Breaking News >> News >> The Tribune


ਕੋਵਿੰਦ ਤੇ ਮੋਦੀ ਵੱਲੋਂ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਟ


Link [2022-01-31 05:14:05]



ਨਵੀਂ ਦਿੱਲੀ, 30 ਜਨਵਰੀ

ਮਹਾਤਮਾ ਗਾਂਧੀ ਦੀ ਬਰਸੀ ਮੌਕੇ ਅੱਜ ਜਿੱਥੇ ਰਾਸ਼ਟਰ ਨੇ ਰਾਸ਼ਟਰਪਿਤਾ ਨੂੰ ਯਾਦ ਕੀਤਾ ਉੱਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਰਾਜਘਾਟ ਵਿਖੇ ਰਾਸ਼ਟਰ ਪਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਕੋਵਿੰਦ ਤੇ ਮੋਦੀ ਦੇ ਨਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਦੌਰਾਨ ਮਹਾਤਮਾ ਗਾਂਧੀ ਦੇ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਜ਼ਿਕਰਯੋਗ ਹੈ ਕਿ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਬਰਸੀ ਨੂੰ ਸ਼ਹੀਦ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਰਾਜਘਾਟ ਵਿੱਚ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ। -ਫੋਟੋ: ਪੀਟੀਆਈ

ਮੋਦੀ ਨੇ ਟਵੀਟ ਕੀਤਾ, ''ਬਾਪੂ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰ ਰਿਹਾ ਹਾਂ। ਉਨ੍ਹਾਂ ਦੇ ਆਦਰਸ਼ ਵਿਚਾਰਾਂ ਨੂੰ ਹੋਰ ਵਧੇਰੇ ਪ੍ਰਚਾਰ ਦੀ ਸਾਡੀ ਸਮੂਹਿਕ ਕੋਸ਼ਿਸ਼ ਹੈ।

ਅੱਜ ਸ਼ਹੀਦ ਦਿਵਸ ਮੌਕੇ ਉਨ੍ਹਾਂ ਸਾਰੇ ਮਹਾਨ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਹਿੰਮਤ ਨਾਲ ਸਾਡੇ ਦੇਸ਼ ਦੀ ਰੱਖਿਆ ਕੀਤੀ। ਉਨ੍ਹਾਂ ਦੀ ਸੇਵਾ ਤੇ ਬਹਾਦਰੀ ਹਮੇਸ਼ਾ ਯਾਦ ਕੀਤੀ ਜਾਵੇਗੀ।'' ਰਾਸ਼ਟਰਪਿਤਾ ਦੀ 74ਵੀਂ ਬਰਸੀ ਮੌਕੇ ਰਾਜਘਾਟ 'ਤੇ ਸਰਬ-ਧਰਮ ਪ੍ਰਾਰਥਨਾ ਸਭਾ ਕੀਤੀ ਗਈ ਅਤੇ ਉਨ੍ਹਾਂ ਦੇ ਪਸੰਦ ਦੇ ਭਜਨ ਗਾਏ ਗਏ। ਯਾਦਗਾਰ ਵਿਖੇ ਉਨ੍ਹਾਂ ਨੂੰ ਬੰਦੂਕਾਂ ਦੀ ਸਲਾਮੀ ਦਿੱਤੀ ਗਈ ਅਤੇ ਸਕੂਲੀ ਵਿਦਿਆਰਥੀ ਅਤੇ ਵੱਖ-ਵੱਖ ਖੇਤਰਾਂ ਦੇ ਲੋਕ ਬਾਪੂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ। -ਪੀਟੀਆਈ



Most Read

2024-09-23 12:23:31