Breaking News >> News >> The Tribune


ਬਜਟ ਸੈਸ਼ਨ ’ਚ ਗੂੰਜਣਗੇ ਕਿਸਾਨਾਂ ਤੇ ਪੈਗਾਸਸ ਦੇ ਮੁੱਦੇ


Link [2022-01-31 05:14:05]



ਮੁੱਖ ਅੰਸ਼

ਅੱਜ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਸੈਸ਼ਨ ਆਰਥਿਕ ਸਰਵੇਖਣ ਅੱਜ ਤੇ ਭਲਕੇ ਪੇਸ਼ ਹੋਵੇਗਾ ਬਜਟ

ਨਵੀਂ ਦਿੱਲੀ, 30 ਜਨਵਰੀ

ਸੰਸਦ ਦੇ ਤੂਫ਼ਾਨੀ ਬਜਟ ਸੈਸ਼ਨ ਲਈ ਮੰਚ ਤਿਆਰ ਹੋ ਗਿਆ ਹੈ। ਭਲਕੇ ਸ਼ੁਰੂ ਹੋਣ ਵਾਲੇ ਸੈਸ਼ਨ ਵਿਚ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਪੈਗਾਸਸ ਜਾਸੂਸੀ, ਕਿਸਾਨਾਂ ਦੇ ਮੁੱਦਿਆਂ ਉਤੇ ਘੇਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਪੂਰਬੀ ਲੱਦਾਖ ਵਿਚ ਚੀਨ ਦੀ 'ਘੁਸਪੈਠ' ਦਾ ਮੁੱਦਾ ਵੀ ਵਿਰੋਧੀ ਧਿਰ ਉਠਾਏਗੀ। ਸੈਸ਼ਨ ਦੀ ਸ਼ੁਰੂਆਤ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਲੋਕ ਸਭਾ ਤੇ ਰਾਜ ਸਭਾ ਨੂੰ ਸਾਂਝੇ ਤੌਰ 'ਤੇ ਸੰਸਦ ਦੇ ਕੇਂਦਰੀ ਹਾਲ ਵਿਚ ਸੰਬੋਧਨ ਕਰਨਗੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਭਲਕੇ 2021-22 ਦਾ ਆਰਥਿਕ ਸਰਵੇਖਣ ਵੀ ਪੇਸ਼ ਕਰਨਗੇ। ਬਜਟ ਮੰਗਲਵਾਰ ਨੂੰ ਪੇਸ਼ ਕੀਤਾ ਜਾਵੇਗਾ। ਕਰੋਨਾ ਦੇ ਮੱਦੇਨਜ਼ਰ ਲੋਕ ਸਭਾ ਤੇ ਰਾਜ ਸਭਾ ਵੱਖੋ-ਵੱਖਰੇ ਤੌਰ 'ਤੇ ਸ਼ਿਫ਼ਟਾਂ ਵਿਚ ਜੁੜਨਗੀਆਂ। ਸਮਾਜਿਕ ਦੂਰੀ ਬਣਾਉਣ ਲਈ ਮੈਂਬਰ ਸੰਸਦ ਦੇ ਦੋਵਾਂ ਚੈਂਬਰਾਂ ਵਿਚ ਬੈਠਣਗੇ। ਰਾਸ਼ਟਰਪਤੀ ਦੇ ਭਾਸ਼ਣ ਉਤੇ ਧੰਨਵਾਦ ਮਤੇ ਨੂੰ ਲੋਕ ਸਭਾ ਬੁੱਧਵਾਰ ਚੁੱਕੇਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤ ਫਰਵਰੀ ਨੂੰ ਵਿਚਾਰ-ਚਰਚਾ ਦਾ ਜਵਾਬ ਦੇ ਸਕਦੇ ਹਨ।

ਲੋਕ ਸਭਾ ਦੇ ਸਕੱਤਰੇਤ ਨੇ ਕਿਹਾ ਕਿ ਦੋ ਫਰਵਰੀ ਤੋਂ ਚਾਰ ਦਿਨ ਧੰਨਵਾਦ ਮਤੇ ਉਤੇ ਚਰਚਾ ਲਈ ਰੱਖੇ ਗਏ ਹਨ। ਬਜਟ ਸੈਸ਼ਨ ਦਾ ਪਹਿਲਾ ਹਿੱਸਾ 31 ਜਨਵਰੀ ਤੋਂ 11 ਫਰਵਰੀ ਤੱਕ ਹੋਵੇਗਾ। ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਲਈ ਅਲਾਟ ਬਜਟ ਦੀ ਜਾਂਚ-ਪਰਖ ਹੋਵੇਗੀ। ਸੈਸ਼ਨ ਇਸ ਤੋਂ ਬਾਅਦ 14 ਮਾਰਚ ਨੂੰ ਮੁੜ ਸ਼ੁਰੂ ਹੋਵੇਗਾ ਤੇ 8 ਅਪਰੈਲ ਨੂੰ ਖ਼ਤਮ ਹੋਵੇਗਾ। ਜ਼ਿਕਰਯੋਗ ਹੈ ਕਿ ਬਜਟ ਸੈਸ਼ਨ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਾਲ-ਨਾਲ ਹੋ ਰਿਹਾ ਹੈ। ਸੂਬਿਆਂ ਵਿਚ ਚੋਣਾਂ 10 ਫਰਵਰੀ ਤੋਂ ਸੱਤ ਮਾਰਚ ਤੱਕ ਹੋਣਗੀਆਂ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਇਹ ਇਕੋ ਜਿਹੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਖੇਤੀ ਨਾਲ ਜੁੜੇ ਮੁੱਦੇ ਉਠਾਏਗੀ। ਇਸ ਤੋਂ ਇਲਾਵਾ ਚੀਨੀ 'ਘੁਸਪੈਠ' ਤੇ ਕੋਵਿਡ ਪੀੜਤਾਂ ਲਈ ਪੈਕੇਜ, ਏਅਰ ਇੰਡੀਆ ਦੀ ਵਿਕਰੀ ਤੇ ਪੈਗਾਸਸ ਜਾਸੂਸੀ ਦੇ ਮੁੱਦੇ ਵੀ ਉਠਾਏ ਜਾਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵੱਖ-ਵੱਖ ਮੁਲਾਕਾਤ ਕੀਤੀ ਹੈ। ਇਸ ਮੌਕੇ ਸਦਨਾਂ ਦੀ ਕਾਰਵਾਈ ਨੂੰ ਸੈਸ਼ਨ ਦੌਰਾਨ ਬਿਨਾਂ ਅੜਿੱਕਾ ਚਲਾਉਣ ਉਤੇ ਵਿਚਾਰ-ਚਰਚਾ ਹੋਈ। -ਪੀਟੀਆਈ

