World >> The Tribune


ਉੱਤਰੀ ਕੋਰੀਆ ਵੱਲੋਂ ਸਭ ਤੋਂ ਲੰਮੀ ਦੂਰੀ ਵਾਲੀ ਮਿਜ਼ਾਈਲ ਦੀ ਪਰਖ


Link [2022-01-31 09:53:53]



ਸਿਓਲ, 30 ਜਨਵਰੀ

ਉੱਤਰੀ ਕੋਰੀਆ ਨੇ ਅੱਜ ਇੱਕ ਮਿਜ਼ਾਈਲ ਦੀ ਅਜ਼ਮਾਇਸ਼ ਕੀਤੀ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕਾਰਜਭਾਰ ਸੰਭਾਲੇ ਜਾਣ ਮਗਰੋਂ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਪਰਖ ਦੱਸਿਆ ਜਾ ਰਿਹਾ ਹੈ। ਉਸ ਨੇ ਇਹ ਅਜ਼ਮਾਇਸ਼ ਅਜਿਹੇ ਸਮੇਂ ਕੀਤੀ ਹੈ ਜਦੋਂ ਕੂਟਨੀਤੀ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਗਤੀਰੋਧ ਦੌਰਾਨ ਉਸ ਵੱਲੋਂ ਅਮਰੀਕਾ ਅਤੇ ਹੋਰ ਗੁਆਂਢੀ ਮੁਲਕਾਂ 'ਤੇ ਪਾਬੰਦੀਆਂ ਵਿੱਚ ਰਿਆਇਤਾਂ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਜਾਪਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁੱਢਲੇ ਮੁਲਾਂਕਣ ਮੁਤਾਬਕ ਮਿਜ਼ਾਈਲ ਸੰਭਾਵਿਤ ਤੌਰ 'ਤੇ 2,000 ਕਿਲੋਮੀਟਰ (1,242 ਮੀਲ) ਦੀ ਉਚਾਈ ਤੱਕ ਪਹੁੰਚੀ ਅਤੇ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ ਉਸ ਨੇ 800 ਕਿਲੋਮੀਟਰ (497 ਮੀਲ) ਦੀ ਦੂਰੀ ਤੈਅ ਕੀਤੀ। ਇਸ ਜਾਣਕਾਰੀ ਮੁਤਾਬਕ ਪਤਾ ਲੱਗਦਾ ਹੈ ਕਿ ਉੱਤਰੀ ਕੋਰੀਆ ਨੇ 2017 ਤੋਂ ਮਗਰੋਂ ਆਪਣੀ ਸਭ ਤੋਂ ਲੰਮੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ ਹੈ। ਉਸ ਵੱਲੋਂ 2017 'ਚ ਤਿੰਨ ਅੰਤਰ-ਮਹਾਂਦੀਪੀ ਮਿਜ਼ਾਈਲਾਂ ਦੀ ਪਰਖ ਕੀਤੀ ਗਈ ਸੀ, ਜਿਹੜੀਆਂ ਅਮਰੀਕਾ ਦੇ ਅੰਦਰ ਤੱਕ ਮਾਰ ਕਰਨ ਦੇ ਸਮਰੱਥ ਹਨ।

ਉੱਤਰੀ ਕੋਰੀਆ ਵੱਲੋਂ ਇਸ ਮਹੀਨੇ ਵਿੱਚ ਅੱਜ ਇਹ ਸੱਤਵੀਂ ਪਰਖ ਕੀਤੀ ਗਈ ਹੈ। ਮਿਜ਼ਾਈਲਾਂ ਦੀ ਲਗਾਤਾਰ ਕੀਤੀ ਜਾ ਰਹੀ ਪਰਖ ਤੋਂ ਲੰਮੇ ਸਮੇਂ ਰੁਕੀ ਹੋਈ ਪਰਮਾਣੂ ਗੱਲਬਾਤ ਸਬੰਧੀ ਬਾਇਡਨ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੇ ਸੰਕੇਤ ਮਿਲਦੇ ਹਨ। ਪਿਛਲੇ ਦਿਨੀਂ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ 'ਤੇ ਕਥਿਤ ਦੁਸ਼ਮਣੀ ਵਧਾਉਣ ਵਾਲੀਆਂ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਉਂਦਿਆਂ ਹਥਿਆਰਾਂ ਦੀ ਪਰਖ ਮੁੜ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਵੱਲੋਂ ਅਮਰੀਕਾ ਨਾਲ ਕੂਟਨੀਤਕ ਗੱਲਬਾਤ ਸ਼ੁਰੂ ਹੋਣ ਮਗਰੋਂ 2018 ਵਿੱਚ ਹਥਿਆਰਾਂ ਦੀ ਪਰਖ ਮੁਲਤਵੀ ਕੀਤੀ ਗਈ ਸੀ।

