Breaking News >> News >> The Tribune


ਕੌੜਾ ਸੱਚ ਹੈ ਕਿ ਬਹੁਤ ਸਾਰੇ ਭਾਰਤੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ: ਰਾਹੁਲ


Link [2022-02-01 07:53:15]



ਨਵੀਂ ਦਿੱਲੀ, 31 ਜਨਵਰੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਹ ਇਕ ਕੌੜਾ ਸੱਚ ਹੈ ਕਿ ਬਹੁਤ ਸਾਰੇ ਭਾਰਤੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਕ 20 ਸਾਲਾ ਮਹਿਲਾ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਨੇ ਸਮਾਜ ਦੇ ਕਾਫੀ ਭੱਦੇ ਚਿਹਰੇ ਨੂੰ ਬੇਨਕਾਬ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੂਰਬੀ ਦਿੱਲੀ ਵਿਚ ਇਕ 20 ਸਾਲਾ ਮਹਿਲਾ ਨੂੰ ਕਥਿਤ ਤੌਰ 'ਤੇ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨਾਲ ਜਬਰ-ਜਨਾਹ ਕਰਨ ਅਤੇ ਹਮਲਾਵਰਾਂ ਵੱਲੋਂ ਪੀੜਤਾ ਨੂੰ ਬਿਨਾ ਕੱਪੜਿਆਂ ਤੋਂ ਘੁਮਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੱਡੀ ਪੱਧਰ 'ਤੇ ਵਾਇਰਲ ਹੋਈਆਂ ਹਨ।

ਰਾਹੁਲ ਨੇ ਟਵਿੱਟਰ 'ਤੇ ਕਿਹਾ, ''ਇਕ 20 ਸਾਲਾ ਮਹਿਲਾ ਨੂੰ ਬੇਰਹਿਮੀ ਨਾਲ ਕੁੱਟਣ ਸਬੰਧੀ ਵੀਡੀਓ ਨੇ ਸਾਡੇ ਸਮਾਜ ਦਾ ਬਹੁਤ ਭੱਦਾ ਚਿਹਰਾ ਬੇਨਕਾਬ ਕੀਤਾ ਹੈ। ਕੌੜਾ ਸੱਚ ਇਹ ਹੈ ਕਿ ਕਈ ਭਾਰਤੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ। ਇਸ ਕੌੜੇ ਸੱਚ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਇਸ ਦਾ ਵਿਰੋਧ ਕਰਨਾ ਹੋਵੇਗਾ।'' ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਨੂੰ ਜਨਤਕ ਤੌਰ 'ਤੇ ਸ਼ਰਮਸਾਰ ਕਰਨ ਦੇ ਦੋਸ਼ ਹੇਠ ਅੱਠ ਔਰਤਾਂ ਸਣੇ ਗਿਆਰਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲੀਸ ਅਧਿਕਾਰੀ ਦਾ ਕਹਿਣਾ ਸੀ, ''ਪਿਛਲੇ ਸਾਲ ਨਵੰਬਰ ਮਹੀਨੇ ਵਿਚ ਇਕ ਲੜਕੇ ਨੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਹੁਣ ਉਸ ਦਾ ਪਰਿਵਾਰ ਪੀੜਤਾ ਨੂੰ ਇਸ ਦਾ ਦੋਸ਼ੀ ਠਹਿਰਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਲੜਕੀ ਕਰ ਕੇ ਉਨ੍ਹਾਂ ਦੇ ਲੜਕੇ ਨੇ ਖ਼ੁਦਕੁਸ਼ੀ ਵਰਗਾ ਕਦਮ ਉਠਾਇਆ। ਉਸ ਕੋਲੋਂ ਬਦਲਾ ਲੈਣ ਲਈ ਪਰਿਵਾਰ ਨੇ ਲੜਕੀ ਨੂੰ ਅਗਵਾ ਕਰ ਲਿਆ। ਉਹ ਲੜਕੀ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।'' -ਪੀਟੀਆਈ



Most Read

2024-09-23 12:23:44