਾਮਾਰੀ ਦੇ ਸੰਦਰਭ ਵਿਚ ਸਿਹਤ ਕਰਮੀਆਂ, ਵਿਗਿਆਨੀਆਂ ਤੇ ਉੱਦਮੀਆਂ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਸਾਰਿਆਂ ਨੇ ਇਕ ਟੀਮ ਦੇ ਰੂਪ ਵਿਚ ਕੰਮ ਕੀਤਾ ਹੈ। ਕੋਵਿੰਦ ਨੇ ਕਿਹਾ, 'ਅਸੀਂ ਇਕ ਸਾਲ ਤੋਂ ਘੱਟ ਸਮੇਂ ਵਿਚ 150 ਕਰੋੜ ਤੋਂ ਵੱਧ ਵੈਕਸੀਨ ਡੋਜ਼ ਲਾਉਣ ਦਾ ਰਿਕਾਰਡ ਬਣਾਇਆ ਹੈ।'

ਕੋਵਿੰਦ ਨੇ ਕਿਹਾ ਕਿ ਅੱਜ ਦੇਸ਼ ਵਿਚ 90 ਪ੍ਰਤੀਸ਼ਤ ਤੋਂ ਵੱਧ ਬਾਲਗ ਨਾਗਰਿਕਾਂ ਨੂੰ ਟੀਕੇ ਦੀ ਇਕ ਡੋਜ਼ ਮਿਲ ਚੁੱਕੀ ਹੈ ਜਦਕਿ 70 ਪ੍ਰਤੀਸ਼ਤ ਤੋਂ ਵੱਧ ਲੋਕ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ 15-18 ਸਾਲ ਤੱਕ ਦੇ ਵਰਗ ਵਿਚ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ ਫਰੰਟਲਾਈਨ ਵਰਕਰਾਂ ਅਤੇ ਸੀਨੀਅਰ ਨਾਗਰਿਕਾਂ ਨੂੰ 'ਪ੍ਰੀਕੌਸ਼ਨਰੀ ਡੋਜ਼' ਦਿੱਤੀ ਜਾ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿਚ 8 ਟੀਕਿਆਂ ਨੂੰ ਹੰਗਾਮੀ ਵਰਤੋਂ ਲਈ ਮਨਜ਼ੂਰੀ ਮਿਲ ਚੁੱਕੀ ਹੈ ਤੇ ਭਾਰਤ ਵਿਚ ਬਣ ਰਹੇ ਤਿੰਨ ਟੀਕਿਆਂ ਨੂੰ ਡਬਲਿਊਐਚਓ ਵੱਲੋਂ ਵਰਤੋਂ ਲਈ ਮਨਜ਼ੂਰੀ ਮਿਲ ਚੁੱਕੀ ਹੈ। -ਪੀਟੀਆਈ

