Breaking News >> News >> The Tribune


ਅਗਲੀ ਸਦੀ ਲਈ ਦੇਸ਼ ਦਾ ਇਤਿਹਾਸ ਲਿਖਣਗੀਆਂ ਉੱਤਰ ਪ੍ਰਦੇਸ਼ ਚੋਣਾਂ: ਅਖਿਲੇਸ਼


Link [2022-02-01 07:53:15]



ਲਖਨਊ, 31 ਜਨਵਰੀ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿਚ ਪੈਂਦੀ ਕਰਹਲ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਕਿਹਾ ਕਿ ਆਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਗਲੀ ਸਦੀ ਲਈ ਦੇਸ਼ ਦਾ ਇਤਿਹਾਸ ਲਿਖਣਗੀਆਂ ਕਿਉਂਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਨਕਾਰਾਤਮਕ ਰਾਜਨੀਤੀ ਨੂੰ ਹਰਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਵਿਕਾਸ਼ਸ਼ੀਲ ਸੋਚ ਨਾਲ ਸਕਾਰਾਤਮਕ ਰਾਜਨੀਤੀ ਕਰਨਾ ਹੈ।

ਸਮਾਜਵਾਦੀ ਪਾਰਟੀ ਨੇ ਕਰਹਲ ਵਿਧਾਨ ਸਭਾ ਹਲਕੇ ਤੋਂ ਅਖਿਲੇਸ਼ ਯਾਦਵ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ ਜੋ ਕਿ ਮੈਨਪੁਰੀ ਸੰਸਦੀ ਹਲਕੇ ਦਾ ਹਿੱਸਾ ਹੈ। ਇਸ ਸੰਸਦੀ ਹਲਕੇ ਦੀ ਨੁਮਾਇੰਦਗੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਕਰਦੇ ਹਨ।

ਯਾਦਵ ਨੇ ਹਿੰਦੀ ਵਿਚ ਟਵੀਟ ਕਰ ਕੇ ਕਿਹਾ, ''ਇਹ ਨਾਮਜ਼ਦਗੀ ਇਕ ਮਿਸ਼ਨ ਹੈ ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਇਹ ਚੋਣਾਂ ਅਗਲੀ ਸਦੀ ਲਈ ਦੇਸ਼ ਦਾ ਇਤਿਹਾਸ ਲਿਖਣਗੀਆਂ। ਆਓ ਵਿਕਾਸਸ਼ੀਲ ਸੋਚ ਦੇ ਨਾਲ ਸਕਾਰਾਤਮਕ ਰਾਜਨੀਤੀ ਦੇ ਇਸ ਸੰਘਰਸ਼ ਵਿਚ ਹਿੱਸਾ ਲਈਏ। ਨਕਾਰਾਤਮਕ ਰਾਜਨੀਤੀ ਨੂੰ ਹਰਾਓ ਵੀ, ਹਟਾਓ ਵੀ। ਜੈ ਹਿੰਦ।''

ਉਨ੍ਹਾਂ ਇਟਾਵਾ ਵਿਚ ਪੈਂਦੇ ਆਪਣੇ ਜੱਦੀ ਕਸਬਾ ਸੈਫਈ ਤੋਂ ਮੈਨਪੁਰੀ ਲਈ ਰਵਾਨਾ ਹੁੰਦੇ ਸਮਾਜਵਾਦੀ ਪਾਰਟੀ ਦੇ ਵਿਜੈ ਰੱਥ ਬੱਸ ਦੀ ਇਕ ਤਸਵੀਰ ਵੀ ਸਾਂਝੀ ਕੀਤੀ। ਸੂਬੇ ਵਿਚ ਸੱਤ ਗੇੜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ 'ਚ 20 ਫਰਵਰੀ ਨੂੰ ਕਰਹਲ 'ਚ ਵੋਟਾਂ ਪੈਣੀਆਂ ਹਨ।

ਬਾਅਦ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਯਾਦਵ ਨੇ ਕਿਹਾ, ''ਸਭ ਤੋਂ ਪਹਿਲਾਂ ਮੈਂ ਮੈਨਪੁਰੀ ਦੇ ਲੋਕਾਂ ਅਤੇ ਪਾਰਟੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਵਿਧਾਨ ਸਭਾ ਚੋਣ ਲੜਨ ਲਈ ਅੱਜ ਮੈਨੂੰ ਕਰਹਲ ਤੋਂ ਨਾਮਜ਼ਦਗੀ ਭਰਨ ਦਾ ਮੌਕਾ ਦਿੱਤਾ।'' ਉਨ੍ਹਾਂ ਕਿਹਾ, ''ਇੱਥੋਂ ਦੇ ਲੋਕਾਂ ਨੇ ਸਕਾਰਾਤਮਕ ਰਾਜਨੀਤੀ ਨੂੰ ਅੱਗੇ ਵਧਾਇਆ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਉੱਤਰ ਪ੍ਰਦੇਸ਼ ਦੇ ਲੋਕ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਸਾਰਿਆਂ ਨੂੰ ਹਟਾ ਦੇਣਗੇ ਜਿਹੜੇ ਨਕਾਰਾਤਮਕ ਰਾਜਨੀਤੀ ਕਰਦੇ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਮਾਜਵਾਦੀ ਪਾਰਟੀ ਨੂੰ ਨਾ ਸਿਰਫ਼ ਕਰਹਲ ਬਲਕਿ ਹਰੇਕ ਖੇਤਰ ਵਿਚ ਮੌਕਾ ਦਿੱਤਾ ਜਾਵੇ। ਪਾਰਟੀ ਸੂਬੇ ਨੂੰ ਵਿਕਾਸ, ਖੁਸ਼ਹਾਲੀ ਅਤੇ ਵਿਕਾਸ ਦੇ ਰਾਹ 'ਤੇ ਲੈ ਕੇ ਜਾਵੇਗੀ।''

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਪ੍ਰਚਾਰ ਲਈ ਹਲਕੇ ਵਿਚ ਆਉਣਗੇ, ਦੇ ਜਵਾਬ ਵਿਚ ਅਖਿਲੇਸ਼ ਨੇ ਕਿਹਾ, ''ਮੈਂ ਆਪਣੀ ਚੋਣ ਪਾਰਟੀ ਆਗੂਆਂ ਅਤੇ ਇੱਥੋਂ ਦੇ ਲੋਕਾਂ 'ਤੇ ਛੱਡ ਦਿੱਤੀ ਹੈ। ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਜ਼ਰੂਰ ਆਵਾਂਗਾ ਪਰ ਇੱਥੋਂ ਦੇ ਲੋਕਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਮੈਨੂੰ ਇੱਥੇ ਆਉਣ ਦੀ ਲੋੜ ਨਹੀਂ ਹੈ। ਹਾਂ, ਜਿੱਤਣ ਮਗਰੋਂ ਮੈਂ ਇੱਥੇ ਜ਼ਰੂਰ ਆਵਾਂਗਾ। ਚੋਣ ਨਤੀਜੇ ਇਤਿਹਾਸਕ ਹੋਣਗੇ ਅਤੇ ਨਕਾਰਾਤਮਕ ਰਾਜਨੀਤੀ ਕਰਨ ਵਾਲਿਆਂ ਲਈ ਇਕ ਸੁਨੇਹਾ ਹੋਣਗੇ।'' -ਪੀਟੀਆਈ



Most Read

2024-09-23 10:30:50