ਸਰਕਾਰ ਨੇ ਪੈਗਾਸਸ ਮੁੱਦੇ 'ਤੇ ਝੂਠ ਬੋਲਿਆ: ਅਧੀਰ ਰੰਜਨ

ਨਵੀਂ ਦਿੱਲੀ: ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਪੈਗਾਸਸ ਮੁੱਦੇ 'ਤੇ ਸੰਸਦ ਦੇ ਹੇਠਲੇ ਸਦਨ ਨੂੰ ਕਥਿਤ ਰੂਪ ਨਾਲ ਗੁਮਰਾਹ ਕਰਨ 'ਤੇ ਸੂਚਨਾ ਤਕਨੀਕ ਮੰਤਰੀ ਅਸ਼ਵਿਨੀ ਵੈਸ਼ਨਵ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇਤਾ ਨੇ ਇਸ ਬਾਰੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਹਥਿਆਰਾਂ ਦੀ ਖ਼ਰੀਦ ਲਈ ਦੋ ਅਰਬ ਅਮਰੀਕੀ ਡਾਲਰ ਦੇ ਪੈਕੇਜ ਦੇ ਹਿੱਸੇ ਦੇ ਰੂਪ 'ਚ 2017 ਵਿਚ ਇਜ਼ਰਾਇਲੀ ਸਾਫਟਵੇਅਰ ਖ਼ਰੀਦਿਆ ਸੀ। ਚੌਧਰੀ ਨੇ ਕਿਹਾ ਕਿ ਸਰਕਾਰ ਨੇ ਸਦਨ ਵਿਚ ਹਮੇਸ਼ਾ ਇਹੀ ਕਿਹਾ ਕਿ ਉਸ ਦਾ ਪੈਗਾਸਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਰਕਾਰ ਨੇ ਐਨਐੱਸਓ ਕੰਪਨੀ ਤੋਂ ਕਦੇ ਵੀ ਇਹ ਸਪਾਈਵੇਅਰ ਨਹੀਂ ਖ਼ਰੀਦਿਆ ਹੈ। ਕਾਂਗਰਸ ਆਗੂ ਨੇ ਆਪਣੇ ਪੱਤਰ ਵਿਚ ਲੋਕ ਸਭਾ ਸਪੀਕਰ ਨੂੰ ਕਿਹਾ, 'ਨਿਊ ਯਾਰਕ ਟਾਈਮਜ਼ ਦੇ ਹਾਲੀਆ ਖੁਲਾਸੇ ਤੋਂ ਅਜਿਹਾ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਸੰਸਦ ਤੇ ਸੁਪਰੀਮ ਕੋਰਟ ਨੂੰ ਗੁਮਰਾਹ ਕੀਤਾ ਹੈ ਤੇ ਦੇਸ਼ ਦੀ ਜਨਤਾ ਨੂੰ ਝੂਠ ਬੋਲਿਆ। ਇਸ ਲਈ ਆਈਟੀ ਮੰਤਰੀ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਂਦਾ ਜਾਵੇ। ਚੌਧਰੀ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਝੂਠ ਬੋਲਿਆ, ਜਦ ਇਸ ਨੂੰ ਪੈਗਾਸਸ ਦੀ ਖ਼ਰੀਦ ਤੇ ਵਰਤੋਂ ਬਾਰੇ ਸਿੱਧੇ ਸਵਾਲ ਪੁੱਛੇ ਗਏ ਸਨ। ਕਾਂਗਰਸ ਨੇਤਾ ਨੇ ਜ਼ਿਕਰ ਕੀਤਾ ਕਿ ਆਪਣੇ ਹਲਫ਼ਨਾਮੇ ਵਿਚ ਸਰਕਾਰ ਨੇ ਪੈਗਾਸਸ ਮਾਮਲੇ ਵਿਚ ਉਸ ਦੇ ਖ਼ਿਲਾਫ਼ 'ਕਿਸੇ ਵੀ ਜਾਂ ਸਾਰੇ ਦੋਸ਼ਾਂ' ਤੋਂ ਇਨਕਾਰ ਕੀਤਾ ਹੈ। -ਪੀਟੀਆਈ



Most Read

2024-09-23 12:17:01