ਮਹਿਲਾਵਾਂ ਦੀ ਮਜ਼ਬੂਤੀ ਲਈ ਕਦਮ ਚੁੱਕਣਾ ਸਰਕਾਰ ਦੀ ਤਰਜੀਹ

ਰਾਸ਼ਟਰਪਤੀ ਨੇ ਮਹਿਲਾਵਾਂ ਦੀ ਮਜ਼ਬੂਤੀ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਰਕਾਰ ਦੀਆਂ ਤਰਜੀਹਾਂ ਵਿਚੋਂ ਇਕ ਹੈ। ਉੱਜਵਲਾ ਯੋਜਨਾ ਦੀ ਸਫ਼ਲਤਾ ਸਾਰਿਆਂ ਨੇ ਦੇਖੀ ਹੈ। ਮੁਦਰਾ ਯੋਜਨਾ ਰਾਹੀਂ ਸਾਡੇ ਦੇਸ਼ ਦੀਆਂ ਮਾਤਾਵਾਂ-ਭੈਣਾਂ ਦੇ ਕੌਸ਼ਲ ਨੂੰ ਵੀ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਪਹਿਲ ਦੇ ਵੀ ਕਈ ਸਕਾਰਾਤਮਕ ਨਤੀਜੇ ਨਿਕਲੇ ਹਨ। ਸਕੂਲ ਵਿਚ ਦਾਖਲਾ ਲੈਣ ਵਾਲੀਆਂ ਬੇਟੀਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ, 'ਬੇਟੇ-ਬੇਟੀ ਨੂੰ ਬਰਾਬਰ ਦਰਜਾ ਦਿੰਦਿਆਂ ਮੇਰੀ ਸਰਕਾਰ ਨੇ ਮਹਿਲਾਵਾਂ ਦੇ ਵਿਆਹ ਲਈ ਘੱਟੋ-ਘੱਟ ਉਮਰ ਨੂੰ 18 ਸਾਲ ਤੋਂ ਵਧਾ ਕੇ ਪੁਰਸ਼ਾਂ ਦੇ ਬਰਾਬਰ 21 ਸਾਲ ਕਰਨ ਦਾ ਬਿੱਲ ਵੀ ਸੰਸਦ ਵਿਚ ਪੇਸ਼ ਕੀਤਾ ਹੈ।'

ਰੱਖਿਆ ਖੇਤਰ ਵਿਚ 'ਮੇਕ ਇਨ ਇੰਡੀਆ' ਨੂੰ ਦਿੱਤੀ ਜਾ ਰਹੀ ਹੈ ਪਹਿਲ

ਆਪਣੇ ਕਰੀਬ 50 ਮਿੰਟ ਦੇ ਭਾਸ਼ਣ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰੱਖਿਆ ਖੇਤਰ ਬਾਰੇ ਚਰਚਾ ਕਰਦਿਆਂ ਕਿਹਾ ਕਿ, '2020-21 ਵਿਚ ਸੁਰੱਖਿਆ ਬਲਾਂ ਦੇ ਆਧੁਨਿਕੀਕਰਨ ਲਈ ਜੋ ਵੀ ਮਨਜ਼ੂਰੀਆਂ ਦਿੱਤੀਆਂ ਗਈਆਂ, ਉਨ੍ਹਾਂ ਵਿਚੋਂ 87 ਪ੍ਰਤੀਸ਼ਤ ਉਤਪਾਦਾਂ 'ਚ 'ਮੇਕ ਇਨ ਇੰਡੀਆ' ਨੂੰ ਪਹਿਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੀ ਡਰੋਨ ਤਕਨੀਕ ਤੇ ਇਸ ਨਾਲ ਜੁੜੀਆਂ ਸੰਭਾਵਨਾਵਾਂ ਬਾਰੇ ਵੀ ਸਰਕਾਰ ਜਾਗਰੂਕ ਤੇ ਸਰਗਰਮ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸੈਨਾਵਾਂ ਨੇ 209 ਅਜਿਹੇ ਸਾਜ਼ੋ-ਸਾਮਾਨ ਦੀ ਸੂਚੀ ਵੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਹੁਣ ਵਿਦੇਸ਼ ਤੋਂ ਨਹੀਂ ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ 2800 ਤੋਂ ਵੱਧ ਅਜਿਹੇ ਉਪਕਰਨਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦਾ ਦੇਸ਼ ਵਿਚ ਹੀ ਨਿਰਮਾਣ ਕੀਤਾ ਜਾਵੇਗਾ।

