Breaking News >> News >> The Tribune


ਯੂਪੀ ’ਚ ਮੋਦੀ ਨੇ ਅਖਿਲੇਸ਼ ਯਾਦਵ ’ਤੇ ਨਿਸ਼ਾਨਾ ਸੇਧਿਆ


Link [2022-02-01 07:53:15]



ਲਖਨਊ, 31 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ 'ਦਬੰਗ' ਤੇ 'ਦੰਗਾਕਾਰੀ' ਉੱਤਰ ਪ੍ਰਦੇਸ਼ ਵਿਚ ਕਾਨੂੰਨ ਦੀ ਪ੍ਰਵਾਹ ਨਹੀਂ ਕਰਦੇ ਸਨ। ਯੂਪੀ ਲਈ ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਆਪਣੀ ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਜਦ ਪੱਛਮੀ ਉੱਤਰ ਪ੍ਰਦੇਸ਼ ਦੰਗਿਆਂ ਵਿਚ ਜਲ ਰਿਹਾ ਸੀ, ਉਸ ਸਮੇਂ ਜੋ ਸੱਤਾ ਵਿਚ ਸਨ ਉਹ ਜਸ਼ਨ ਮਨਾ ਰਹੇ ਸਨ। ਜ਼ਿਕਰਯੋਗ ਹੈ ਕਿ ਰਾਜ ਵਿਚ ਪਿਛਲੀ ਸਰਕਾਰ ਸਮਾਜਵਾਦੀ ਪਾਰਟੀ ਦੀ ਸੀ ਜਿਸ ਨੂੰ ਭਾਜਪਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਰਾਇਆ ਸੀ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਦਬੰਗਾਂ ਤੇ ਦੰਗਾਕਾਰੀਆਂ ਦੇ ਸ਼ਬਦ ਹੀ ਸਰਕਾਰ ਦੇ ਹੁਕਮ ਸਨ। ਵਪਾਰੀਆਂ ਨੂੰ ਲੁੱਟਿਆ ਜਾਂਦਾ ਸੀ ਤੇ ਉਸ ਵੇਲੇ ਲੜਕੀਆਂ ਆਪਣੇ ਘਰਾਂ 'ਚੋਂ ਬਾਹਰ ਨਹੀਂ ਸਨ ਨਿਕਲ ਸਕਦੀਆਂ। ਮਾਫ਼ੀਆ ਸਰਕਾਰ ਦੀ ਸਰਪ੍ਰਸਤੀ ਵਿਚ ਆਜ਼ਾਦ ਘੁੰਮਦਾ ਸੀ। 'ਸਪਾ' ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਜੋ ਕਿ ਵਹਿਮ ਕਾਰਨ ਨੋਇਡਾ ਜਾਣ ਤੋਂ ਬਚ ਰਹੇ ਹਨ, 'ਤੇ ਹੱਲਾ ਬੋਲਦਿਆਂ ਮੋਦੀ ਨੇ ਕਿਹਾ, 'ਕੀ ਉਹ ਜਿਹੜੇ ਵਹਿਮ ਹੋਣ ਕਾਰਨ ਨੋਇਡਾ, ਜੋ ਥਾਂ ਨੌਜਵਾਨਾਂ ਦੀਆਂ ਖ਼ਾਹਿਸ਼ਾਂ ਪੂਰਦੀ ਹੈ,ਜਾਣ ਤੋਂ ਬਚਦੇ ਹਨ, ਨੌਜਵਾਨਾਂ ਦੇ ਸੁਪਨਿਆਂ ਦੀ ਨੁਮਾਇੰਦਗੀ ਕਰਨ ਦੇ ਯੋਗ ਹਨ? ਉਹ ਜਿਹੜੇ ਮੁਲਕ ਵਿਚ ਬਣੇ ਕੋਵਿਡ ਵੈਕਸੀਨ ਵਿਚ ਯਕੀਨ ਨਹੀਂ ਕਰਦੇ ਤੇ ਜਿਹੜੇ ਅਫ਼ਵਾਹਾਂ ਨੂੰ ਅੱਗੇ ਵਧਾਉਂਦੇ ਹਨ, ਕੀ ਉਹ ਯੂਪੀ ਦੇ ਨੌਜਵਾਨਾਂ ਦੀ ਯੋਗਤਾ ਨਾਲ ਨਿਆਂ ਕਰ ਸਕਦੇ ਹਨ?' ਪ੍ਰਧਾਨ ਮੰਤਰੀ ਮੋਦੀ ਨੇ ਅੱਜ ਪੰਜ ਜ਼ਿਲ੍ਹਿਆਂ ਦੇ 21 ਹਲਕਿਆਂ ਲਈ ਰੈਲੀ ਨੂੰ ਸੰਬੋਧਨ ਕੀਤਾ। ਇਨ੍ਹਾਂ ਵਿਚ ਬਾਗ਼ਪਤ, ਸ਼ਾਮਲੀ, ਗੌਤਮ ਬੁੱਧ ਨਗਰ, ਮੁਜ਼ੱਫ਼ਰਨਗਰ ਤੇ ਸਹਾਰਨਪੁਰ ਜ਼ਿਲ੍ਹੇ ਸ਼ਾਮਲ ਸਨ। ਮੋਦੀ ਨੇ ਕਿਹਾ ਕਿ ਯੂਪੀ ਨੂੰ ਬਦਲਣ ਲਈ ਭਾਜਪਾ ਸਰਕਾਰ ਹਰ ਯਤਨ ਕਰ ਰਹੀ ਹੈ ਪਰ ਵਿਰੋਧੀ ਲੋਕਾਂ ਕੋਲੋਂ ਬਦਲਾ ਲੈਣਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਜਿਸ ਢੰਗ ਨਾਲ ਟਿਕਟਾਂ ਦੀ ਵੰਡ ਕੀਤੀ ਗਈ ਹੈ, ਉਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। -ਪੀਟੀਆਈ