ਜਾਪਾਨ ਦੇ ਕੈਬਨਿਟ ਮੰਤਰੀ ਹੀਰੋਕਾਜ਼ੂ ਮਾਤਸੁਨੋ ਨੇ ਦੱਸਿਆ ਕਿ ਮਿਜ਼ਾਈਲ ਨੇ ਲੱਗਪਗ ਅੱਧਾ ਘੰਟਾ ਉਡਾਣ ਭਰੀ ਅਤੇ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਬਾਹਰ ਸਮੁੰਦਰ ਵਿੱਚ ਡਿੱਗੀ। ਉੱਥੇ ਕਿਸੇ ਵੀ ਕਿਸ਼ਤੀ ਜਾਂ ਜਹਾਜ਼ ਨੂੰ ਨੁਕਸਾਨ ਪਹੁੰਚਣ ਦੀ ਤੁਰੰਤ ਕੋਈ ਰਿਪੋਰਟ ਨਹੀਂ ਮਿਲੀ ਹੈ। ਇਸੇ ਦੌਰਾਨ ਜਾਪਾਨ ਦੇ ਵਿਦੇਸ਼ ਮੰਤਰਾਲੇ ਵਿੱਚ ਏਸ਼ਿਆਈ ਤੇ ਪ੍ਰਸ਼ਾਂਤ ਮਾਮਲਿਆਂ ਬਾਰੇ ਡਾਇਰੈਕਟਰ ਜਨਰਲ ਤਾਕੇਹੀਰੋ ਫੁਨਾਕੋਸ਼ੀ ਨੇ ਉੱਤਰ ਕੋਰੀਆ ਸਬੰਧੀ ਬਾਇਡਨ ਦੇ ਵਿਸ਼ੇਸ਼ ਸਫੀਰ ਸੁੰਗ ਕਿਮ ਅਤੇ ਦੱਖਣੀ ਕੋਰੀਆ ਦੇ ਪ੍ਰਮਾਣੂ ਸਫੀਰ ਨੋਹ ਕਯੂ ਡਿਕ ਨਾਲ ਇਸ ਮਾਮਲੇ ਬਾਰੇ ਫੋਨ 'ਤੇ ਚਰਚਾ ਕੀਤੀ ਹੈ। -ੲੇਪੀ

ਅਮਰੀਕਾ ਵੱਲੋਂ ਉੱਤਰ ਕੋਰੀਆ ਦੀ ਕਾਰਵਾਈ ਦੀ ਨਿਖੇਧੀ

ਯੂਐੱਸ ਭਾਰਤ-ਪ੍ਰਸ਼ਾਂਤ ਕਮਾਂਡ ਨੇ ਕਿਹਾ ਕਿ ਅਮਰੀਕਾ, ਉੱਤਰ ਕੋਰੀਆ ਵੱਲੋਂ ਹਥਿਆਰਾਂ ਦੀ ਪਰਖ ਵਾਲੀ ਕਾਰਵਾਈ ਦੀ ਨਿਖੇਧੀ ਕਰਦਾ ਹੈ ਅਤੇ ਉਸ ਨੂੰ ਅੱਗੇ ਅਸਥਿਰਤਾ ਪੈਦਾ ਕਰਨ ਵਾਲੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਸ ਵੱਲੋਂ ਕਿਹਾ ਗਿਆ ਕਿ ਸੱਜਰੀ ਪਰਖ ਨਾਲ ਅਮਰੀਕੀ ਫੌਜ, ਖੇਤਰ, ਜਾਂ ਉਸ ਦੇ ਸਹਿਯੋਗੀਆਂ ਨੂੰ ਤੁਰੰਤ ਕੋਈ ਖ਼ਤਰਾ ਨਹੀਂ ਹੈ।



Most Read

2024-09-21 15:45:57