ਰਾਸ਼ਟਰਪਤੀ ਵੱਲੋਂ ਸਥਾਨਕ ਭਾਸ਼ਾਵਾਂ ਨੂੰ ਹੁਲਾਰਾ ਦੇਣ 'ਤੇ ਜ਼ੋਰ

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ਰਾਹੀਂ ਸਥਾਨਕ ਭਾਸ਼ਾਵਾਂ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਜੀਸੀ ਦੀਆਂ ਹਦਾਇਤਾਂ ਵਿਚ ਬਦਲਾਅ ਕੀਤੇ ਗਏ ਹਨ ਤੇ ਉੱਚ ਸਿੱਖਿਆ ਨੂੰ ਕੌਸ਼ਲ ਵਿਕਾਸ ਨਾਲ ਜੋੜਿਆ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਹਿਮ ਦਾਖਲਾ ਪ੍ਰੀਖਿਆਵਾਂ ਵੀ ਭਾਰਤੀ ਭਾਸ਼ਾਵਾਂ ਵਿਚ ਕਰਵਾਉਣ ਉਤੇ ਜ਼ੋਰ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਸ ਸੂਬਿਆਂ ਦੇ 19 ਇੰਜਨੀਅਰਿੰਗ ਕਾਲਜ ਛੇ ਭਾਰਤੀ ਭਾਸ਼ਾਵਾਂ ਵਿਚ ਪੜ੍ਹਾਉਣਾ ਸ਼ੁਰੂ ਕਰ ਦੇਣਗੇ। ਰਾਸ਼ਟਰਪਤੀ ਨੇ ਕਿਹਾ ਕਿ 'ਸਕਿਲ ਇੰਡੀਆ ਮਿਸ਼ਨ' ਤਹਿਤ ਪੂਰੇ ਦੇਸ਼ ਵਿਚ 2.25 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਆਈਟੀਆਈਜ਼, ਜਨ ਸਿੱਖਿਆ ਸੰਸਥਾਵਾਂ ਤੇ ਪ੍ਰਧਾਨ ਮੰਤਰੀ ਕੌਸ਼ਲ ਕੇਂਦਰਾਂ ਰਾਹੀਂ ਮਾਹਿਰ ਬਣਾਇਆ ਜਾ ਰਿਹਾ ਹੈ। -ਪੀਟੀਆਈ

ਮਹਾਮਾਰੀ ਦੌਰਾਨ ਗਰੀਬ ਵਰਗ ਲਈ ਮੁਫ਼ਤ ਰਾਸ਼ਨ ਯਕੀਨੀ ਬਣਾਇਆ ਗਿਆ

ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਇਸ ਦਾ ਕੋਈ ਵੀ ਨਾਗਰਿਕ ਮਹਾਮਾਰੀ ਦੌਰਾਨ ਭੁੱਖਾ ਨਾ ਰਹੇ ਤੇ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' ਹੇਠ ਹਰ ਗਰੀਬ ਪਰਿਵਾਰ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸੰਸਾਰ ਦਾ ਸਭ ਤੋਂ ਵੱਡਾ ਭੋਜਨ ਵੰਡ ਪ੍ਰੋਗਰਾਮ ਸਾਬਿਤ ਹੋਈ ਹੈ। ਇਸ ਲਈ 2.60 ਲੱਖ ਕਰੋੜ ਰੁਪਏ ਰੱਖੇ ਗਏ ਸਨ ਤੇ 19 ਮਹੀਨਿਆਂ ਦੌਰਾਨ 80 ਕਰੋੜ ਲੋਕਾਂ ਤੱਕ ਪਹੁੰਚ ਬਣਾਈ ਗਈ। ਰਾਸ਼ਟਰਪਤੀ ਨੇ ਇਸ ਮੌਕੇ 'ਪ੍ਰਧਾਨ ਮੰਤਰੀ ਗਤੀਸ਼ਕਤੀ ਕੌਮੀ ਮਾਸਟਰਪਲਾਨ' ਦਾ ਜ਼ਿਕਰ ਵੀ ਕੀਤਾ ਜਿਸ ਤਹਿਤ ਦੇਸ਼ ਵਿਚ ਬੁਨਿਆਦੀ ਢਾਂਚਾ ਉਸਾਰੀ ਨੂੰ ਤੇਜ਼ ਕਰਨ ਲਈ ਵੱਖ-ਵੱਖ ਮੰਤਰਾਲਿਆਂ ਦਾ ਏਕੀਕਰਨ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2047 ਤੱਕ ਸ਼ਾਨਦਾਰ, ਆਧੁਨਿਕ ਤੇ ਵਿਕਸਿਤ ਭਾਰਤ ਦੀ ਉਸਾਰੀ ਲਈ ਮਿਹਨਤ ਕਰਨ ਕਿਉਂਕਿ ਇਹ ਵਰ੍ਹਾ ਭਾਰਤ ਦੀ ਆਜ਼ਾਦੀ ਦਾ 100ਵਾਂ ਸਾਲ ਹੋਵੇਗਾ।

ਚੋਣਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਬਜਟ ਇਜਲਾਸ ਬਹੁਤ ਅਹਿਮ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੋਣਾਂ ਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਸੰਸਦ ਦਾ ਬਜਟ ਇਜਲਾਸ ਬਹੁਤ ਅਹਿਮ ਹੈ ਕਿਉਂਕਿ ਇਸ 'ਚ ਪੂਰੇ ਵਰ੍ਹੇ ਦਾ ਬਲੂਪ੍ਰਿੰਟ ਤਿਆਰ ਹੁੰਦਾ ਹੈ। ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲ੍ਹੇ ਮਨ ਨਾਲ ਚਰਚਾ ਕਰਕੇ ਇਸ ਨੂੰ ਫਲਦਾਈ ਬਣਾਉਣ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਸਚਾਈ ਹੈ ਕਿ ਲਗਾਤਾਰ ਚੋਣਾਂ ਹੋਣ ਕਾਰਨ ਇਜਲਾਸ ਅਤੇ ਚਰਚਾਵਾਂ ਪ੍ਰਭਾਵਿਤ ਹੁੰਦੀਆਂ ਹਨ ਪਰ ਚੋਣਾਂ ਦੀ ਆਪਣੀ ਥਾਂ ਹੈ ਅਤੇ ਇਹ ਹੁੰਦੀਆਂ ਰਹਿਣਗੀਆਂ। ਉਨ੍ਹਾਂ ਆਸ ਜਤਾਈ ਕਿ ਚਰਚਾਵਾਂ ਨਿਰਪੱਖ, ਮਾਨਵੀ ਪੱਖ ਤੋਂ ਸੰਜੀਦਾ ਅਤੇ ਵਿਚਾਰਸ਼ੀਲ ਹੋਣਗੀਆਂ। 'ਮੌਜੂਦਾ ਆਲਮੀ ਹਾਲਾਤ 'ਚ ਭਾਰਤ ਲਈ ਕਈ ਮੌਕੇ ਹਨ ਅਤੇ ਆਰਥਿਕ ਤਰੱਕੀ, ਕੋਵਿਡ-19 ਖ਼ਿਲਾਫ਼ ਵੈਕਸੀਨੇਸ਼ਨ ਪ੍ਰੋਗਰਾਮ ਅਤੇ ਭਾਰਤ 'ਚ ਬਣੀਆਂ ਵੈਕਸੀਨਾਂ ਨੇ ਵਿਸ਼ਵ 'ਚ ਭਰੋਸਾ ਬਣਾਇਆ ਹੈ।' ਉਨ੍ਹਾਂ ਕਿਹਾ ਕਿ ਬਜਟ ਇਜਲਾਸ ਦੌਰਾਨ ਸੰਸਦ ਮੈਂਬਰਾਂ ਦੇ ਖੁੱਲ੍ਹੇ ਮਨ ਨਾਲ ਚਰਚਾਵਾਂ ਕਰਨ ਅਤੇ ਆਲਮੀ ਪੱਧਰ 'ਤੇ ਅਸਰ ਪਾਉਣ ਦਾ ਇਹ ਅਹਿਮ ਮੌਕਾ ਹੈ।

ਉਨ੍ਹਾਂ ਆਸ ਜਤਾਈ ਕਿ ਸਾਰੇ ਸੰਸਦ ਮੈਂਬਰ ਅਤੇ ਪਾਰਟੀਆਂ ਮੁਲਕ ਨੂੰ ਪ੍ਰਗਤੀ ਦੇ ਰਾਹ 'ਤੇ ਲਿਜਾਣ 'ਚ ਸਹਾਇਤਾ ਕਰਨਗੇ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਆਉਂਦੇ ਸਾਲ 'ਚ ਨਵੀਂ ਆਰਥਿਕ ਉਚਾਈ 'ਤੇ ਲਿਜਾਣ ਦਾ ਵੱਡਾ ਮੌਕਾ ਹੋਵੇਗਾ ਅਤੇ ਸਾਰਿਆਂ ਨੂੰ ਬਜਟ ਇਜਲਾਸ ਦੌਰਾਨ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ 7 ਮਾਰਚ ਤੱਕ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। -ਪੀਟੀਆਈ