ਯੋਗੀ ਤੇ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਜੇਬਾਂ 'ਚੋਂ 17 ਲੱਖ ਕਰੋੜ ਕੱਢੇ: ਸੁਰਜੇਵਾਲਾ

ਲਖ਼ਨਊ: ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਅੱਜ ਇੱਥੇ ਕਿਹਾ ਕਿ ਮਹਿੰਗਾਈ ਤੋਂ ਬਚਣ ਲਈ ਲੋਕ ਸੱਤਾਧਾਰੀ ਭਾਜਪਾ ਸਰਕਾਰ ਤੋਂ ਆਪਣਾ ਖਹਿੜਾ ਛੁਡਾਉਣ। ਯੂਪੀ ਚੋਣਾਂ ਤੋਂ ਪਹਿਲਾਂ ਮਹਿੰਗਾਈ ਉਤੇ ਇਕ ਕਿਤਾਬਚਾ ਲਾਂਚ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਸੂਬੇ ਵਿਚ ਸ਼ਮਸ਼ਾਨਾਂ, ਕਬਰਿਸਤਾਨਾਂ ਤੇ ਬੰਦੂਕਾਂ ਦੇ ਮੁੱਦੇ ਉਭਾਰੇ ਜਾ ਰਹੇ ਜਦਕਿ ਬੇਰੁਜ਼ਗਾਰੀ ਤੇ ਮਹਿੰਗਾਈ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਖ਼ੁਦ ਨੂੰ ਕਿਸਾਨ ਦੱਸਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਖਾਦਾਂ, ਕੀਟਨਾਸ਼ਕਾਂ, ਟਰੈਕਟਰਾਂ ਉਤੇ ਟੈਕਸ ਲਾਇਆ ਹੈ। ਸੁਰਜੇਵਾਲਾ ਨੇ ਕਿਹਾ ਕਿ ਇਸ ਤਰ੍ਹਾਂ ਨਰਿੰਦਰ ਮੋਦੀ ਤੇ ਯੋਗੀ ਦੀ ਸਰਕਾਰ ਨੇ ਕਿਸਾਨਾਂ ਦੀਆਂ ਜੇਬਾਂ ਵਿਚੋਂ 17.50 ਲੱਖ ਕਰੋੜ ਰੁਪਏ ਕੱਢ ਲਏ। ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਰਾਜ ਵਿਚ ਇਕ ਪਾਸੇ ਮਹਿੰਗਾਈ ਵਧ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਦੀ ਸੰਪਤੀ 780 ਕਰੋੜ ਤੋਂ ਵਧ ਕੇ 4,850 ਕਰੋੜ ਹੋ ਗਈ ਹੈ। ਪਿਛਲੇ ਸੱਤ ਸਾਲਾਂ ਵਿਚ ਇਹ 550 ਫ਼ੀਸਦ ਵਧ ਗਈ ਹੈ। -ਪੀਟੀਆਈ



Most Read

2024-09-23 10:30:54