Breaking News >> News >> The Tribune


ਪੈਗਾਸਸ ’ਤੇ ਕੋਈ ਵੱਖਰੀ ਚਰਚਾ ਨਹੀਂ ਹੋਵੇਗੀ: ਕੇਂਦਰ


Link [2022-02-01 07:53:15]



ਨਵੀਂ ਦਿੱਲੀ, 31 ਜਨਵਰੀ

ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਪੈਗਾਸਸ ਮੁੱਦੇ ਉਤੇ ਕਿਸੇ ਵੱਖਰੀ ਚਰਚਾ ਦੀ ਲੋੜ ਨਹੀਂ ਹੈ ਕਿਉਂਕਿ ਮਾਮਲਾ ਹੁਣ ਅਦਾਲਤ ਵਿਚ ਹੈ। ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਗੱਲ ਉਤੇ ਸਹਿਮਤੀ ਬਣੀ ਹੈ ਕਿ ਸਦਨਾਂ ਦੀ ਕਾਰਵਾਈ ਵਿਚ ਅੜਿੱਕਾ ਨਾ ਪਾਇਆ ਜਾਵੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਜੇ ਵਿਰੋਧੀ ਧਿਰਾਂ ਚਾਹੁੰਦੀਆਂ ਹਨ ਤਾਂ ਰਾਸ਼ਟਰਪਤੀ ਦੇ ਭਾਸ਼ਣ ਉਤੇ ਧੰਨਵਾਦ ਮਤੇ ਦੌਰਾਨ ਕੋਈ ਵੀ ਮੁੱਦਾ ਉਠਾ ਸਕਦੀਆਂ ਹਨ। ਜੋਸ਼ੀ ਨੇ ਕਿਹਾ ਕਿ 25 ਪਾਰਟੀਆਂ ਦੇ ਆਗੂਆਂ ਨੇ ਮੀਟਿੰਗ ਵਿਚ ਹਿੱਸਾ ਲਿਆ ਤੇ ਸਰਕਾਰ ਵੱਲੋਂ ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਸਨ ਜੋ ਕਿ ਲੋਕ ਸਭਾ ਦੇ ਡਿਪਟੀ ਲੀਡਰ ਵੀ ਹਨ। ਰਾਜਨਾਥ ਨੇ ਇਸ ਮੌਕੇ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਉਠਾਏ ਜਾਣ ਵਾਲੇ ਮੁੱਦਿਆਂ ਦੀ ਆਗੂ ਸ਼ਨਾਖ਼ਤ ਕਰ ਸਕਦੇ ਹਨ ਜਿਨ੍ਹਾਂ ਉਤੇ ਉਹ ਚਰਚਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੱਜ ਇੱਥੇ ਹੋਈ ਸਰਬ ਪਾਰਟੀ ਬੈਠਕ ਵਿਚ ਪੈਗਾਸਸ ਜਾਸੂਸੀ ਦਾ ਮੁੱਦਾ ਚੁੱਕਿਆ ਤੇ ਸੰਸਦ ਦੇ ਬਜਟ ਸੈਸ਼ਨ ਵਿਚ ਇਸ 'ਤੇ ਵਿਚਾਰ-ਚਰਚਾ ਦੀ ਮੰਗ ਕੀਤੀ। ਮੀਟਿੰਗ ਵਿਚ 'ਆਪ' ਨੇ ਇਹ ਵੀ ਮੰਗ ਕੀਤੀ ਕਿ ਮਹਾਤਮਾ ਗਾਂਧੀ ਦਾ ਕੀਤਾ ਜਾ ਰਿਹਾ 'ਨਿਰਾਦਰ' ਰੋਕਿਆ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਐਮਐੱਸਪੀ ਦੀ ਗਰੰਟੀ ਦੇਣ ਲਈ ਕਾਨੂੰਨ ਲਿਆਂਦਾ ਜਾਵੇ। 'ਆਪ' ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਦਿੱਲੀ ਸਰਕਾਰ ਦੇ ਜੀਐੱਸਟੀ ਬਕਾਏ ਦਾ ਹੱਲ ਕਰਨਾ ਚਾਹੀਦਾ ਹੈ। ਦਿੱਲੀ ਸਰਕਾਰ ਨੂੰ 12 ਹਜ਼ਾਰ ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਸੰਜੈ ਸਿੰਘ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਹੋਈ ਸਰਬ ਪਾਰਟੀ ਮੀਟਿੰਗ ਵਿਚ ਐਮਐੱਸਪੀ ਦੀ ਕਾਨੂੰਨੀ ਗਾਰੰਟੀ ਮੰਗੀ ਗਈ ਹੈ ਤੇ ਪੈਗਾਸਸ ਉਤੇ ਚਰਚਾ ਵੀ ਮੰਗੀ ਗਈ ਹੈ। -ਪੀਟੀਆਈ



Most Read

2024-09-23 10:31:59