Breaking News >> News >> The Tribune


ਪੈਗਾਸਸ ਮਾਮਲੇ ’ਚ ਕੇਂਦਰ ਦੀ ਚੁੱਪ ਚਿੰਤਾਜਨਕ: ਮਾਇਆਵਤੀ


Link [2022-01-31 05:14:05]



ਲਖਨਊ, 30 ਜਨਵਰੀ

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪੈਗਾਸਸ ਮਾਮਲੇ 'ਤੇ ਕੇਂਦਰ ਦੀ ਚੁੱਪ 'ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਕ ਅਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਵਿਵਾਦ 'ਤੇ ਤਸੱਲੀਬਖ਼ਸ਼ ਜਵਾਬ ਦੇਵੇ। ਉਨ੍ਹਾਂ ਨੇ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਦੇ 'ਸੁਪਾਰੀ ਮੀਡੀਆ' ਬਾਰੇ ਦਿੱਤੇ ਬਿਆਨ ਦੀ ਵੀ ਨਿਖੇਧੀ ਕੀਤੀ ਹੈ।

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਹਿੰਦੀ ਵਿਚ ਕੀਤੇ ਟਵੀਟ ਵਿਚ ਕਿਹਾ ਹੈ ਕਿ ਪੈਗਾਸਸ ਜਾਸੂਸੀ ਕੇਸ ਨੇ ਕੇਂਦਰ ਸਰਕਾਰ ਅਤੇ ਭਾਜਪਾ ਦੀ ਨੀਂਦ ਉਡਾ ਦਿੱਤੀ ਹੈ। ਇਸ ਗੰਭੀਰ ਮਾਮਲੇ ਵਿਚ ਲਗਾਤਾਰ ਨਵੇਂ ਖ਼ੁਲਾਸੇ ਹੋਏ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਆਪਣੀ ਜ਼ਿੰਮੇਵਾਰੀ ਸਮਝਦਿਆਂ ਤਸੱਲੀਬਖਸ਼ ਜਵਾਬ ਦੇਣ ਦੀ ਥਾਂ ਚੁੱਪ ਵੱਟੀ ਹੋਈ ਹੈ। ਇਹ ਨਵੇਂ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈ।ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ 'ਸਰਕਾਰ ਦੀ ਸੋਚ ਦਾ ਦਾਇਰਾ ਤੰਗ ਹੈ''। ਉਨ੍ਹਾਂ ਲਿਖਿਆ ਕਿ ਪੈਗਾਸਸ ਕੇਸ ਵਿੱਚ ਮੈਕਸੀਕੋ, ਪੋਲੈਂਡ ਅਤੇ ਹੰਗਰੀ ਵਰਗੇ ਦੇਸ਼ਾਂ ਦੇ ਨਾਲ ਭਾਰਤ ਦਾ ਨਾਂ ਆਉਣਾ ਫ਼ਿਕਰ ਵਾਲੀ ਗੱਲ ਹੈ। ਅਮਰੀਕੀ ਅਖ਼ਬਾਰ 'ਦਿ ਨਿਊਯਾਰਕ ਟਾਈਮਜ਼' ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਇਜ਼ਰਾਈਲ ਨਾਲ ਦੋ ਅਰਬ ਡਾਲਰ ਦੇ ਰੱਖਿਆ ਸੌਦੇ ਤਹਿਤ 2017 ਵਿੱਚ ਪੈਗਾਸਸ ਸਪਾਈਵੇਅਰ ਖ਼ਰੀਦਿਆ ਸੀ। ਇਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਧਿਰ ਨੇ ਸਰਕਾਰ 'ਤੇ ਗ਼ੈਰ-ਕਾਨੂੰਨੀ ਜਾਸੂਸੀ ਦਾ ਦੋਸ਼ ਲਗਾਇਆ ਅਤੇ ਇਸ ਨੂੰ 'ਦੇਸ਼ਧ੍ਰੋਹ' ਕਰਾਰ ਦਿੱਤਾ। ਹਾਲਾਂਕਿ ਸਰਕਾਰ ਨੇ ਇਸ ਮੁੱਦੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਸਬੰਧੀ ਸਾਬਕਾ ਫ਼ੌਜ ਮੁਖੀ ਤੇ ਮੌਜੂਦਾ ਮੰਤਰੀ ਜਨਰਲ ਵੀਕੇ ਸਿੰਘ ਨੇ ਟਵੀਟ ਕੀਤਾ ਸੀ। -ਪੀਟੀਆਈ

ਯੂਪੀ ਚੋਣਾਂ: ਬਸਪਾ ਨੇ ਅੱਠ ਹੋਰ ਉਮੀਦਵਾਰ ਐਲਾਨੇ

ਲਖਨਊ: ਯੂਪੀ ਵਿਚ ਚੌਥੇ ਗੇੜ ਦੀਆਂ ਚੋਣਾਂ ਲਈ ਬਸਪਾ ਨੇ ਅੱਠ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਵਿਚ ਉਨਾਓ ਤੋਂ ਦੋ ਉਮੀਦਵਾਰਾਂ ਨੂੰ ਬਦਲਿਆ ਵੀ ਗਿਆ ਹੈ। 23 ਫਰਵਰੀ ਨੂੰ ਹੋਣ ਵਾਲੀਆਂ ਚੌਥੇ ਗੇੜ ਦੀਆਂ ਚੋਣਾਂ ਦੌਰਾਨ ਨੌਂ ਜ਼ਿਲ੍ਹਿਆਂ ਵਿਚ 59 ਸੀਟਾਂ ਲਈ ਵੋਟਾਂ ਪੈਣਗੀਆਂ। ਬਸਪਾ ਵੱਲੋਂ ਐਤਵਾਰ ਨੂੰ ਜਾਰੀ ਸੂਚੀ ਵਿਚ ਪੀਲੀਭੀਤ, ਸੀਤਾਪੁਰ, ਹਰਦੋਈ ਅਤੇ ਉਨਾਓ ਜ਼ਿਲ੍ਹਿਆਂ ਵਿਚ ਅੱਠ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਉਨਾਓ ਦੇ ਮੋਹਨ (ਰਾਖਵਾਂ) ਤੋਂ ਸੇਵਕ ਲਾਲ ਰਾਵਤ ਅਤੇ ਭਗਵੰਤ ਨਗਰ ਤੋਂ ਬ੍ਰਿਜਕਿਸ਼ੋਰ ਵਰਮਾ ਨੂੰ ਬਦਲ ਕੇ ਹੁਣ ਕ੍ਰਮਵਾਰ ਵਿਨੈ ਚੌਧਰੀ ਅਤੇ ਪ੍ਰੇਮ ਸਿੰਘ ਚੰਡੇਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸ਼ੁੱਕਰਵਾਰ ਨੂੰ ਵੀ ਚੌਥੇ ਗੇੜ ਦੀਆਂ ਚੋਣਾਂ ਲਈ ਪਾਰਟੀ ਵੱਲੋਂ 53 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। -ਪੀਟੀਆਈ



Most Read

2024-09-23 12:24:39