Breaking News >> News >> The Tribune


ਅੱਜ ਦੇਸ਼ਵਿਆਪੀ ਵਿਸ਼ਵਾਸਘਾਤ ਦਿਵਸ ਮਨਾਉਣਗੇ ਕਿਸਾਨ: ਟਿਕੈਤ


Link [2022-01-31 05:14:05]



ਨੋਇਡਾ, 30 ਜਨਵਰੀ

ਕੇਂਦਰ ਸਰਕਾਰ 'ਤੇ ਵਿਸ਼ਵਾਸਘਾਤ ਕਰਨ ਦੇ ਦੋਸ਼ ਲਗਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਐਲਾਨ ਕੀਤਾ ਕਿ ਕਿਸਾਨੀ ਦੇ ਮੁੱਦਿਆਂ 'ਤੇ ਸੋਮਵਾਰ ਨੂੰ ਦੇਸ਼ ਭਰ ਵਿਚ 'ਵਿਸ਼ਵਾਸਘਾਤ ਦਿਵਸ' ਮਨਾਇਆ ਜਾਵੇਗਾ। ਉੱਤਰ ਭਾਰਤ ਦੀ ਪ੍ਰਭਾਵਸ਼ਾਲੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਬਾਰਡਰਾਂ 'ਤੇ ਇਕ ਸਾਲ ਤੋਂ ਵੱਧ ਸਮਾਂ ਚੱਲਿਆ ਸੰਘਰਸ਼ 9 ਦਸੰਬਰ ਨੂੰ ਸਰਕਾਰ ਵੱਲੋਂ ਵਾਅਦਿਆਂ ਸਬੰਧੀ ਜਾਰੀ ਇਕ ਪੱਤਰ ਦੇ ਆਧਾਰ 'ਤੇ ਵਾਪਸ ਲਿਆ ਗਿਆ ਸੀ ਪਰ ਸਰਕਾਰ ਨੇ ਅਜੇ ਤੱਕ ਇਹ ਵਾਅਦੇ ਪੂਰੇ ਨਹੀਂ ਕੀਤੇ ਹਨ। ਟਿਕੈਤ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ, ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ। ਟਿਕੈਤ ਨੇ ਹਿੰਦੀ ਵਿਚ ਟਵੀਟ ਕੀਤਾ, ''31 ਜਨਵਰੀ ਨੂੰ ਦੇਸ਼ਵਿਆਪੀ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ ਕਿਉਂਕਿ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਕਿਸਾਨ ਅੰਦੋਲਨ 9 ਦਸੰਬਰ ਨੂੰ ਸਰਕਾਰ ਵੱਲੋਂ ਦਿੱਤੇ ਗਏ ਇਕ ਪੱਤਰ ਦੇ ਆਧਾਰ 'ਤੇ ਸਮਾਪਤ ਕੀਤਾ ਗਿਆ ਸੀ ਪਰ ਸਰਕਾਰ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ ਹਨ।''

ਦਿੱਲੀ ਦੇ ਬਾਰਡਰਾਂ 'ਤੇ ਇਹ ਸੰਘਰਸ਼ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਸ਼ੁਰੂ ਹੋਇਆ ਸੀ ਜੋ ਕਿ ਕਿਸਾਨ ਜਥੇਬੰਦੀਆਂ ਦਾ ਇਕ ਸੰਗਠਨ ਹੈ। ਮੋਰਚੇ ਦੀਆਂ ਮੰਗਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਸ਼ਾਮਲ ਸੀ। ਇਕ ਸਾਲ ਤੋਂ ਵੱਧ ਸਮਾਂ ਕੌਮੀ ਰਾਜਧਾਨੀ ਦੇ ਪ੍ਰਮੁੱਖ ਦਾਖਲਾ ਪੁਆਇੰਟਾਂ ਸਿੰਘੂ, ਟਿਕਰੀ ਤੇ ਗਾਜ਼ੀਪੁਰ 'ਤੇ ਅੜੇ ਬੈਠੇ ਰਹੇ ਕਿਸਾਨਾਂ ਵੱਲੋਂ ਉਨ੍ਹਾਂ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਵੀ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2021 ਵਿਚ ਤਿੰਨੋਂ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਪਰੰਤ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਅੰਦੋਲਨ ਸਮਾਪਤ ਕਰਨ ਦਾ ਐਲਾਨ ਕਰਦੇ ਹੋਏ ਦਸੰਬਰ 2021 ਵਿਚ ਦਿੱਲੀ ਦੇ ਬਾਰਡਰ ਖਾਲੀ ਕਰ ਦਿੱਤੇ ਗਏ ਸਨ। -ਪੀਟੀਆਈ



Most Read

2024-09-23 12:27:53