Breaking News >> News >> The Tribune


ਗੋਆ ਵਾਸੀਆਂ ਨੇ ‘ਸੁਨਹਿਰੀ ਗੋਆ’ ਤੇ ‘ਗਾਂਧੀ ਪਰਿਵਾਰ ਦੇ ਗੋਆ’ ’ਚੋਂ ਕਰਨੀ ਹੈ ਚੋਣ: ਸ਼ਾਹ


Link [2022-01-31 05:14:05]



ਪੋਂਡਾ (ਗੋਆ), 30 ਜਨਵਰੀ

ਗੋਆ ਵਿਚ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਗੋਆ ਵਾਸੀਆਂ ਨੂੰ ਭਾਜਪਾ ਦੇ 'ਸੁਨਹਿਰੀ ਗੋਆ' ਅਤੇ ਕਾਂਗਰਸ ਦੇ 'ਗਾਂਧੀ ਪਰਿਵਾਰ ਦੇ ਗੋਆ' ਵਿੱਚੋਂ ਕਿਸੇ ਇਕ ਦੀ ਚੋਣ ਕਰਨੀ ਹੈ। ਉਨ੍ਹਾਂ ਕਿਹਾ ਕਿ ਇਸ ਤੱਟਵਰਤੀ ਸੂਬੇ ਦੇ ਵਿਕਾਸ ਲਈ ਸਿਰਫ਼ ਭਾਜਪਾ ਹੀ ਸਿਆਸੀ ਸਥਿਰਤਾ ਮੁਹੱਈਆ ਕਰਵਾ ਸਕਦੀ ਹੈ। ਉਹ ਇੱਥੇ ਸੂਬੇ ਦੀ ਰਾਜਧਾਨੀ ਪਣਜੀ ਤੋਂ ਕਰੀਬ 30 ਕਿਲੋਮੀਟਰ ਦੂਰ ਇਕ ਮੀਟਿੰਗ ਹਾਲ ਵਿਚ ਇਕ ਭਾਜਪਾ ਉਮੀਦਵਾਰ ਦੇ ਹੱਕ 'ਚ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਆਗਾਮੀ 14 ਫਰਵਰੀ ਨੂੰ ਗੋਆ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਸ੍ਰੀ ਸ਼ਾਹ ਨੇ ਕਿਹਾ, ''ਕਾਂਗਰਸ ਦਾ ਗਾਂਧੀ ਪਰਿਵਾਰ ਗੋਆ ਨੂੰ ਆਪਣੇ ਸੈਰ-ਸਪਾਟੇ ਵਾਲੇ ਸਥਾਨ ਦੀ ਤਰ੍ਹਾਂ ਸਮਝਦਾ ਹੈ। ਉਹ ਅਕਸਰ ਇੱਥੇ ਆਉਂਦੇ ਰਹਿੰਦੇ ਹਨ। ਪਰ ਭਾਜਪਾ ਸਾਬਕਾ ਮੁੱਖ ਮੰਤਰੀ ਮਰਹੂਮ ਮਨੋਹਰ ਪਰੀਕਰ ਦੇ 'ਸੁਨਹਿਰੇ ਗੋਆ' ਦੇ ਸੁਫ਼ਨੇ ਨੂੰ ਪੂਰਾ ਕਰ ਰਹੀ ਹੈ। ਲੋਕਾਂ ਨੂੰ ਭਾਜਪਾ ਦੇ 'ਸੁਨਹਿਰੀ ਗੋਆ' ਅਤੇ ਕਾਂਗਰਸ ਦੇ 'ਗਾਂਧੀ ਪਰਿਵਾਰ ਦੇ ਗੋਆ' ਵਿੱਚੋਂ ਕਿਸੇ ਇਕ ਦੀ ਚੋਣ ਕਰਨੀ ਹੈ।''

ਅਗਲੇ ਮਹੀਨੇ ਹੋਣ ਜਾ ਰਹੀਆਂ ਗੋਆ ਵਿਧਾਨ ਸਭਾ ਚੋਣਾਂ ਲੜਨ ਲਈ ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸੇਧਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਇਹ ਪਾਰਟੀਆਂ ਸਿਰਫ਼ ਆਪਣਾ ਆਧਾਰ ਵਧਾਉਣ ਜਾਂ ਕੌਮੀ ਮਾਨਤਾ ਲੈਣ ਲਈ ਚੋਣ ਮੈਦਾਨ ਵਿਚ ਕੁੱਦੀਆਂ ਹਨ।

ਉਨ੍ਹਾਂ ਕਿਹਾ, ''ਇਹ ਪਾਰਟੀਆਂ ਇੱਥੇ ਸਰਕਾਰ ਨਹੀਂ ਬਣਾ ਸਕਦੀਆਂ। ਉਹ ਸਿਰਫ਼ ਭਾਜਪਾ ਹੈ ਜੋ ਇੱਥੇ ਸਰਕਾਰ ਬਣਾ ਸਕਦੀ ਹੈ। ਜਦੋਂ ਤੱਕ ਇੱਥੇ ਸਿਆਸੀ ਸਥਿਰਤਾ ਨਹੀਂ ਆਉਂਦੀ, ਉਦੋਂ ਤੱਕ ਵਿਕਾਸ ਵੀ ਨਹੀਂ ਹੋ ਸਕਦਾ।''

ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਵਿਚ ਭਾਜਪਾ ਸਰਕਾਰ ਨੇ ਗੋਆ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਇਹ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੈ। ਕਾਂਗਰਸ ਅਤੇ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੂੰ ਕਰਾਰੇ ਹੱਥੀਂ ਲੈਂਦਿਆਂ ਸ਼ਾਹ ਨੇ ਕਿਹਾ ਕਿ ਕਾਮਤ ਦੇ ਕਾਰਜਕਾਲ ਵਿਚ ਗੋਆ ਭ੍ਰਿਸ਼ਟਾਚਾਰ, ਅਸਥਿਰਤਾ ਅਤੇ ਅਵਿਵਸਥਾ ਲਈ ਬਦਨਾਮ ਸੀ। ਕਾਂਗਰਸੀ ਆਗੂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਨੂੰ 'ਮੋਦੀ-ਫੋਬੀਆ' ਹੋ ਗਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਲਈ ਛੋਟੇ ਰਾਜਾਂ ਦਾ ਵਿਕਾਸ ਤਰਜੀਹ ਹੈ ਅਤੇ ਕੇਂਦਰ ਨੇ ਇਸ ਤੱਟਵਰਤੀ ਸੂਬੇ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਹੈ। ਸ੍ਰੀ ਸ਼ਾਹ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਉਮੀਦਵਾਰ ਰਵੀ ਨਾਇਕ ਲਈ ਚੋਣ ਪ੍ਰਚਾਰ ਕਰ ਰਹੇ ਸਨ। ਰਵੀ ਨਾਇਕ ਹਾਲ ਹੀ ਵਿਚ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। -ਪੀਟੀਆਈ



Most Read

2024-09-23 12:25:53