Breaking News >> News >> The Tribune


ਹਿੰਦੂਤਵਵਾਦੀਆਂ ਨੂੰ ਲੱਗਦੈ ਗਾਂਧੀ ਨਹੀਂ ਰਹੇ, ਜਿੱਥੇ ਸੱਚ ਉੱਥੇ ਬਾਪੂ: ਰਾਹੁਲ


Link [2022-01-31 05:14:05]



ਨਵੀਂ ਦਿੱਲੀ, 30 ਜਨਵਰੀ

ਕਾਂਗਰਸ ਨੇ ਅੱਜ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 74ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਪਾਰਟੀ ਪ੍ਰਧਾਨ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ 'ਹਿੰਦੂਤਵਵਾਦੀਆਂ' ਨੂੰ ਲੱਗਦਾ ਹੈ ਕਿ ਰਾਸ਼ਟਰ ਪਿਤਾ ਨਹੀਂ ਰਹੇ ਪਰ ਜਿੱਥੇ ਸੱਚ ਹੈ, ਉੱਥੇ ਉਹ ਜਿਊਂਦੇ ਹਨ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਦੀ 30 ਜਨਵਰੀ, 1948 ਨੂੰ ਨਾਥੂਰਾਮ ਗੋਡਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਰਾਹੁਲ ਨੇ ਹਿੰਦੀ ਵਿਚ ਟਵੀਟ ਕਰਦਿਆਂ ਕਿਹਾ, 'ਇਕ ਹਿੰਦੂਤਵਵਾਦੀ ਨੇ ਗਾਂਧੀ ਜੀ ਦੇ ਗੋਲੀ ਮਾਰੀ ਸੀ। ਸਾਰੇ ਹਿੰਦੂਤਵਵਾਦੀਆਂ ਨੂੰ ਲੱਗਦਾ ਹੈ ਕਿ ਗਾਂਧੀ ਜੀ ਨਹੀਂ ਰਹੇ। ਪਰ ਜਿੱਥੇ ਸੱਚ ਹੈ, ਬਾਪੂ ਉੱਥੇ ਅੱਜ ਵੀ ਜਿਊਂਦੇ ਹਨ।' ਰਾਹੁਲ ਗਾਂਧੀ ਨੇ ਅੱਜ ਰਾਜ ਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਰਾਹੁਲ ਨੇ ਆਪਣੇ ਟਵਿੱਟਰ 'ਤੇ ਮਹਾਤਮਾ ਗਾਂਧੀ ਦਾ ਇਕ ਕਥਨ ਵੀ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਹੈ, 'ਮੈਂ ਜਦ ਵੀ ਨਿਰਾਸ਼ ਹੁੰਦਾ ਹਾਂ, ਮੈਂ ਯਾਦ ਕਰਦਾ ਹਾਂ ਕਿ ਸਮੁੱਚੇ ਇਤਿਹਾਸ ਵਿਚ ਹਮੇਸ਼ਾ ਸੱਚ ਤੇ ਪਿਆਰ ਦੀ ਹੀ ਜਿੱਤ ਹੋਈ ਹੈ। ਤਾਨਾਸ਼ਾਹ ਤੇ ਹਤਿਆਰੇ ਵੀ ਰਹੇ ਹਨ, ਕੁਝ ਸਮੇਂ ਲਈ ਉਹ ਅਜਿੱਤ ਹੀ ਲੱਗਦੇ ਰਹੇ ਪਰ ਅਖੀਰ ਵਿਚ ਉਹ ਸਾਰੇ ਮਿਟ ਗਏ। ਹਮੇਸ਼ਾ ਇਹੀ ਸੋਚੋ।' ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਅਹਿੰਸਾ ਬਾਰੇ ਉਨ੍ਹਾਂ ਦਾ ਇਕ ਕਥਨ ਸਾਂਝਾ ਕੀਤਾ। ਕਾਂਗਰਸ ਨੇ ਵੀ ਆਪਣੇ ਟਵਿੱਟਰ ਉਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਕਈ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਮਹਾਤਮਾ ਗਾਂਧੀ ਨੂੰ ਯਾਦ ਕੀਤਾ। ਇਸੇ ਦੌਰਾਨ ਅੱਜ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਜੀ.ਏ. ਮੀਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ 'ਮਿਟਾਉਣ' ਉਤੇ ਤੁਲੀ ਹੋਈ ਹੈ। -ਪੀਟੀਆਈ

ਬੇਰੁਜ਼ਗਾਰੀ ਦੇ ਮੁੱਦੇ 'ਤੇ ਮੋਦੀ ਨੂੰ ਘੇਰਿਆ

ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਅੱਜ ਬੇਰੁਜ਼ਗਾਰੀ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਕਿਉਂ ਵਿਦਿਆਰਥੀਆਂ ਨੂੰ 'ਸੱਤਿਆਗ੍ਰਹਿ' ਕਰਨਾ ਪੈ ਰਿਹਾ ਹੈ ਪਰ 'ਇਕ ਹੰਕਾਰੀ ਵਿਅਕਤੀ ਹਾਲੇ ਵੀ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ।' ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਤਿੰਨ ਕਰੋੜ ਤੋਂ ਵੱਧ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ। ਮੀਡੀਆ ਰਿਪੋਰਟ ਟੈਗ ਕਰਦਿਆਂ ਗਾਂਧੀ ਨੇ ਟਵੀਟ ਕੀਤਾ, 'ਇਹ ਅੰਕੜੇ ਦਿਖਾਉਂਦੇ ਹਨ ਕਿ ਕਿਉਂ ਵਿਦਿਆਰਥੀ ਸੱਤਿਆਗ੍ਰਹਿ ਕਰਨ ਲਈ ਮਜਬੂਰ ਹਨ?' -ਪੀਟੀਆਈ



Most Read

2024-09-23 12:24:36