ਮਹਿਲਾਵਾਂ ਦੀ ਭੂਮਿਕਾ ਦਾ ਲਗਾਤਾਰ ਵਿਸਤਾਰ, ਮਹਿਲਾ ਕਮਿਸ਼ਨ ਵੀ ਦਾਇਰਾ ਵਧਾਉਣ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਮਾਜ ਵਿਚ ਔਰਤਾਂ ਦੀ ਭੂਮਿਕਾ ਲਗਾਤਾਰ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨਾਂ ਨੂੰ ਆਪਣਾ ਦਾਇਰਾ ਵਧਾਉਣਾ ਪਏਗਾ ਤੇ ਆਪੋ-ਆਪਣੇ ਸੂਬਿਆਂ ਵਿਚ ਮਹਿਲਾਵਾਂ ਨੂੰ ਨਵੀਂ ਸੇਧ ਦੇਣੀ ਹੋਵੇਗੀ। ਕੌਮੀ ਮਹਿਲਾ ਕਮਿਸ਼ਨ ਦੇ ਸਥਾਪਨਾ ਦਿਵਸ ਮੌਕੇ ਮੋਦੀ ਨੇ ਕਿਹਾ ਕਿ ਉੱਦਮੀ ਵਜੋਂ ਮਹਿਲਾਵਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਪੁਰਾਣੀ ਸੋਚ ਵਾਲੇ ਲੋਕ ਮਹਿਲਾਵਾਂ ਦੇ ਗੁਣਾਂ ਨੂੰ ਸਿਰਫ਼ ਘਰੇਲੂ ਕੰਮਾਂ ਤੱਕ ਦੇਖਦੇ ਹਨ ਪਰ ਮੁਲਕ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਹੁਣ ਇਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। -ਪੀਟੀਆਈ

ਚੀਨ ਤੇ ਜੰਮੂ ਕਸ਼ਮੀਰ ਦਾ ਜ਼ਿਕਰ ਨਾ ਹੋਣ 'ਤੇ ਸਰਕਾਰ ਦੀ ਆਲੋਚਨਾ

ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਚੀਨ ਦਾ ਕੋਈ ਜ਼ਿਕਰ ਨਹੀਂ ਸੀ ਤੇ ਨਾ ਹੀ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਮੁੜ ਦੇਣ ਬਾਰੇ ਕੋਈ ਗੱਲ ਹੋਈ। ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਚੀਨ-ਪਾਕਿ ਤੋਂ ਦੋ ਮੋਰਚਿਆਂ ਉਤੇ ਬਣੀ ਚੁਣੌਤੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਨਾਗਾਲੈਂਡ ਵਿਚ ਨਾਗਰਿਕਾਂ ਦੇ ਕਤਲੇਆਮ ਦਾ ਵੀ ਕੋਈ ਹਵਾਲਾ ਨਹੀਂ ਦਿੱਤਾ ਗਿਆ। ਨਾ ਹੀ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਉਤੇ ਕੀਤੇ ਗਏ ਕਬਜ਼ੇ ਮਗਰੋਂ ਬਣੇ ਹਾਲਾਤਾਂ ਦਾ ਕੋਈ ਜ਼ਿਕਰ ਹੋਇਆ। ਕਰੋਨਾ ਦੌਰਾਨ ਹੋਈਆਂ ਮੌਤਾਂ ਲਈ ਮੁਆਫ਼ੀ ਵੀ ਨਹੀਂ ਮੰਗੀ ਗਈ। ਰਾਸ਼ਟਰਪਤੀ ਦੇ ਭਾਸ਼ਣ ਤੋਂ ਪਹਿਲਾਂ ਡੀਐਮਕੇ ਤੇ ਕਾਂਗਰਸ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ।



Most Read

2024-09-23 12:23:31