Breaking News >> News >> The Tribune


ਯੂਪੀ ਚੋਣਾਂ: ਆਰਐਲਡੀ ਦੇ ਉਮੀਦਵਾਰ ਨੂੰ ਨੋਟਿਸ ਜਾਰੀ


Link [2022-01-31 05:14:05]



ਨੋਇਡਾ, 30 ਜਨਵਰੀ

ਪੁਲੀਸ ਅਨੁਸਾਰ ਯੂਪੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਜੇਵਰ ਹਲਕੇ ਵਿਚ ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਉਮੀਦਵਾਰ ਅਵਤਾਰ ਸਿੰਘ ਭਡਾਣਾ ਨੂੰ ਕਥਿਤ ਤੌਰ 'ਤੇ ਚੋਣ ਜ਼ਾਬਤੇ ਅਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ। ਗਰੇਟਰ ਨੋਇਡਾ ਦੇ ਡਿਪਟੀ ਕਮਿਸ਼ਨਰ ਪੁਲੀਸ ਅਮਿਤ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੇ ਆਧਾਰ 'ਤੇ ਆਰਐਲਡੀ ਦੇ ਉਮੀਦਵਾਰ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲੀਸ ਨੇ ਇਸ ਸਬੰਧੀ ਸਥਾਨਕ ਚੋਣ ਅਧਿਕਾਰੀ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਇਸ ਵੀਡੀਓ ਵਿਚ ਜੇਵਰ ਹਲਕੇ ਦੇ ਪਿੰਡ ਵਿਚ ਭਡਾਣਾ ਦੇ ਸਮਰਥਕ ਵੱਡੀ ਗਿਣਤੀ ਇਕੱਠੇ ਦਿਖਾਈ ਦੇ ਰਹੇ ਹਨ ਜਦੋਂਕਿ ਚੋਣ ਕਮਿਸ਼ਨ ਵੱਲੋਂ ਵੱਡੇ ਇਕੱਠ ਵਾਲੀਆਂ ਰੈਲੀਆਂ 'ਤੇ ਰੋਕ ਲਾਈ ਗਈ ਹੈ। ਇਸ ਦੌਰਾਨ ਉਮੀਦਵਾਰ 10 ਸਮਰਥਕਾਂ ਸਣੇ ਹੀ ਪ੍ਰਚਾਰ ਕਰ ਸਕਦਾ ਹੈ। ਇਹ ਵੀਡੀਓ 26 ਜਨਵਰੀ ਨੂੰ ਰਿਕਾਰਡ ਕੀਤਾ ਗਿਆ ਸੀ। ਇਸ ਵਿਚ ਕਥਿਤ ਤੌਰ 'ਤੇ ਸਮਰਥਕਾਂ 'ਤੇ ਨੋਟ ਸੁੱਟੇ ਜਾ ਰਹੇ ਹਨ ਤੇ ਡੀਜੇ ਵੀ ਚੱਲ ਰਿਹਾ ਸੀ।

ਡੀਸੀਪੀ ਨੇ ਕਿਹਾ ਕਿ ਇਸ ਵਿਚ ਭਡਾਣਾ ਵੱਡੇ ਇਕੱਠ ਵਿਚ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ। ਪਹਿਲੀ ਨਜ਼ਰੇ ਇਹ ਚੋਣ ਜ਼ਾਬਤੇ ਅਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਹੈ। ਇਹ ਮਾਮਲਾ ਦਨਕੌਰ ਥਾਣਾ ਮੁਖੀ ਨੇ ਰਿਟਰਨਿੰਗ ਅਫ਼ਸਰ ਦੇ ਧਿਆਨ ਵਿਚ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਇਸ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ



Most Read

2024-09-23 12:24:02